ਲੇਖ

ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ

Avoiding, politics, Issues, Dangerous, Emotions

ਜਗਦੇਵ ਸਿੰਘ (ਸਾਬਕਾ ਫੌਜੀ)

ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ ‘ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ਜਹਾਜ਼ ਵਿੱਚੋਂ ਉੱਤਰਿਆ ਤਾਂ ਮੀਡੀਆ ਅਤੇ ਹੁਕਮਾਂ ਦੇ ਬੱਧੇ ਸੁਰੱਖਿਆ ਕਰਮਚਾਰੀਆਂ ਨੇ ਲੋੜ ਤੋਂ ਵੱਧ ਚਤੁਰ-ਚਲਾਕ ਸਫੈਦ ਪੋਸ਼ਾਂ ਦਾ ਘੜਮੱਸ ਪਿਆ ਦੇਖਿਆ ਸੰਨੀ ਦਿਓਲ ਨਾਲ ਸਾਡਾ ਕੁੱਝ ਲਗਾਓ ਹੈ ਕਿਉਂਕਿ ਉਸਦੀਆਂ ਫਿਲਮਾਂ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਹਨ ਫਿਲਮਾਂ ਵਿੱਚੋਂ ਉਸ ਨੇ ਇੱਕ ਫਿਲਮ ਸੰਨ 1971 ਵਾਲੀ ਰਾਜਸਥਾਨ ਦੀ ਲੌਂਗੋਵਾਲ ਪੋਸਟ ਵਾਲੀ ਬਾਰਡਰ ਫਿਲਮ ਬਣਾਈ ਸੀ ਅਤੇ ਇਸ ਵਿੱਚ ਉਸ ਨੇ ਉਸ ਵੇਲੇ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਬਾਰਡਰ ਫਿਲਮ ਬਣਾ ਕੇ ਸਾਡੀ 23 ਪੰਜਾਬ ਪਲਟਨ ਦੀ ਬਹਾਦਰੀ ਦਾ ਨਮੂਨਾ ਬੜੇ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਇਹ ਫਿਲਮ ਲੋਕਾਂ ਨੇ ਬਹੁਤ ਪਸੰਦ ਕੀਤੀ।

