ਰਵਾਇਤੀ ਫ਼ਸਲਾਂ ਦਾ ਬਦਲ ਬਣ ਸਕਦੇ ਨੇ ਕੇਲਿਆਂ ਤੇ ਅਮਰੂਦਾਂ ਦੇ ਬਾਗ

banana ok

ਰਵਾਇਤੀ ਫ਼ਸਲਾਂ ਦਾ ਬਦਲ ਬਣ ਸਕਦੇ ਨੇ ਕੇਲਿਆਂ ਤੇ ਅਮਰੂਦਾਂ ਦੇ ਬਾਗ

ਪੰਜਾਬ ਅੰਦਰ ਰਵਾਇਤੀ ਫਸਲਾਂ ਝੋਨੇ ਅਤੇ ਕਣਕ ਦਾ ਖਹਿੜਾ ਛੱਡ ਕੇ ਕਿਸਾਨ ਕੇਲਿਆਂ ਅਤੇ ਅਮਰੂਦਾਂ ਦੇ ਬਾਗ ਲਾ ਕੇ ਬਹੁਤ ਵਧੀਆ ਆਮਦਨ ਲੈ ਸਕਦੇ ਹਨ। ਪੰਜਾਬ ਦੀ ਜ਼ਮੀਨ ਕੇਲਿਆਂ ਅਤੇ ਅਮਰੂਦਾਂ ਦੇ ਬਾਗਾਂ ਦੀ ਖੇਤੀ ਕਰਨ ਲਈ ਬਹੁਤੀ ਉਪਯੋਗੀ ਨਹੀਂ ਸੀ ਪਰ ਇੱਥੋਂ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਦਿਨ-ਰਾਤ ਦੀ ਮਿਹਨਤ ਨਾਲ ਅਮਰੂਦਾਂ ਅਤੇ ਕੇਲੇ ਦੀ ਖੇਤੀ ਕਰਕੇ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਜਿਲ੍ਹੇ ਪਟਿਆਲੇ ਦੇ ਪਿੰਡ ਘੱਗਾ ਵਿਖੇ ਪਵਨ ਕੁਮਾਰ ਲੱਕੀ ਤੇ ਹੋਰ ਕਿਸਾਨਾਂ ਨੇ ਰਲ ਕੇ ਅਮਰੂਦਾਂ ਦੇ ਬਾਗ ਲਾਏ ਹਨ ਅਤੇ ਅਮਰੂਦਾਂ ਤੋਂ ਤਿਆਰ ਹੋਣ ਵਾਲੇ ਖਾਧ ਪਦਾਰਥਾਂ ਦੀ ਵੱਡੀ ਇਕਾਈ ਲਾਉਣ ਬਾਰੇ ਯੋਜਨਾ ਤਿਆਰ ਕਰ ਰਹੇ ਹਨ ਤਾਂ ਕਿ ਮਾਲਵੇ ਦੇ ਕਿਸਾਨਾਂ ਵੱਲੋਂ ਲਾਏ ਗਏ ਅਮਰੂਦਾਂ ਦੇ ਬਾਗਾਂ ਦੀ ਆਮਦਨ ਵਧ ਸਕੇ।

