ਜਾਗਰੂਕਤਾ ਹੀ ਹਥਿਆਰ

0
63

ਜਾਗਰੂਕਤਾ ਹੀ ਹਥਿਆਰ

ਕੋਵਿਡ-19 ਮਹਾਂਮਾਰੀ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਜਾਗਰੂਕਤਾ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਕਰਨ ਦੀ ਜ਼ਰੂਰਤ ਹੈ। ਹਾਲਾਤ ਇਹ ਹਨ ਕਿ ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕਾਂ ਨੂੰ ਵੀ ਸਹੀ ਤੇ ਨਵੀਂ ਜਾਣਕਾਰੀ ਮਿਲਣ ’ਚ ਦੇਰੀ ਹੋ ਜਾਂਦੀ ਹੈ ਨਤੀਜਾ ਇਲਾਜ ’ਚ ਦੇਰੀ ਨਾਲ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ। ਵੱਡੀ ਗਿਣਤੀ ਮੌਤਾਂ ਮਰੀਜ਼ਾਂ ਦੇ ਦੇਰੀ ਨਾਲ ਪਹੁੰਚਣ ਕਰਕੇ ਹੋ ਰਹੀਆਂ ਹਨ। ਅਸਲ ’ਚ ਕੋਵਿਡ ਦੀ ਮਾਰ ਤੋਂ ਬਚਣ ਲਈ ਜਿੰਨੀ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਹੈ।

ਓਨੀ ਹੋ ਨਹੀਂ ਰਹੀ ਏਮਜ਼ ਦੇ ਡਾਇਰੈਕਟਰ ਸਮੇਤ ਦੇਸ਼ ਦੇ ਸੀਨੀਅਰ ਡਾਕਟਰ ਬਦਲ ਰਹੇ ਹਾਲਾਤਾਂ ਸਬੰਧੀ ਜਾਣਕਾਰੀ ਦੇ ਰਹੇ ਹਨ, ਜੋ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੱਡੇ ਯਤਨ ਕਰਨੇ ਪੈਣੇ ਹਨ। ਸੀਨੀਅਰ ਡਾਕਟਰਾਂ ਦਾ ਦਾਅਵਾ ਹੈ ਕਿ ਟੈਸਟ ਰਿਪੋਰਟ ਨੈਗੇਟਿਵ ਆਉਣ ’ਤੇ ਵੀ ਕੋਰੋਨਾ ਹੋ ਸਕਦਾ ਹੈ। ਜੇਕਰ ਬਿਮਾਰੀ ਦੇ ਲੱੱਛਣ ਆ ਰਹੇ ਹੋਣ ਸੀਨੀਅਰ ਡਾਕਟਰਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਨੈਗੇਟਿਵ ਰਿਪੋਰਟ ਆਉਣ ਅਤੇ ਲੱਛਣ ਮਿਲਣ ’ਤੇ ਮਰੀਜ਼ ਦਾ ਇਲਾਜ ਕੋਰੋਨਾ ਪ੍ਰੋਟੋਕਾਲ ਤਹਿਤ ਸ਼ੁਰੂ ਹੋਣਾ ਚਾਹੀਦਾ ਹੈ।

ਹਾਲਾਤ ਇਹ ਹਨ ਕਿ ਦੇਸ਼ ਅੰਦਰ ਕਰੋੜਾਂ ਲੋਕ ਹਨ ਜੋ ਬੁਖਾਰ, ਖੰਘ ਅਤੇ ਹੋਰ ਲੱਛਣ ਆਉਣ ਦੇ ਬਾਵਜੂਦ ਨੈਗੇਟਿਵ ਰਿਪੋਰਟ ਦੇ ਆਧਾਰ ’ਤੇ ਇਲਾਜ ਕਰਵਾਉਣ ਤੋਂ ਲਾਪਰਵਾਹੀ ਕਰਦੇ ਹਨ, ਜਿਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਉਹ ਉਦੋਂ ਹਸਪਤਾਲ ਪੁੱਜਦੇ ਹਨ, ਜਦੋਂ ਹਾਲਤ ਵਿਗੜ ਚੁੱਕੀ ਹੁੰਦੀ ਹੈ। ਨਵੀਂ ਜਾਣਕਾਰੀ ਦੇਣ ਲਈ ਦੁੂਰਦਰਸ਼ਨ ਤੇ ਰੇਡੀਓ ’ਤੇ ਰੋਜ਼ਾਨਾ ਖਾਸ ਪ੍ਰੋਗਰਾਮ ਤੈਅ ਕੀਤੇ ਜਾਣ ਤਾਂ ਕਿ ਰੋਜ਼ਾਨਾ ਲੋਕਾਂ ਨੂੰ ਤੈਅ ਸਮੇਂ ’ਤੇ ਜਾਣਕਾਰੀ ਮਿਲੇ ਇਸੇ ਤਰ੍ਹਾਂ ਹੀ ਰੈਮੇਡੇਸੀਵਰ ਦੀ ਜ਼ਰੂਰਤ ਸਬੰਧੀ ਵੀ ਲੋਕਾਂ ’ਚ ਜਾਣਕਾਰੀ ਦੀ ਵੱਡੀ ਘਾਟ ਹੈ।