 ਭਾਰਤੀ ਫੌਜ ਕਿਸੇ ਇੱਕ ਪਾਰਟੀ ਦੀ ਨਾ ਹੋ ਕੇ ਸਾਰੇ ਦੇਸ਼ ਦੀ ਸਾਂਝੀ ਹੁੰਦੀ ਹੈ ਇਸੇ ਤਰ੍ਹਾਂ ਫਿਲਮੀ ਕਲਾਕਾਰ, ਚੰਗੇ ਗਾਇਕ, ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਹਨ ਸੰਨੀ ਦਿਓਲ ਨੂੰ ਵੀ ਕਿਸੇ ਇੱਕ ਪਾਰਟੀ ਵੱਲੋਂ ਚੋਣ ਨਹੀਂ ਲੜਨੀ ਚਾਹੀਦੀ ਸੀ ਇਸ ਨਾਲ ਉਸ ਦੀ ਹਰਮਨਪਿਆਰਤਾ ‘ਤੇ ਬਹੁਤ ਵੱਡਾ ਫਰਕ ਪਵੇਗਾ ਕੁੱਝ ਸੱਤਾ ਦੇ ਭੁੱਖੇ, ਲਾਲਚੀ, ਅੰਨ੍ਹੇ-ਬੋਲੇ ਸਿਆਸਤਦਾਨ ਸੱਤਾ ਹਥਿਆਉਣ ਦੀ ਖਾਤਰ ਕੁੱਝ ਵੀ ਕਰ ਸਕਦੇ ਹਨ ਜਿਵੇਂ ਲੋਕਾਂ ਵਿੱਚ ਨਫ਼ਰਤ ਬੀਜ ਕੇ ਦੰਗੇ-ਫਸਾਦ ਕਰਾਉਣੇ, ਪੂਜਣ ਯੋਗ ਗ੍ਰੰਥਾਂ ਦੀ ਬੇਅਦਬੀ ਕਰਾਉਣਾ ਆਦਿ ਬਾਰਡਰ ਫਿਲਮ ਬਹੁਤ ਚੰਗੀ ਬਣੀ ਸੀ ਪਰੰਤੂ ਕੁੱਝ ਸੱਚਾਈ ਤੋਂ ਪਰ੍ਹੇ ਹੋ ਕੇ ਬਣੀ ਇਸ ਲੜਾਈ ਵਿੱਚ ਅਸੀਂ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਪਾਕਿਸਤਾਨੀ ਫੌਜ ਦਾ ਵੱਧ ਤੋਂ ਵੱਧ ਨੁਕਸਾਨ ਕਰਕੇ ਭਜਾਇਆ ਸਾਡੀ ਪਲਟਨ ਦੇ 3 ਜਵਾਨ ਸ਼ਹੀਦ ਹੋਏ ਸਨ ਅਤੇ 3 ਟੈਂਕ ਹਮਲੇ ‘ਚ ਤਬਾਹ ਹੋਏ ਸ਼ਹੀਦ ਹੋਣ ਵਾਲੇ ਜਵਾਨਾਂ ਦਾ ਨਾਂਅ ਸ਼ਹੀਦ ਜਗਜੀਤ ਸਿੰਘ, ਸ਼ਹੀਦ ਚਰਨਦਾਸ, ਸ਼ਹੀਦ ਬਿਸ਼ਨ ਦਾਸ ਹੀ ਵੀਰਗਤੀ ਨੂੰ ਪ੍ਰਾਪਤ ਹੋਏ ਸਨ 4 ਤੋਂ 5 ਦਸੰਬਰ 1971 ਦੀ ਦਰਮਿਆਨੀ ਰਾਤ ਨੂੰ ਸਾਡੀ ਇੱਕ ਪਲਾਟੂਨ ਜਿਸ ਦੀ ਕਮਾਂਡ ਲੈਫਟੀਨੈਂਟ ਧਰਮਵੀਰ ਕਰ ਰਹੇ ਸਨ, ਲਗਭਗ ਰਾਤ ਦੇ 8 ਵਜੇ ਕਰੀਬ ਟੈਂਕਾਂ ਦੀ ਲੰਮੀ ਕਤਾਰ ਅਤੇ ਪਾਕਿਸਤਾਨੀ ਫੌਜ ਦਾ ਇੱਕ ਬ੍ਰਿਗੇਡ ਤੂਫਾਨ ਬਣ ਕੇ ਸਾਡੀ ਪੋਸਟ ਵੱਲ ਵਧ ਰਿਹਾ ਸੀ ਲੈਫਟੀਨੈਂਟ ਧਰਮਵੀਰ ਨੇ ਬੜੀ ਸੂਝ-ਬੂਝ ਅਤੇ ਦਲੇਰੀ ਕਰਕੇ ਸਾਰੇ ਜਵਾਨਾਂ ਸਮੇਤ ਝਾੜੀਆਂ ਵਿੱਚ ਪੁਜੀਸ਼ਨਾਂ ਲੈ ਲਈਆਂ ਟੈਂਕਾਂ ਦੀ ਗਿਣਤੀ ਨੇ ਪਾਕਿਸਤਾਨੀ ਫੌਜ਼ ਦੀ ਹਰਕਤ ਬਾਰੇ ਸਾਨੂੰ ਹੁਸ਼ਿਆਰ ਕਰ ਦਿੱਤਾ ਅਸੀਂ 9-10 ਵਜੇ ਦਰਮਿਆਨ ਆਪਣੇ ਮੋਰਚਿਆਂ ਵਿੱਚ ਡਟ ਗਏ ।

