ਆਸਟਰੇਲੀਆ ਨੇ ਰੋਕਿਆ ਡੈਨਮਾਰਕ

ਮੈਚ 1-1 ਨਾਲ ਡਰਾਅ

ਏਜੰਸੀ, ਸਮਾਰਾ, 21 ਜੂਨ।

ਫੀਫਾ ਵਿਸ਼ਵ ਕੱਪ ਦੇ ਆਖ਼ਰੀ 16 ਗੇੜ ‘ਚ ਪ੍ਰਵੇਸ਼ ਕਰਨ ਦੇ ਡੈਨਮਾਰਕ ਦੇ ਇਰਾਦੇ ਨੂੰ ਆਸਟਰੇਲੀਆ ਨੇ ਮੁਸ਼ਕਲ ‘ਚ ਪਾਉਂਦੇ ਹੋਏ ਵੀਰਵਾਰ ਨੂੰ ਗਰੁੱਪ ਸੀ ਦੇ ਮੈਚ ਨੂੰ 1-1 ਨਾਲ ਡਰਾਅ ਕਰਵਾ ਦਿੱਤਾ ਮੈਚ ‘ਚ ਡੈਨਮਾਰਕ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੈਚ ਦੇ ਸੱਤਵੇਂ ਮਿੰਟ ‘ਚ ਹੀ ਗੋਲ ਕਰ ਦਿੱਤਾ। ਡੈਨਮਾਰਕ ਟੀਮ ਦੇ ਕ੍ਰਿਸਚਨ ਐਰਿਕਸਨ ਨੇ ਸ਼ਾਨਦਾਰ ਗੋਲ ਕਰਦੇ ਹੋਏ ਆਸਟਰੇਲੀਅਨ ਟੀਮ ‘ਤੇ ਵਾਧਾ ਬਣਾਇਆ।
ਇਸ ਤੋਂ ਬਾਅਦ ਆਸਟਰੇਲੀਆ ਨੂੰ 34ਵੇਂ ਮਿੰਟ ‘ਚ ਚੌਥਾ ਕਾਰਨਰ ਮਿਲਿਆ, ਇਸ ‘ਤੇ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਟੀਮ ਦੇ ਖਿਡਾਰੀ ਨੂੰ ਡੈਨਮਾਰਕ ਦੇ ਯੂਸਫ ਨੇ ਧੱਕਾ ਦੇ ਦਿੱਤਾ। ਜਿਸ ‘ਤੇ ਵੀਏਆਰ ਲੈਣ ‘ਤੇ ਆਸਟਰੇਲੀਆ ਨੂੰ ਪੈਨਲਟੀ ‘ਤੇ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲ ਗਿਆ। ਆਸਟਰੇਲੀਆ ਟੀਮ ਦੇ ਕਪਤਾਨ ਮਿਲੇ ਜੇਦਿਨਾਕ ਨੇ ਅੱਧਾ ਸਮਾਂ ਪੂਰਾ ਹੋਣ ਤੋਂ ਠੀਕ ਪਹਿਲਾਂ ਪੈਨਲਟੀ ਨੂੰ ਗੋਲ ‘ਚ ਬਦਲ ਕੇ ਸਕੋਰ 1-1 ਬਰਾਬਰ ਕਰਕੇ ਟੀਮ ਨੂੰ ਨਾਕਆਊਟ ਮੁਕਾਬਲੇ ਲਈ ਜਿੰਦਾ ਰੱਖਿਆ। ਡੈਨਮਾਰਕ ਨੂੰ ਇਸ ਡਰਾਅ ਲਈ ਆਪਣੇ ਗੋਲਕੀਪਰ ਕੈਸਪਰ ਸ਼ੇਮੀਸ਼ੇਲ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਸ ਨੇ ਡੇਨਿਅਲ ਅਰਜ਼ਾਨੀ ਅਤੇ ਮੈਥਿਊ ਲੇਕੀ ਦੇ ਆਖ਼ਰੀ ਮਿੰਟਾਂ ‘ਚ ਦੋ ਸ਼ਾਨਦਾਰ ਕੋਸ਼ਿਸ਼ਾਂ ਨੂੰ ਬੇਕਾਰ ਕਰ ਦਿੱਤਾ।
ਆਪਣੇ ਪਹਿਲੇ ਮੈਚ ‘ਚ ਪੈਰੂ ਨੂੰ ਹਰਾ ਕੇ ਵਿਸ਼ਵ ਕੱਪ ਦੀ ਜੇਤੂ ਸ਼ੁਰੂਆਤ ਕਰਨ ਵਾਲੀ ਡੈਨਮਾਰਕ ਦੀ ਟੀਮ ਗਰੁੱਪ ਪੱਧਰ ‘ਚ ਫਰਾਂਸ ਤੋਂ ਬਾਅਦ ਦੂਸਰੇ ਸਥਾਨ ‘ਤੇ ਹੈ ਜਦੋਂਕਿ ਫਰਾਂਸ ਅਤੇ ਡੈਨਮਾਰਕ ਦੇ ਬਰਾਬਰ ਅੰਕ ਹਨ ਡੈਨਮਾਰਕ ਸਿਰਫ਼ ਗੋਲਾਂ ਦੇ ਹਿਸਾਬ ਨਾਲ ਪਿੱਛੇ ਹੈ ਜੇਕਰ ਡੈਨਮਾਰਕ ਆਸਟਰੇਲੀਆ ਨੂੰ ਹਰਾਉਣ ‘ਚ ਕਾਮਯਾਬ ਹੁੰਦੀ ਤਾਂ ਉਹ ਆਖ਼ਰੀ 16 ਗੇੜ ‘ਚ ਆਪਣਾ ਸਥਾਨ ਪੱਕਾ ਕਰ ਲੈਂਦੀ ਹੁਣ ਉਸਨੂੰ ਫਰਾਂਸ ਜਿਹੀ ਮਜ਼ਬੂਤ ਟੀਮ ਵਿਰੁੱਧ ਹਰ ਹਾਲ ‘ਚ ਜਿੱਤਣਾ ਹੋਵੇਗਾ। ਜਦੋਂਕਿ ਆਸਟਰੇਲੀਆ ਜੇਕਰ ਆਪਣਾ ਗਰੁੱਪ ਦਾ ਆਖ਼ਰੀ ਮੈਚ ਜਿੱਤਦਾ ਹੈ ਤਾਂ ਵੀ ਉਸਨੂੰ ਇਹ ਆਸ ਕਰਨੀ ਹੋਵੇਗੀ ਕਿ ਡੈਨਮਾਰਕ ਨੂੰ ਫਰਾਂਸ ਤੋਂ ਹਾਰ ਮਿਲੇ।