ਰਾਜ ਵਿੱਚ ਹਰ ਸਾਲ ਲੋਕ 600 ਕਰੋੜ ਰੁਪਏ ਦੇ ਕੇਲੇ ਖਾ ਜਾਂਦੇ ਹਨ। ਜਿਸ ਵਿੱਚੋਂ 400 ਕਰੋੜ ਰੁਪਏ ਦੇ ਕੇਲੇ ਬਾਹਰਲੇ ਰਾਜਾਂ ਵਿੱਚੋਂ ਆ ਰਹੇ ਹਨ। ਕਿਸਾਨ ਹੋਰਨਾਂ ਫਸਲਾਂ ਦੇ ਬਦਲੇ ਕੇਲੇ ਤੋਂ ਵਧੀਆ ਆਮਦਨ ਲੈ ਰਹੇ ਹਨ। ਪਿਛਲੇ ਤਿੰਨ ਕੁ ਸਾਲਾਂ ਦੌਰਾਨ ਇਸ ਕਿਸਮ ਦੀ ਖੇਤੀ ਨੂੰ ਵਧਾਉਣ ਲਈ ਬਾਗਬਾਨੀ ਮਾਹਿਰਾਂ ਤੇ ਪੰਜਾਬ ਰਾਜ ਕਮਿਸ਼ਨ ਫਾਰਮਰ ਵੱਲੋਂ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਲਿਆਂ ਦੇ ਬਾਗਾਂ ਤੋਂ ਵਧੀਆ ਆਮਦਨ ਹੋਣ ਕਰਕੇ ਇਸ ਹੇਠ ਰਕਬਾ 600 ਹੈਕਟੇਅਰ ਤੋਂ ਵੀ ਜਿਆਦਾ ਹੋ ਚੁੱਕਾ ਹੈ। ਪਟਿਆਲਾ, ਲੁਧਿਆਣਾ, ਮੋਗਾ, ਅੰਮਿ੍ਰਤਸਰ ਤੇ ਫਰੀਦਕੋਟ ਵਿੱਚ ਵੱਡੇ ਪੱਧਰ ’ਤੇ ਕੇਲਿਆਂ ਦੀ ਖੇਤੀ ਕੀਤੀ ਜਾ ਰਹੀ ਹੈ। ਪਟਿਆਲਾ ਜਿਲੇ੍ਹ ਦੇ ਟੌਹੜਾ ਅਤੇ ਲਾਂਗੜੀਆਂ ਪਿੰਡ ਦੇ ਦੋ ਕਿਸਾਨ ਕੇਲੇ ਦੀ ਖੇਤੀ ਵਿੱਚ ਮੱਲਾਂ ਮਾਰ ਚੁੱਕੇ ਹਨ। ਸਟੇਟ ਬੈਂਕ ਆਫ ਇੰਡੀਆ ਵੱਲੋਂ ਕਿਸਾਨਾਂ ਨੂੰ ਕੇਲਿਆਂ ਦੀ ਖੇਤੀ ਕਰਨ ਲਈ ਕਰਜਾ ਵੀ ਦਿੱਤਾ ਜਾਂਦਾ ਹੈ।