ਅਸੀਂ ਦੁਸ਼ਮਣ ਦੀ ਉਡੀਕ ਕਰਨ ਲੱਗ ਪਏ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਸਾਡੇ ‘ਤੇ ਕਈ ਹਮਲੇ ਕੀਤੇ ਪਰੰਤੂ ਅਸੀਂ ਜੈਕਾਰੇ ਛੱਡਦੇ ਰਹੇ ਅਤੇ ਆਪਣੇ ਹਥਿਆਰਾਂ ਨਾਲ ਫਾਇਰ ਕਰਦੇ ਰਹੇ ਪਾਕਿਸਤਾਨੀ ਫੌਜ ਦੇ ਅੱਗੇ ਚੱਟਾਨ ਬਣ ਕੇ ਖੜ੍ਹੇ ਰਹੇ ਪੁਜੀਸ਼ਨਾਂ ਬਦਲ-ਬਦਲ ਕੇ ਫਾਇਰ ਕਰਦੇ ਰਹੇ ਅਤੇ ਗੁਰੂ ਸਾਹਿਬ ਦੇ ਜੈਕਾਰੇ ਲਾਉਂਦੇ ਰਹੇ ਉਸ ਸਮੇਂ ਅਸੀਂ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਸੀ ਅਸੀਂ ਅਜਾਦ ਹੋ ਕੇ ਆਪਣੀ ਡਿਊਟੀ ਨਿਭਾਉਂਦੇ ਰਹੇ ਮੇਰੇ ਕੁੱਝ ਸਾਥੀਆਂ ਦੀ ਉਸ ਸਮੇਂ ਸਰਵਿਸ ਸਿਰਫ 9 ਜਾਂ 10 ਮਹੀਨਿਆਂ ਦੀ ਹੀ ਸੀ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਨਾਇਬ ਸੂਬੇਦਾਰ ਕਰਨੈਲ ਸਿੰਘ ਬਾਜਵਾ, ਚੰਦ ਸਿੰਘ, ਬਲਵੰਤ ਸਿੰਘ ਸਾਡਾ ਹੌਂਸਲਾ ਵਧਾਉਂਦੇ ਰਹੇ ਅਤੇ ਸਾਨੂੰ ਹੱਲਾਸ਼ੇਰੀ ਦਿੰਦੇ ਰਹੇ 5 ਦਸੰਬਰ 1971 ਦੀ ਸਵੇਰ ਨੂੰ ਜਦੋਂ ਕੁੱਝ ਚਾਨਣ ਹੋਇਆ ਤਾਂ ਸਾਡੀ ਬਹਾਦਰ ਏਅਰ ਫੋਰਸ ਦੇ ਪਾਇਲਟ ਜਹਾਜ਼ ਲੈ ਕੇ ਆਏ ਅਤੇ ਉਸਦੇ ਅਗਲੇ ਪਾਸੇ ਜੋ ਟੈਂਕ ਅਤੇ ਗੱਡੀਆਂ ਸਨ, ਉਹਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਪਾਕਿਸਤਾਨੀ ਫੌਜ ਦੇ ਭਾਰੀ ਫਾਇਰ ਦੇ ਨਾਅਰੇ ਟੈਂਕਾਂ ਦੇ ਗੋਲਿਆਂ ਦੇ ਫਾਇਰ, ਸਾਨੂੰ ਆਪਣੇ ਫਰਜ਼ ਤੋਂ ਨਹੀਂ ਹਟਾ ਸਕੇ ।