ਲੋਕ ਬਿਨਾਂ ਜ਼ਰੂਰਤ ਤੋਂ ਬਿਨਾਂ ਡਾਕਟਰਾਂ ਦੀ ਰਾਇ ਤੋਂ ਟੀਕੇ ਲਈ ਮਾਰਾਮਾਰੀ ਕਰਦੇ ਹਨ। ਇਸੇ ਤਰ੍ਹਾਂ ਬਿਨਾਂ ਸਮਝ ਤੋਂ ਆਕਸੀਜਨ ਵੀ ਸਟੋਰ ਕਰਦੇ ਹਨ, ਜੇਕਰ ਕੋਰੋਨਾ ਤੋਂ ਬਚਾਓ ਸਬੰਧੀ ਸਪੈਸ਼ਲ ਬੁਲੇਟਿਨ ਸ਼ੁਰੂ ਹੋਵੇ ਤਾਂ ਲੋਕ ਪੂਰੀ ਗੰਭੀਰਤਾ ਤੇ ਦਿਲਚਸਪੀ ਨਾਲ ਇਸ ਪ੍ਰੋਗਰਾਮ ਨੂੰ ਵੇਖ ਕੇ ਲਾਭ ਉਠਾ ਸਕਣਗੇ। ਅਫ਼ਵਾਹਾਂ ਮਹਾਂਮਾਰੀ ’ਚ ਹਾਲਾਤਾਂ ਨੂੰ ਹੋਰ ਵੀ ਖਰਾਬ ਕਰ ਸਕਦੀਆਂ ਹਨ।

ਜ਼ਰੂਰੀ ਜਾਣਕਾਰੀ ਦੇ ਪ੍ਰਚਾਰ-ਪ੍ਰਸਾਰ ਲਈ ਨੈੱਟਵਰਕ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਟੀਕਾਕਰਨ, ਆਕਸੀਜਨ ਤੇ ਵੈਂਟੀਲੇਟਰ ਜ਼ਰੂਰੀ ਹੈ, ਪਰ ਜਾਗਰੂਕਤਾ ਦੇ ਮੋਰਚੇ ’ਤੇ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਕੋਰੋਨਾ ਮਹਾਂਮਾਰੀ ਇੱਕ ਜੰਗ ਵਾਂਗ ਹੈ। ਜੰਗ ਦੌਰਾਨ ਫੌਜ ਦੇ ਬੁਲਾਰੇ ਜਿਸ ਤਰ੍ਹਾਂ ਰੋਜ਼ਾਨਾ ਜੰਗ ਦੇ ਹਾਲਾਤ ਦੀ ਜਾਣਕਾਰੀ ਲਈ ਦੂਰਦਰਸ਼ਨ ’ਤੇ ਇੱਕ ਤੈਅ ਸਮੇਂ ’ਤੇ ਰੋਜ਼ਾਨਾ ਤਾਜ਼ਾ ਜਾਣਕਾਰੀ ਦਿੰਦੇ ਸਨ। ਅਜਿਹਾ ਕੁਝ ਕੋਰੋਨਾ ਦੀ ਜੰਗ ’ਚ ਵੀ ਹੋਣਾ ਚਾਹੀਦਾ ਹੈ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦੀ ਸੁਚੱਜੀ ਵਰਤੋਂ ਕਰਕੇ ਲੋਕਾਂ ਨੂੰ ਮਹਾਂਬਿਮਾਰੀ ਦੇ ਕਹਿਰ ਤੋਂ ਬਚਾਇਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।