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬਾਗਬਾਨੀ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਭਗਵੰਤ ਸਿੰਘ ਚਾਹਲ ਦਾ ਕਹਿਣਾ ਹੈ ਕਿ ਪੀ. ਏ. ਯੂ. ਨੇ ਗਰੇਡ ਨੈਨੋ ਨਾਮਕ ਕਿਸਮ ਟੀਸ਼ੂ ਕਲਚਰ ਕਿਸਮ ਤਿਆਰ ਕੀਤੀ ਸੀ। ਜਿਸ ਨੂੰ ਪ੍ਰਯੋਗ ਦੇ ਰੂਪ ਵਿੱਚ ਹੀ ਕਈ ਥਾਵਾਂ ’ਤੇ ਬੀਜਿਆ ਗਿਆ। ਇਸ ਕਿਸਮ ਦੇ ਵਧੀਆ ਨਤੀਜੇ ਸਾਹਮਣੇ ਆਏ। ਪੰਜਾਬ ’ਚ 200 ਹੈਕਟੇਅਰ ਰਕਬੇ ਵਿੱਚ ਕੇਲੇ ਦੀ ਬਿਜਾਈ ਕਰਵਾਈ ਗਈ। 100 ਹੈਕਟੇਅਰ ਮੋਗਾ ਤੇ ਕੋਟਕਪੂਰਾ ਜਦੋਂਕਿ 80 ਹੈਕਟੇਅਰ ਵਿੱਚ ਇਕੱਲੇ ਲੁਧਿਆਣਾ ਜਿਲੇ੍ਹ ਅੰਦਰ ਕੇਲਿਆਂ ਦੀ ਫਸਲ ਦੀ ਕਾਸ਼ਤ ਕੀਤੀ ਗਈ। ਡਾ. ਚਾਹਲ ਦੇ ਦੱਸਣ ਅਨੁਸਾਰ ਅਗਸਤ-ਸਤੰਬਰ ਮਹੀਨੇ ਕੇਲਿਆਂ ਦੀ ਕਾਸ਼ਤ ਕਰਨੀ ਲਾਭਦਾਇਕ ਰਹਿੰਦੀ ਹੈ। ਪ੍ਰਤੀ ਹੈਕਟੇਅਰ ਕੇਲਿਆਂ ਦਾ ਉਤਪਾਦਨ 12 ਤੋਂ 13 ਟਨ ਹੋ ਜਾਦਾ ਹੈ। ਸ਼ੁਰੂਆਤ ਵਿੱਚ ਇਹ ਉਤਪਾਦਨ 9 ਤੋਂ 10 ਟਨ ਰਹਿੰਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਰਾਜ ਸਰਕਾਰ ਦੇ ਸਹਿਯੋਗ ਨਾਲ ਕੇਲਿਆਂ ਦੀ ਖੇਤੀ ਨੂੰ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਲੈ ਕੇ ਕਿਸਾਨਾਂ ਨੂੰ ਕਾਸ਼ਤ ਕਰਨ ’ਤੇ ਆਉਣ ਵਾਲੇ ਖਰਚ ’ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੇਲੇ ਦਾ ਬੂਟਾ 14 ਮਹੀਨੇ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਛੇਤੀ ਹੀ ਪੰਜਾਬ ਕੇਲਿਆਂ ਦੇ ਉਤਪਾਦਨ ਵਿੱਚ ਖੁਦ ਹੀ ਨਿਰਭਰ ਹੋ ਜਾਵੇਗਾ। ਇੱਕ ਕਿਸਾਨ ਨੇ ਤਜਰਬੇ ਦੇ ਤੌਰ ’ਤੇ ਕਾਸ਼ਤ ਕੀਤੇ ਗਏ ਕੇਲਿਆਂ ਤੋਂ ਪਹਿਲੇ ਹੀ ਸਾਲ 1.5 ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਪ੍ਰਾਪਤ ਕੀਤੀ ਤੇ ਹੋਰ ਕਿਸਾਨਾਂ ਨੂੰ ਇਸ ਫਸਲ ਵੱਲ ਉਤਸ਼ਾਹਿਤ ਕੀਤਾ। ਉਸ ਨੇ ਤਜਰਬੇ ਦੇ ਤੌਰ ’ਤੇ ਝੋਨਾ-ਕਣਕ ਘਟਾ ਕੇ ਕੇਲਿਆਂ ਦੀ ਫਸਲ ਬੀਜ ਲਈ ਪਰ ਜਾਣਕਾਰੀ ਨਾ ਹੋਣ ਕਰਕੇ ਕੋਹਰੇ ਦੀ ਮਾਰ ਕਾਰਨ ਥੋੜ੍ਹਾ ਨੁਕਸਾਨ ਵੀ ਹੋਇਆ। ਦੂਸਰੇ ਸਾਲ 1.47 ਲੱਖ ਦਾ ਲਾਭ ਹੋਇਆ। ਪਹਿਲੇ ਸਾਲ ਪ੍ਰਤੀ ਏਕੜ 35-40 ਹਜਾਰ ਰੁਪਏ ਖਰਚ ਆ ਜਾਂਦਾ ਹੈ। ਫਿਰ ਇਹ ਫਸਲ ਪੂਰੇ ਪੰਜ ਸਾਲ ਆਮਦਨ ਦਿੰਦੀ ਹੈ। ਇੱਕ ਏਕੜ ਵਿੱਚੋਂ ਤਕਰੀਬਨ 170 ਕੁਇੰਟਲ ਕੇਲੇ ਦੀ ਪੈਦਾਵਾਰ ਹੁੰਦੀ ਹੈ।