ਅਸੀਂ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਆਪਣੀ ਇਸ ਅਗਨੀ ਪਰੀਖਿਆ ਵਿੱਚੋਂ ਪੂਰੇ-ਪੂਰੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਅਤੇ ਇਹ ਜੰਗ ਜਿੱਤੀ ਹੁਣ ਮੌਜੂਦਾ ਸਮੇਂ ਵਿੱਚ ਸਾਡੇ ਸਾਥੀਆਂ ਵਿੱਚ ਕੁੱਝ ਸਾਥੀ ਉਮਰ ਦਰਾਜ ਹੋਣ ਕਰਕੇ ਸਾਡਾ ਸਾਥ ਛੱਡ ਗਏ ਹਨ ਜਿਵੇਂ ਕਿ ਉਸ ਸਮੇਂ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਮਥਰਾ ਦਾਸ, ਭਾਗੀਰਾਮ, ਕਰਨੈਲ ਸਿੰਘ ਬਾਜਵਾ, ਗੁਰਤੇਜ ਸਿੰਘ, ਗੁਰਨਾਮ ਸਿੰਘ ਅਤੇ ਕੁੱਝ ਹੋਰ ਵੱਖੋ-ਵੱਖਰੇ ਕਾਰਨਾਂ ਕਰਕੇ ਸਵਰਗਵਾਸ ਹੋ ਚੁੱਕੇ ਹਨ ਲਗਭਗ 17-18 ਫੌਜੀ ਅਸੀਂ ਠੀਕ-ਠਾਕ ਹਾਂ ਮੈਂ ਇੱਕ ਗੱਲ ਰਾਹੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਚਰਿੱਤਰ ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕਿ ਜੋ ਪਾਕਿਸਤਾਨੀ ਸੈਨਿਕ ਸਾਡੇ ਏਰੀਏ ਵਿੱਚ ਮਾਰੇ ਜਾ ਚੁੱਕੇ ਸਨ, ਸਾਨੂੰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਖਾਸ ਹੁਕਮ ਦਿੱਤੇ ਗਏ ਸਨ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਕੋਈ ਠੇਡੇ ਨਹੀਂ ਮਾਰੇਗਾ ਨਾ ਹੀ ਗਾਲੀ-ਗਲੋਚ ਕਰੇਗਾ ਬਲਕਿ ਬੜੇ ਸਨਮਾਨ ਦੇ ਨਾਲ ਉਹਨਾਂ ਨੂੰ ਦਫਨਾਇਆ ਜਾਵੇਗਾ ਅਤੇ ਸਾਡੇ ਸਾਥੀਆਂ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇੰਝ ਹੀ ਕੀਤਾ ਜਦੋਂਕਿ ਹੁਣ ਜੇਕਰ ਕੋਈ ਸਾਡਾ ਹਿੰਦੋਸਤਾਨੀ ਜਵਾਨ ਸ਼ਹੀਦ ਹੋ ਕੇ ਪਾਕਿਸਤਾਨ ਵੱਲ ਚਲਾ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਨਾਲ ਬਰਬਰਤਾ ਕੀਤੀ ਜਾਂਦੀ ਹੈ ਮੇਰੇ ਇੱਕ ਕਾਬਲ ਦੋਸਤ ਸੂਬੇਦਾਰ ਚਰਨ ਸਿੰਘ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੀਰਤੀ ਚੱਕਰ ਨਾਲ ਨਵਾਜਿਆ ਗਿਆ, ਨੇ ਵੀ ਆਪਣੀ ਸੂਝ-ਬੂਝ ਅਤੇ ਵੀਰਤਾ ਦਿਖਾਉਂਦੇ ਹੋਏ ਲਗਭਗ 40-43 ਖੂੰਖਾਰ ਵਿਦੇਸ਼ੀ ਅੱਤਵਾਦੀ ਜੋ ਕਿ ਭਾਰਤ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ ਅਤੇ ਰਸਤਾ ਭਟਕ ਗਏ ਸਨ ਤਾਂ ਉਸ ਨੇ ਬੜੀ ਬਹਾਦਰੀ ਨਾਲ ਉਹਨਾਂ ਨੂੰ ਜਾਨੋ ਮਾਰ ਦਿੱਤਾ ਸੀ।

