ਅਸਟਰੇਲੀਆ ‘ਚ ਵਰ੍ਹ ਰਿਹੈ ਅੱਗ ਦਾ ਕਹਿਰ

Fire rages in Australia annually

ਅਸਟਰੇਲੀਆ ‘ਚ ਵਰ੍ਹ ਰਿਹੈ ਅੱਗ ਦਾ ਕਹਿਰ

ਲਗਭਗ ਡੇਢ ਮਹੀਨੇ ਤੋਂ ਅਸਟਰੇਲੀਆ ਵਿੱਚ ਲੱਗੀਆਂ ਹੋਈਆਂ ਭਿਆਨਕ ਅੱਗਾਂ ਨੇ ਦੇਸ਼ ਦੇ ਕਈ ਸੂਬਿਆਂ ਨੂੰ ਲਗਭਗ ਤਬਾਹ ਕਰ ਕੇ ਰੱਖ ਦਿੱਤਾ ਹੈ। ਹੁਣ ਤੱਕ ਇੱਕ ਫਾਇਰ ਫਾਈਟਰ ਸਮੇਤ 30 ਵਿਅਕਤੀਆਂ ਦੀ ਸੜਨ ਕਾਰਨ ਮੌਤ ਹੋ ਗਈ ਹੈ ਤੇ 30000 ਤੋਂ ਵਧੇਰੇ ਘਰ ਇਸ ਦੀ ਭੇਂਟ ਚੜ੍ਹ ਚੁੱਕੇ ਹਨ। ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਇਸ ਅੱਗ ‘ਤੇ ਕਾਬੂ ਪਾਉਣ ਲਈ ਦਿਨ-ਰਾਤ ਜੂਝ ਰਹੀਆਂ ਹਨ। ਯੂਰਪੀ ਯੂਨੀਅਨ, ਇੰਗਲੈਂਡ, ਕੈਨੇਡਾ ਤੇ ਅਮਰੀਕਾ ਨੇ ਆਪਣੇ ਹਜ਼ਾਰਾਂ ਫਾਇਰ ਫਾਈਟਰ ਇਸ ਅੱਗ ਨੂੰ ਕੰਟਰੋਲ ਕਰਨ ਲਈ ਭੇਜੇ ਹੋਏ ਹਨ। ਪਰ ਕਹਿਰ ਦੀ ਗਰਮੀ, ਤੇਜ਼ ਹਵਾਵਾਂ, ਸੋਕੇ ਤੇ ਗਲੋਬਲ ਵਾਰਮਿੰਗ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਯਾਦ ਰਹੇ ਕਿ ਅਸਟਰੇਲੀਆ ਦਾ ਮੌਸਮ ਸਾਰੀ ਦੁਨੀਆਂ ਤੋਂ ਉਲਟਾ ਤੇ ਬੇਹੱਦ ਖੁਸ਼ਕ ਹੈ।