ਭਾਰਤੀ ਕੇਲਿਆਂ ਦੀ ਵਿਦੇਸ਼ਾਂ ’ਚ ਇੰਨੀ ਜਿਆਦਾ ਮੰਗ ਵਧ ਗਈ ਹੈ ਕਿ ਸਾਲ 2008-09 ਦੌਰਾਨ ਹੀ ਕੇਲੇ ਦੀ ਮੰਗ 89 ਫੀਸਦੀ ਤੱਕ ਪਹੁੰਚ ਗਈ। ਯੂਰਪੀ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਵਿੱਚ ਭਾਰਤੀ ਕੇਲੇ ਦਾ ਸਵਾਦ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਜਾਣਕਾਰਾਂ ਮੁਤਾਬਿਕ ਸਾਲ 2008-09 ਅੰਦਰ ਦੇਸ਼ ਵਿੱਚੋਂ ਕੇਲੇ ਦੇ ਨਿਰਯਾਤ 89 ਫੀਸਦੀ ਵਧ ਕੇ 25,013 ਟਨ ਤੱਕ ਪਹੁੰਚ ਗਿਆ। ਜਦੋਂ ਕਿ ਇਸ ਤੋਂ ਪਿਛਲੇ ਸਾਲ ਇਹ ਅੰਕੜਾ ਸਿਰਫ਼ 13,207 ਟਨ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦੇਸ਼ਾਂ ਵਿੱਚ ਕੇਲੇ ਦੀ ਮੰਗ ਬਹੁਤ ਵਧ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੰਗ ਦਾ ਸਭ ਤੋਂ ਵੱਡਾ ਕਾਰਨ ਕੇਲਿਆਂ ਦੀ ਵਧੀਆ ਕਿਸਮ ਦਾ ਤਿਆਰ ਹੋਣਾ ਹੈ।ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਕੇਲੇ ਦੀ ਪੈਦਾਵਾਰ ਕਰਨ ਵਾਲੇ ਭਾਰਤ ਵਿੱਚ 16.47 ਲੱਖ ਹੈਕਟੇਅਰ ਤੋਂ ਵੀ ਜਿਆਦਾ ਖੇਤੀ ਹੋ ਰਹੀ ਹੈ ਅਤੇ ਇਹ ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ।