ਹੁਣ ਇਹਨਾਂ ਗੱਲਾਂ ਨੂੰ ਬੰਦ ਕਰਦੇ ਹੋਏ ਮੈਂ ਫਿਰ ਸੰਨੀ ਦਿਓਲ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਜੇਕਰ ਸੰਨੀ ਦਿਓਲ ਜੀ ਤੁਹਾਡੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਐਨੀ ਨਜ਼ਦੀਕੀ ਹੈ ਤਾਂ ਤੁਸੀਂ ਨਰਿੰਦਰ ਮੋਦੀ ਨੂੰ ਆਪਣੇ ਕੀਤੇ ਹੋਏ ਵਾਅਦੇ ਯਾਦ ਦਿਵਾਓ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਨਾ, ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਲਾਗੂ ਕਰਨਾ, ਇਹ ਵਾਅਦੇ ਪੂਰੇ ਕੀਤੇ ਜਾਣ ਅਤੇ 5 ਸਾਲਾਂ ਵਿੱਚ ਜੋ ਜਵਾਨ ਪਾਕਿਸਤਾਨੀ ਫੌਜ ਵੱਲੋਂ ਕਾਇਰਤਾ ਪੂਰਵਕ ਕੀਤੇ ਹਮਲਿਆਂ ਨਾਲ ਸ਼ਹੀਦ ਹੋਏ ਹਨ ਉਹਨਾਂ ਨੂੰ 1-1 ਕਰੋੜ ਰੁਪਏ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿਵਾਈ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ ਸੜ ਗਈਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜਾ ਦਿੱਤਾ ਜਾਵੇ ।

ਸੰਨੀ ਦਿਓਲ ਵੱਲੋਂ ਬੋਲਿਆ ਗਿਆ ਡਾਇਲਾਗ  ‘ਯੇ ਢਾਈ ਕਿੱਲੋ ਕਾ ਹਾਥ’ ਇਹ ਸਿਰਫ ਫਿਲਮ ਇੰਸਟਰੀ ਨੂੰ ਹੀ ਜਰੂਰਤ ਹੈ ਜਦੋਂ ਕਿ ਦੇਸ਼ ਨੂੰ ਜਨਰਲ ਹਰਬਖਸ਼ ਸਿੰਘ, ਜਗਜੀਤ ਸਿਘ ਅਰੋੜਾ, ਲੌਂਗੋਵਾਲ ਦੀ ਲੜਾਈ ਲੜਨ ਵਾਲੇ ਸੈਨਿਕਾਂ ਦੀ ਸਖਤ ਜਰੂਰਤ ਹੈ ਸਾਡੀ ਮੌਜੂਦਾ ਭਾਰਤੀ ਫੌਜ ਅਤੇ ਏਅਰ ਫੋਰਸ ਅਤੇ ਹੋਰ ਬਾਕੀ ਸੁਰੱਖਿਆ ਫੋਰਸਾਂ ਬਹੁਤ ਹੀ ਕਾਬਲ ਹਨ ਇਸ ਲਈ ਇਹਨਾਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਕੁੱਝ ਸਮਾਂ ਪਹਿਲਾਂ ਪੁਲਵਾਮਾ ਵਿੱਚ ਸਾਡੇ 40 ਸੈਨਿਕ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਉਸ ਤੋਂ ਬਾਅਦ ਵੀ ਇਹ ਸਭ ਕੁੱਝ ਜਾਰੀ ਹੈ ਫੌਜ ‘ਤੇ ਸਿਆਸਤ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਣਾ ਚਾਹੀਦਾ ਹੈ ਫੌਜ ਦੀ ਬਹਾਦਰੀ ਕਾਰਨ ਹੀ ਅਸੀਂ ਘਰਾਂ ‘ਚ ਸੁਖ ਨਾਲ ਬੈਠ ਕੇ ਦੋ ਵਕਤ ਦੀ ਰੋਟੀ ਖਾ ਰਹੇ ਹਾਂ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਨੇੜਲੇ ਭਵਿੱਖ ‘ਚ ਹੁੰਦਾ ਹਾਲੇ ਨਜ਼ਰ ਨਹੀਂ ਆ ਰਿਹਾ।

ਘੱਲ ਖੁਰਦ (ਫਿਰੋਜਪੁਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top