ਇਸ ਸਮੇਂ ਕਰੀਬ ਅੱਧੇ ਅਸਟਰੇਲੀਆ ਵਿੱਚ ਭਾਂਬੜ ਮੱਚ ਰਹੇ ਹਨ ਪਰ ਨਿਊ ਸਾਊਥ ਵੇਲਜ਼ ਸੂਬੇ ਦੇ ਹਾਲਾਤ ਸਭ ਤੋਂ ਬੁਰੇ ਹਨ। ਅਸਟਰੇਲੀਆ ਦਾ ਸਭ ਤੋਂ ਵੱਡਾ ਜੰਗਲ, ਬਲਿਊ ਮਾਊਂਟੇਨ ਨੈਸ਼ਨਲ ਪਾਰਕ ਅੱਗ ਨੇ ਸਵਾਹ ਦਾ ਢੇਰ ਬਣਾ ਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿ ਮੈਲਬੌਰਨ ਤੇ ਸਿਡਨੀ ਵਰਗੇ ਸ਼ਹਿਰਾਂ ਦੇ ਕਈ ਹਿੱਸੇ ਲੋਕਾਂ ਤੋਂ ਖਾਲੀ ਕਰਾਉਣੇ ਪਏ ਹਨ। ਦਸੰਬਰ ਦੌਰਾਨ ਸਿਡਨੀ ਵਿੱਚ ਵਾਤਾਵਰਨ ਗੁਣਵੱਤਾ ਸਭ ਨਾਲੋਂ ਖਤਰਨਾਕ ਹੱਦ ਤੋਂ ਵੀ 11 ਗੁਣਾ ਵੱਧ ਜ਼ਹਿਰੀਲੀ ਪਾਈ ਗਈ ਤੇ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ ਸਨ। ਮਹੀਨਿਆਂ ਤੋਂ ਬਲ਼ ਰਹੀਆਂ ਇਹ ਅੱਗਾਂ ਸੈਂਕੜੇ ਮੀਲਾਂ ਤੱਕ ਫੈਲ ਗਈਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਤਾਂ ਅਜੇ ਵੀ 250 ਥਾਵਾਂ ‘ਤੇ ਅੱਗ ਦੇ ਭਾਂਬੜ ਬਲ਼ ਰਹੇ ਹਨ।

ਸਿਰਤੋੜ ਕੋਸ਼ਿਸ਼ਾਂ ਦੇ ਬਾਵਜੂਦ ਅਸਟਰੇਲੀਆ ਵਰਗਾ ਵਿਕਸਿਤ ਦੇਸ਼ ਵੀ ਇਨ੍ਹਾਂ ਦਾ ਕੋਈ ਹੱਲ ਨਹੀਂ ਲੱਭ ਸਕਿਆ

ਸਿਰਤੋੜ ਕੋਸ਼ਿਸ਼ਾਂ ਦੇ ਬਾਵਜੂਦ ਅਸਟਰੇਲੀਆ ਵਰਗਾ ਵਿਕਸਿਤ ਦੇਸ਼ ਵੀ ਇਨ੍ਹਾਂ ਦਾ ਕੋਈ ਹੱਲ ਨਹੀਂ ਲੱਭ ਸਕਿਆ। ਹਰੇਕ ਸਾਲ ਅਰਬਾਂ ਡਾਲਰ ਦੀ ਸੰਪੱਤੀ ਤੇ ਅਨਮੋਲ ਜਾਨਾਂ ਇਸ ਦੀ ਭੇਂਟ ਚੜ੍ਹ ਜਾਂਦੀਆਂ ਹਨ। ਗਰਮੀਆਂ ਵਿੱਚ ਪੈਣ ਵਾਲਾ ਸੋਕਾ, ਤਪਸ਼, ਅਸਮਾਨੀ ਬਿਜਲੀ ਤੇ ਝੱਖੜਾਂ ਕਾਰਨ ਅੱਗ ਜਲਦੀ ਹੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ। ਲੱਕੜ ਦੇ ਘਰ ਮਾਚਿਸ ਦੀਆਂ ਤੀਲੀਆਂ ਵਾਂਗ ਬਲ਼ ਉੱਠਦੇ ਹਨ। ਸਭ ਤੋਂ ਵੱਧ ਅੱਗਾਂ ਅਸਮਾਨੀ ਬਿਜਲੀ ਕਾਰਨ ਲੱਗਦੀਆਂ ਹਨ।