ਕਿੰਨੂੰ, ਅੰਗੂਰ, ਆੜੂ, ਸੰਗਤਰਾ, ਕੇਲੇ, ਨਿੰਬੂ, ਪਿਉਂਦੀ ਬੇਰ ਆਦਿ ਸਮੇਤ ਬਹੁਤ ਸਾਰੇ ਫਲ ਬਾਗਬਾਨੀ ਦੇ ਖੇਤਰ ’ਚ ਆਉਂਦੇ ਹਨ ਪਰ ਇਹ ਫਲ ਮੌਸਮੀ ਅਤੇ ਪੂਰੇ ਸਾਲ ਵਿੱਚ ਇੱਕ ਹੀ ਫਸਲ ਦਿੰਦੇ ਹਨ। ਇਸ ਤੋਂ ਬਾਅਦ ਬਾਗਬਾਨ ਵਿਹਲਾ ਹੋ ਜਾਂਦਾ ਹੈ। ਅਮਰੂਦ ਬਾਗਬਾਨੀ ਦੀ ਖੇਤੀ ਵਿੱਚ ਅਜਿਹੀ ਫਸਲ ਹੈ ਜਿਹੜੀ ਪੰਜਾਬ ਦੇ ਹਰ ਖੇਤਰ ’ਚ ਹੋ ਸਕਦੀ ਹੈ ਅਤੇ ਮੌਸਮ ਦੇ ਮੁਤਾਬਿਕ ਇੱਕ ਫਸਲ ਹੀ ਨਹੀਂ ਦਿੰਦੀ ਸਗੋਂ ਪੂਰਾ ਸਾਲ ਹੀ ਅਮਰੂਦ ਦੀ ਫਸਲ ਚੱਲਦੀ ਰਹਿੰਦੀ ਹੈ। ਇੱਕ ਸਾਲ ਵਿੱਚ ਤਿੰਨ ਵਾਰੀ ਅਮਰੂਦ ਦੇ ਬਾਗਾਂ ਤੋਂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਆਮਦਨ ਤੋਂ ਬਿਨਾਂ ਹਰੇ-ਭਰੇ ਖੇਤ ਹੋਣ ਕਰਕੇ ਹਰਿਆਵਾਲ ਵਿੱਚ ਵੀ ਵਾਧਾ ਹੰੁਦਾ ਹੈ। ਜੇਕਰ ਹੋਰ ਜਿਆਦਾ ਆਮਦਨ ਲੈਣੀ ਹੋਵੇ ਤਾਂ ਅਮਰੂਦ ਦੇ ਬਾਗਾਂ ਵਿੱਚ ਵੇਲਾਂ ਵਾਲੀਆਂ ਸਬਜੀਆਂ ਵੀ ਬੀਜੀਆਂ ਜਾ ਸਕਦੀਆਂ ਹਨ ਪਰ ਵੇਲ ਅਮਰੂਦ ਦੇ ਬੂਟੇ ’ਤੇ ਨਹੀਂ ਚੜ੍ਹਨੀ ਚਾਹੀਦੀ ਸਗੋਂ ਅਮਰੂਦ ਦੇ ਬਾਗਾਂ ਵਿੱਚ ਉੱਗੇ ਹੋਏ ਘਾਹ-ਫੂਸ ਦੁਆਲੇ ਹੀ ਘੁੰਮਦੀ ਰਹਿਣੀ ਚਾਹੀਦੀ ਹੈ।

ਅਮਰੂਦ ਦੇ ਬਾਗ ਲਾਉਣ ਦਾ ਸਮਾਂ:

ਅਮਰੂਦ ਦੇ ਬਾਗ ਲਾਉਣ ਦਾ ਸਮਾਂ ਜੂਨ-ਜੁਲਾਈ ਹੀ ਢੱੁਕਵਾਂ ਮੰਨਿਆ ਜਾਂਦਾ ਹੈ। ਭਾਵੇਂ ਅਕਤੂਬਰ-ਨਵੰਬਰ ਵਿੱਚ ਵੀ ਅਮਰੂਦ ਦੇ ਬਾਗ ਲਾਏ ਜਾ ਸਕਦੇ ਹਨ ਪਰ ਅੱਗੇ ਸਰਦੀ ਦਾ ਮੌਸਮ ਹੋਣ ਕਾਰਨ ਬੂਟਿਆਂ ਨੂੰ ਠੰਢ ਤੋਂ ਬਚਾਅ ਲਈ ਪ੍ਰਬੰਧ ਕਰਨੇ ਪੈਂਦੇ ਹਨ। ਜਿਸ ਕਰਕੇ ਜੂਨ-ਜੁਲਾਈ ਮਹੀਨੇ ਹੀ ਅਮਰੂਦ ਦਾ ਬਾਗ ਲਾਉਣਾ ਚਾਹੀਦਾ ਹੈ। ਜਿਲ੍ਹਾ ਪਟਿਆਲਾ ਦੇ ਪਿੰਡ ਘੱਗਾ ਵਿਖੇ ਅਮਰੂਦਾਂ ਦਾ ਬਾਗ ਲਾਉਣ ਵਾਲੇ ਰਛਪਾਲ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਇੱਕ ਏਕੜ ਵਿੱਚ 110 ਤੋਂ 145 ਅਮਰੂਦਾਂ ਦੇ ਬੂਟੇ ਲਾਏ ਜਾ ਸਕਦੇ ਹਨ। ਬੂਟੇ ਤੋਂ ਬੂਟੇ ਦਾ ਫਾਸਲਾ 10ਗੁਣਾ12 ਰੱਖਿਆ ਜਾ ਸਕਦਾ ਹੈ ਪਰ ਬਾਗਬਾਨੀ ਵਿਭਾਗ ਬੂਟੇ ਤੋਂ ਬੂਟੇ ਦੇ ਫਾਸਲੇ ਦੀ ਸਿਫਾਰਸ਼ 20ਗੁਣਾ20 ਕਰਦਾ ਹੈ। ਉਨ੍ਹਾਂ ਕੋਲ ਹੁਣ ਤਿੰਨ ਏਕੜ ’ਚ ਅਮਰੂਦਾਂ ਦਾ ਬਾਗ ਹੈ ਅਤੇ ਦੋ ਏਕੜ ਹੋਰ ਲਾਉਣ ਦੀ ਯੋਜਨਾ ਚੱਲ ਰਹੀ ਹੈ। ਜਿੱਥੇ ਬੂਟੇ ਤੋਂ ਬੂਟੇ ਦਾ ਫਾਸਲਾ 11ਗੁਣਾ12 ਰੱਖਿਆ ਜਾਵੇਗਾ।

