ਬਹਾਬਲਪੁਰ ਮਹਾਂਸੰਘ ਦੇ ਪ੍ਰਧਾਨ ਤੇ ਮੈਂਬਰਾਂ ਵੱਲੋਂ ਮਹਾਂਸੰਘ ਨੂੰ ਵੇਚਣ ਦੇ ਲਗਾਏ ਦੋਸ਼ ’ਤੇ ਪ੍ਰਧਾਨ ਦਾ ਪਲਟਵਾਰ

ਮੇਰੇ ਖ਼ਿਲਾਫ਼ ਦੋਸ਼ ਸਾਬਤ ਹੋਣ ’ਤੇ ਮੈਂ ਖੁਦ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਵਾਂਗਾ: ਰਾਜਕੁਮਾਰ ਸਚਦੇਵਾ

ਸਮਾਣਾ, (ਸੁਨੀਲ ਚਾਵਲਾ) ਨਗਰ ਕੌਂਸਲ ਚੋਣਾਂ ਸਬੰਧੀ ਸਮਾਣਾ ਵਿਖੇ ਬਹਾਬਲਪੁਰ ਮਹਾਂਸੰਘ ਦੇ ਮੈਂਬਰਾਂ ਵੱਲੋਂ ਪ੍ਰਧਾਨ ਰਾਜਕੁਮਾਰ ਸੱਚਦੇਵਾ ’ਤੇ ਟਿਕਟ ਲਈ ਮਹਾਂਸੰਘ ਨੂੰ ਵੇਚਣ ਦੇ ਲਗਾਏ ਦੋਸ਼ਾਂ ਨੂੰ ਰਾਜਕੁਮਾਰ ਸੱਚਦੇਵਾ ਨੇ ਸਿਰੇ ਤੋਂ ਖਾਰਜ ਕਰਦਿਆਂ ਕੁੱਝ ਮੈਂਬਰਾਂ ’ਤੇ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਰਾਜਨੀਤਕ ਸਾਜਿਸ਼ ਰਚਣ ਦੇ ਦੋਸ਼ ਲਗਾਏ। ਇੱਥੇ ਹੀ ਮਹਾਂਸੰਘ ਦੇ ਕਈ ਅਹੁਦੇਦਾਰਾਂ ਨੇ ਵੀ ਰਾਜਕੁਮਾਰ ਸੱਚਦੇਵਾ ਦੀ ਪਿੱਠ ’ਤੇ ਆਉਂਦਿਆਂ ਰਾਜਕੁਮਾਰ ਸੱਚਦੇਵਾ ਦੇ ਕੰਮ ’ਤੇ ਤਸੱਲੀ ਪ੍ਰਗਟਾਈ।

ਰਾਜ ਕੁਮਾਰ ਸੱਚਦੇਵਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਮਹਾਂਸੰਘ ਦੇ ਲਈ ਜੀ ਜਾਨ ਤੋਂ ਕੰਮ ਕਰਦੇ ਆਏ ਹਨ ਤੇ ਉਨ੍ਹਾਂ ਨੇ ਮਹਾਂਸੰਘ ਨੂੰ ਉਪਰ ਲਿਜਾਉਣ ਲਈ ਕਾਫ਼ੀ ਯਤਨ ਕੀਤੇ ਹਨ, ਜਿਸ ਸਦਕਾ ਮਹਾਂਸੰਘ ਨੂੰ ਕਾਫ਼ੀ ਫਾਇਦਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਬਹਾਬਲਪੁਰ ਮਹਾਂਸੰਘ ਨੂੰ ਨਗਰ ਕੌਂਸਲ ਚੋਣਾਂ ਵਿੱਚ ਕੇਵਲ 2 ਟਿਕਟਾਂ ਮਿਲੀਆਂ ਸਨ ਪ੍ਰੰਤੂ ਹੁਣ ਉਨ੍ਹਾਂ ਕਾਂਗਰਸ ਪਾਰਟੀ ਤੋਂ ਮਹਾਂਸੰਘ ਲਈ 6 ਟਿਕਟਾਂ ਦੀ ਮੰਗ ਕੀਤੀ ਹੈ

ਜਿਸ ’ਤੇ ਪਾਰਟੀ ਨੇ ਉਨ੍ਹਾਂ ਨੂੰ 6 ਟਿਕਟਾਂ ਦੇਣ ਦਾ ਪੂਰਾ ਭਰੋਸਾ ਦਵਾਇਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਖੁਦ ਲਈ ਕੋਈ ਟਿਕਟ ਦੀ ਮੰਗ ਨਹੀਂ ਰੱਖੀ ਪ੍ਰੰਤੂ ਕੁੱਝ ਲੋਕ ਰਾਜਨੀਤਕ ਰੰਜਿਸ਼ ਕਾਰਨ ਜਾਣਬੁੱਝ ਕੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਸਾਬਤ ਕਰ ਦੇਵੇ ਕਿ ਉਨ੍ਹਾਂ ਮਹਾਂਸੰਘ ਨੂੰ ਨੁਕਸਾਨ ਪਹੁੰਚਾ ਕੇ ਆਪਣਾ ਕੁੱਝ ਸਵਾਰਿਆ ਹੈ ਤਾਂ ਉਹ ਉਸੇ ਸਮੇਂ ਆਪਣਾ ਅਸਤੀਫ਼ਾ ਦੇ ਦੇਣਗੇ।

ਮਹਾਂਸੰਘ ਦੇ ਸਰਪ੍ਰਸਤ ਮਦਨ ਲਾਲ , ਸਪ੍ਰਸਤ ਹਰੀ ਚੰਦ, ਸਾਬਕਾ ਐਮਸੀ ਤੇ ਸੀਨੀਅਰ ਆਗੂ ਅਸ਼ੋਕ ਲੂਥਰਾ,ਸੁਰੇਸ਼ ਗੋਗੀਆ, ਭਗਵਾਨ ਦਾਸ ਗੇਟੀ, ਪਾਸ਼ੀ ਆਦਿ ਨੇ ਕਿਹਾ ਕਿ ਮਹਾਂਸੰਘ ਨੂੰ ਇੰਝ ਖੇਰੂ ਖੇਰੂ ਨਹੀਂ ਕਰਨਾ ਚਾਹੀਦਾ, ਜੇਕਰ ਕਿਸੇ ਮੈਂਬਰ ਨੂੰ ਕੋਈ ਸਮੱਸਿਆ ਹੈ ਤਾਂ ਉਹ ਆਪਣੀ ਗੱਲ ਮੀਟਿੰਗ ਵਿੱਚ ਰੱਖਣ ਜਾਂ ਫ਼ਿਰ ਸਰਪ੍ਰਸਤ ਅੱਗੇ ਆਪਣੀ ਗੱਲ ਰੱਖ ਸਕਦੇ ਹਨ ਪ੍ਰੰਤੂ ਇਸ ਤਰ੍ਹਾਂ ਪ੍ਰਧਾਨ ’ਤੇ ਚਿੱਕੜ ਉਛਾਲਣ ਨਾਲ ਮਹਾਂਸੰਘ ਦਾ ਹੀ ਨੁਕਸਾਨ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.