ਜਨਵਰੀ ਦੇ ਸ਼ੁਰੂ ਵਿੱਚ ਵਿਕਟੋਰੀਆ ਸੂਬੇ ਦੇ ਈਸਟ ਗਿਪਸਲੈਂਡ ਸ਼ਹਿਰ ਨਜ਼ਦੀਕ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ ਸਿਰਫ ਤਿੰਨ ਘੰਟਿਆਂ ‘ਚ ਹੀ 35 ਕਿ.ਮੀ. ਇਲਾਕੇ ਵਿੱਚ ਫੈਲ ਗਈ ਸੀ। ਅਸਟਰੇਲੀਆ ਦੇ ਬਹੁਤ ਸਾਰੇ ਮਾਨਸਿਕ ਵਿਕਾਰਾਂ ਵਾਲੇ ਲੋਕ ਵੀ ਅੱਗਾਂ ਸ਼ੁਰੂ ਕਰਨ ਲਈ ਜ਼ਿੰਮੇਵਾਰ ਹਨ। ਪਿਛਲੇ ਸਾਲ ਅਜਿਹੇ 3 ਨੌਜਵਾਨ ਅੱਗ ਲਾਉਣ ਵੇਲੇ ਚੱਲ ਰਹੀ ਹਨ੍ਹੇਰੀ ਕਾਰਨ ਖੁਦ ਹੀ ਸੜ ਕੇ ਮਰ ਗਏ ਸਨ। 2019 ਤੇ 2020 ਦੌਰਾਨ ਪੁਲਿਸ ਨੇ 2150 ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੁਆਰਾ ਜਾਣ-ਬੁੱਝ ਕੇ ਲਾਈਆਂ ਅੱਗਾਂ ਨੇ ਕਰੋੜਾਂ ਦੀ ਸੰਪੱਤੀ ਨਸ਼ਟ ਕੀਤੀ ਤੇ ਹਜ਼ਾਰਾਂ ਲੋਕਾਂ ਦੀ ਜਾਨ ਖਤਰੇ ‘ਚ ਪਾਈ। 11 ਜਨਵਰੀ 2009 ਨੂੰ ਵਿਕਟੋਰੀਆ ਸੂਬੇ ‘ਚ ਵਾਪਰਿਆ ਬਲੈਕ ਸ਼ਨੀਵਾਰ ਅਜੇ ਵੀ ਲੋਕਾਂ ਦੀ ਯਾਦ ਵਿੱਚ ਤਾਜ਼ਾ ਹੈ। ਉਸ ਦਿਨ ਜੰਗਲ ਦੀ ਅੱਗ ਨੇ ਪਲਾਂ ਵਿੱਚ ਹੀ ਇੱਕ ਪੂਰਾ ਪਿੰਡ ਤਬਾਹ ਕਰ ਦਿੱਤਾ ਤੇ 175 ਇਨਸਾਨਾਂ ਦੀ ਜਾਨ ਲੈ ਲਈ।

ਤਾਪਮਾਨ ਭਾਰਤ ਨਾਲੋਂ ਵੀ ਵੱਧ, 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ

ਇਸ ਸਾਲ ਅਸਟਰੇਲੀਆ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸੋਕਾ ਚੱਲ ਰਿਹਾ ਹੈ। ਵਗ ਰਹੀਆਂ ਖੁਸ਼ਕ ਗਰਮ ਹਵਾਵਾਂ ਅੱਗ ਨੂੰ ਹੋਰ ਅਨੁਕੂਲ ਹਾਲਾਤ ਪ੍ਰਦਾਨ ਕਰ ਰਹੀਆਂ ਹਨ। ਅੱਗ ਸਾਰੇ ਪਾਸੇ ਵਧਦੀ ਹੀ ਜਾ ਰਹੀ ਹੈ। ਤਾਪਮਾਨ ਭਾਰਤ ਨਾਲੋਂ ਵੀ ਵੱਧ, 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਗਾਂ ਸ਼ੁਰੂ ਹੋਣ ਵੇਲੇ ਅਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਹਵਾਈ ਟਾਪੂਆਂ ‘ਚ ਛੁੱਟੀਆਂ ਮਨੇ ਰਹੇ ਸਨ। ਇਸ ਦੀ ਮੀਡੀਆ ਵਿੱਚ ਐਨੀ ਨੁਕਤਾਚੀਨੀ ਹੋਈ ਕਿ ਉਨ੍ਹਾਂ ਨੂੰ ਛੁੱਟੀਆਂ ਰੱਦ ਕਰ ਕੇ ਵਾਪਸ ਆਉਣ ਪਿਆ ਤੇ ਦੇਸ਼ ਤੋਂ ਮੁਆਫੀ ਮੰਗਣੀ ਪਈ।

 ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਇਸ ਅੱਗ ਨੇ ਭਸਮ ਕਰ ਦਿੱਤੇ ਹਨ। ਜਿਆਦਾ ਅੱਗ ਵਾਲੇ ਸੂਬਿਆਂ ਨਿਊ ਸਾਊਥ ਵੇਲਜ਼, ਵਿਕੋਟਰੀਆ, ਸਾਊਥ ਆਸਟਰੇਲੀਆ, ਵੈਸਟ ਆਸਟਰੇਲੀਆ, ਤਸਮਾਨੀਆਂ ਅਤੇ ਕੂਈਨਜ਼ਲੈਂਡ ਦਾ 18 ਕਰੋੜ ਏਕੜ ਖੇਤਰਫਲ ਸੜ ਕੇ ਸੁਆਹ ਹੋ ਗਿਆ ਹੈ। ਸਭ ਤੋਂ ਵੱਧ ਤਬਾਹੀ ਝੱਲ ਰਹੇ ਨਿਊ ਸਾਊਥ ਵੇਲਜ਼ ਸੂਬੇ ਦਾ 7 ਕਰੋੜ 21 ਲੱਖ ਏਕੜ ਤੋਂ ਵੱਧ ਇਲਾਕਾ ਸੜ ਜਾਣ ਕਾਰਨ ਉਸ ਦੀ ਆਰਥਿਕਤਾ ਦਾ ਲੱਕ ਟੁੱਟ ਚੁੱਕਾ ਹੈ। ਹਰ ਸਾਲ ਲੱਗਣ ਵਾਲੀਆਂ ਅੱਗਾਂ ਤੋਂ ਡਰੇ ਹੋਏ ਕਿਸਾਨ ਤੇ ਸਨਅਤਕਾਰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਦੂਸਰੇ ਸੂਬਿਆਂ ਵੱਲ ਹਿਜ਼ਰਤ ਕਰ ਰਹੇ ਹਨ। ਵਾਤਾਵਰਣ ਤਬਦੀਲੀ ਕਾਰਨ 2019 ‘ਚ ਬ੍ਰਾਜ਼ੀਲ ਦੇ ਅਮੇਜ਼ਨ ਜੰਗਲਾਂ ਅਤੇ ਅਮਰੀਕਾ ਦੇ ਕੈਲੀਫੋਰਨੀਆਂ ਸੂਬੇ ਵਿੱਚ ਵੀ ਭਿਆਨਕ ਅੱਗਾਂ ਲੱਗ ਚੁੱਕੀਆਂ ਹਨ।

ਅਮੇਜ਼ਨ ਦੇ ਜੰਗਲਾਂ ਵਿੱਚ 18 ਕਰੋੜ ਏਕੜ ਅਤੇ ਕੈਲੀਫੋਰਨੀਆਂ ਵਿੱਚ 30 ਲੱਖ ਏਕੜ ਇਲਾਕਾ ਸੜ ਕੇ ਸਵਾਹ ਹੋ ਚੁੱਕਾ ਹੈ।