ਬੂਟੇ ਦੀ ਕੀਮਤ ਤੇ ਕਿਸਮਾਂ:

ਅਮਰੂਦ ਦੇ ਬੂਟਿਆਂ ਦੀ ਸਭ ਤੋਂ ਵੱਧ ਪ੍ਰਚੱਲਿਤ ਕਿਸਮ ਨੂੰ ਹਿਸਾਰ ਸਫੈਦਾ ਕਿਹਾ ਜਾਂਦਾ ਹੈ। ਜਿਆਦਾਤਰ ਇਹੀ ਕਿਸਮ ਬਾਗਬਾਨੀ ਲਈ ਵਰਤੀ ਜਾ ਰਹੀ ਹੈ। ਪਰ ਬਾਗ ਅੰਦਰ ਕਿਸਮ ਵਧਾਉਣ ਲਈ ਐਪਲ ਗਵਾਵਾ ਕਿਸਮ ਦੇ ਕੁਝ ਬੂਟੇ ਵੀ ਲਾਏ ਜਾ ਸਕਦੇ ਹਨ। ਇਸ ਕਿਸਮ ਦੇ ਫਲ ਉੱਪਰੋਂ ਲਾਲ ਰੰਗ ਦੇ ਹੰੁਦੇ ਹਨ। ਅਮਰੂਦਾਂ ਦੀ ਤੀਸਰੀ ਕਿਸਮ ਪੰਜਾਬ ਪਿੰਕ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਅੰਦਰੋਂ ਲਾਲ ਹੰੁਦਾ ਹੈ। ਸਰਕਾਰੀ ਤੌਰ ’ਤੇ ਅਮਰੂਦ ਦੇ ਬੂਟੇ ਦੀ ਕੀਮਤ 45 ਰੁਪਏ ਪ੍ਰਤੀ ਬੂਟਾ ਰੱਖੀ ਗਈ ਹੈ ਪਰ ਨਿੱਜੀ ਤੌਰ ’ਤੇ ਅਮਰੂਦਾਂ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ 100/150 ਰੁਪਏ ਪ੍ਰਤੀ ਬੂਟੇ ਦੀ ਕੀਮਤ ਰੱਖਦੀਆਂ ਹਨ।