ਅਮੇਜ਼ਨ ਦੇ ਜੰਗਲਾਂ ਵਿੱਚ 18 ਕਰੋੜ ਏਕੜ ਅਤੇ ਕੈਲੀਫੋਰਨੀਆਂ ਵਿੱਚ 30 ਲੱਖ ਏਕੜ ਇਲਾਕਾ ਸੜ ਕੇ ਸਵਾਹ ਹੋ ਚੁੱਕਾ ਹੈ। ਸਭ ਤੋਂ ਭਿਆਨਕ ਵਿਨਾਸ਼ ਅਣਭੋਲ ਪਸ਼ੂ ਪੰਛੀਆਂ ਨੂੰ ਸਹਿਣਾ ਪੈ ਰਿਹਾ ਹੈ। ਕੋਆਲਾ, ਕੰਗਾਰੂ, ਊਠ, ਸੱਪ, ਜੰਗਲੀ ਕੁੱਤੇ, ਪਾਲਤੂ ਜਾਨਵਰ ਤੇ ਪੰਛੀ, ਲੱਖਾਂ ਦੀ ਗਿਣਤੀ ਵਿੱਚ ਖਤਮ ਹੋ ਗਏ ਹਨ ਤੇ ਉਹਨਾਂ ਦੇ ਕੁਦਰਤੀ ਅਵਾਸ ਤਬਾਹ ਹੋ ਗਏ ਹਨ। ਸਭ ਤੋਂ ਵੱਧ ਨੁਕਸਾਨ ਭੋਲੇ ਭਾਲੇ ਕੋਆਲਾ ਨੂੰ ਝੱਲਣਾ ਪਿਆ ਹੈ। ਉਹਨਾਂ ਦੀ 35% ਤੋਂ ਵੱਧ ਨਸਲ ਖਤਮ ਹੋ ਗਈ ਹੈ। ਅਨੇਕਾਂ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਰੇ ਵਾਲੀ ਸ਼੍ਰੇਣੀ ਵਿੱਚ ਪਹੁੰਚ ਗਈਆਂ ਹਨ।

ਹੁਣ ਤੱਕ ਕੁੱਲ ਮਿਲਾ ਕੇ ਪੰਜ ਕਰੋੜ ਤੋਂ ਵੱਧ ਜਾਨਵਰ ਇਸ ਅੱਗ ਤੋਂ ਪ੍ਰਭਾਵਿਤ ਹੋਏ ਹਨ ਤੇ 50 ਲੱਖ ਤੋਂ ਵੱਧ ਮਾਰੇ ਜਾ ਚੁੱਕੇ ਹਨ। ਡੱਡੂਆਂ, ਰੇਂਗਣ ਵਾਲੇ ਜਾਨਵਰਾਂ ਤੇ ਕੀਟ ਪਤੰਗਿਆਂ ਦੀ ਗਿਣਤੀ ਦਾ ਤਾਂ ਕੋਈ ਹਿਸਾਬ ਹੀ ਨਹੀਂ।

ਹਜ਼ਾਰਾਂ ਵੈਟਨਰੀ ਡਾਕਟਰ ਅਤੇ ਵਾਲੰਟੀਅਰ ਜ਼ਖਮੀ ਜਾਨਵਰਾਂ ਦਾ ਇਲਾਜ ਕਰ ਰਹੇ ਹਨ। ਪਰ ਕਈ ਜਾਨਵਰ ਐਨੇ ਜਿਆਦਾ ਜ਼ਖਮੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਰਹਿਮ ਦੇ ਅਧਾਰ ‘ਤੇ ਖਤਮ ਕੀਤਾ ਜਾ ਰਿਹਾ ਹੈ। ਜਾਨਵਰਾਂ ਦੇ ਕੁਦਰਤੀ ਅਵਾਸ ਅਤੇ ਘਾਹ ਝਾੜੀਆਂ ਖਤਮ ਹੋਣ ਕਾਰਨ ਉਹਨਾਂ ਦੇ ਭੁੱਖੇ ਮਰਨ ਦਾ ਖਤਰਾ ਪੈਦਾ ਹੋ ਗਿਆ ਹੈ। ਹੁਣ ਜਾਨਵਰਾਂ ਨੂੰ ਬਚਾਉਣ ਲਈ ਹੈਲੀਕਾਪਟਰਾਂ ਰਾਹੀਂ ਲੱਖਾਂ ਟਨ ਸਬਜ਼ੀਆਂ, ਪੱਠੇ ਤੇ ਹੋਰ ਚਾਰਾ ਜੰਗਲਾਂ ਵਿੱਚ ਸੁੱਟਿਆ ਜਾ ਰਿਹਾ ਹੈ।

30 ਕਰੋੜ ਡਾਲਰ (ਕਰੀਬ 2200 ਕਰੋੜ ਰੁਪਏ) ਮਨਜ਼ੂਰ ਕੀਤੇ

ਸਰਕਾਰੀ ਏਜੰਸੀਆਂ ਅਤੇ ਅਧਿਕਾਰੀ ਮਹੀਨਿਆਂ ਤੋਂ ਇਸ ਨਰਕ ਦੀ ਅੱਗ ਵਰਗੀ ਮੁਸੀਬਤ ਨਾਲ ਜੂਝ ਰਹੇ ਹਨ। ਲਗਭਗ ਅੱਧੇ ਆਸਟਰੇਲੀਆ ਵਿੱਚ ਹੰਗਾਮੀ ਸਥਿੱਤੀ ਲਾਗੂ ਕਰ ਦਿੱਤੀ ਗਈ ਹੈ। ਵਿਸਥਾਪਿਤ ਹੋਏ ਲੋਕਾਂ ਨੂੰ ਰਿਹਾਇਸ਼, ਕੱਪੜਾ, ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। 20000 ਤੋਂ ਵੱਧ ਅਗਨੀ ਸ਼ਮਨ ਅਧਿਕਾਰੀ, ਪੁਲਿਸ ਮੈਨ, ਸੈਨਿਕ, ਵਾਲੰਟੀਅਰ, ਹਜ਼ਾਰਾਂ ਫਾਇਰ ਟੈਂਕਰ ਅਤੇ ਸੈਂਕੜੇ ਹਵਾਈ ਜਹਾਜ਼ ਤੇ ਹੈਲੀਕਾਪਟਰ ਅੱਗ ‘ਤੇ ਲਗਾਤਾਰ ਪਾਣੀ ਅਤੇ ਕੈਮੀਕਲ ਸੁੱਟ ਰਹੇ ਹਨ।

ਸਰਕਾਰ ਨੇ ਰਾਹਤ ਕਾਰਜਾਂ ਅਤੇ ਸਕੂਲ-ਹਸਪਤਾਲਾਂ ਆਦਿ ਦੀ ਮੁੜ ਉਸਾਰੀ ਲਈ 30 ਕਰੋੜ ਡਾਲਰ (ਕਰੀਬ 2200 ਕਰੋੜ ਰੁਪਏ) ਮਨਜ਼ੂਰ ਕੀਤੇ ਹਨ। ਪੰਜਾਬੀਆਂ, ਖਾਸ ਤੌਰ ‘ਤੇ ਸਿੱਖਾਂ ਨੇ ਅਜਿਹੇ ਸਮੇਂ ਮੱਦਦ ਲਈ ਅੱਗੇ ਆ ਕੇ ਅਸਟਰੇਲੀਅਨ ਜਨਤਾ ਦਾ ਦਿਲ ਜਿੱਤ ਲਿਆ ਹੈ। ਇਹ ਅੱਗ ਬੁਝਣ ਦੀ ਫਿਲਹਾਲ ਕੋਈ Àਮੀਦ ਨਜ਼ਰ ਨਹੀਂ ਆਉਂਦੀ। ਸਭ ਤੋਂ ਗਰਮ ਮਹੀਨੇ ਫਰਵਰੀ ਦੀ ਅਜੇ ਸ਼ੁਰੂਆਤ ਹੋਣੀ ਹੈ ਤੇ ਗਰਮੀ ਹੋਰ ਵਧਣੀ ਹੈ। ਇਸ ਨਾਲ ਅੱਗਾਂ ਵਿੱਚ ਹੋਰ ਵੀ ਤੇਜ਼ੀ ਆਵੇਗੀ। ਹੁਣ ਤਾਂ ਸਭ ਦੀ ਟੇਕ ਕੁਦਰਤ ‘ਤੇ ਹੀ ਹੈ ਕਿ ਬਾਰਸ਼ਾਂ ਸ਼ੁਰੂ ਹੋਣ ਤੇ ਲੋਕਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਮਿਲੇ।
ਪੰਡੋਰੀ ਸਿੱਧਵਾਂ
ਮੋ. 95011-00062

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