ਹਰਿਆਣਾ ਰਾਜ ਦੇ ਕਸਬਾ ਭੂਨਾ ਤੇ ਕਲਾਇਤ ਵਿਖੇ ਅਮਰੂਦ ਦੇ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ ਹਨ। ਪਰ ਕਲਾਇਤ ਨੇੜੇ ਪਿੰਡ ਜਲਾਨੀਖੇੜਾ ’ਚ ਚੱਲ ਰਹੀ ਨਰਸਰੀ ਵਿੱਚੋਂ ਮਿਲਣ ਵਾਲੇ ਬੂਟਿਆਂ ਦੀ ਕੀਮਤ ਵੀ ਠੀਕ ਦੱਸੀ ਜਾ ਰਹੀ ਹੈ ਤੇ ਨਰਸਰੀ ਵਧੀਆ ਬੂਟੇ ਤਿਆਰ ਕਰਨ ਕਰਕੇ ਰਾਸ਼ਟਰੀ ਪੱਧਰ ’ਤੇ ਐਵਾਰਡ ਵੀ ਲੈ ਚੁੱਕੀ ਹੈ। ਜਿਸ ਕਰਕੇ ਅਮਰੂਦਾਂ ਦਾ ਬਾਗ ਲਾਉਣ ਤੋਂ ਪਹਿਲਾਂ ਬੂਟੇ ਕਿਸੇ ਭਰੋਸੇਯੋਗ ਸਰਕਾਰੀ ਜਾਂ ਗੈਰ-ਸਰਕਾਰੀ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ ਕਿਉਂਕਿ ਵਧੀਆ ਜਾਂ ਘਟੀਆਂ ਬੂਟਿਆਂ ਦੀ ਪਹਿਚਾਣ ਤਿੰਨ ਸਾਲ ਬਾਅਦ ਜਾ ਕੇ ਹੋਣੀ ਹੈ। ਜੇਕਰ ਗੈਰ-ਭਰੋਸੇਮੰਦ ਨਰਸਰੀ ਤੋਂ ਬੂਟੇ ਲੈ ਕੇ ਲਾ ਲਏ ਅਤੇ ਤਿੰਨ ਸਾਲ ਬਾਅਦ ਨਤੀਜੇ ਮਾੜੇ ਨਿੱਕਲੇ ਤਾਂ ਕੀਤੀ ਗਈ ਸਾਰੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ।

banana

ਅਮਰੂਦ ਦੇ ਫਲਾਂ ਦੀ ਤੁੜਾਈ:

ਅਮਰੂਦ ਦੇ ਫਲਾਂ ਦੀ ਤੁੜਾਈ ਖਾਸ ਕਰਕੇ ਹਿਸਾਰ ਸਫੈਦਾ ਕਿਸਮ ਦੀ ਜੁਲਾਈ, ਨਵੰਬਰ ਅਤੇ ਮਾਰਚ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਲੀਚੀ, ਅੰਬ, ਜਾਮਨ, ਅੰਗੂਰ ਆਦਿ ਵਰਗੇ ਫਲਾਂ ਦੇ ਮੁਕਾਬਲੇ ਅਮਰੂਦ ਨੂੰ ਲੰਮੇ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਤੇ ਮੰਡੀਕਰਨ ਸਮੇਂ ਫਲ ਖਰਾਬ ਵੀ ਨਹੀਂ ਹੁੰਦਾ। ਜਦੋਂ ਕਿ ਦੂਸਰੇ ਕੁਝ ਘੰਟਿਆਂ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ ਫਿਰ ਮੰਡੀ ਵਿੱਚ ਲੈ ਕੇ ਜਾਣ ਸਮੇਂ ਸਾਵਧਾਨੀ ਵਰਤਣੀ ਪੈਂਦੀ ਹੈ ਦੂਸਰਾ ਪੱਖ ਇਹ ਵੀ ਹੈ ਕਿ ਜੇਕਰ ਖਰਾਬ ਮੌਸਮ ਕਾਰਨ ਅਮਰੂਦ ਦਾ ਫਲ ਬੂਟਿਆਂ ਨਾਲੋਂ ਟੁੱਟ ਜਾਵੇ ਤਾਂ ਵੀ ਮੰਡੀ ਵਿੱਚ ਵੇਚਿਆ ਜਾ ਸਕਦਾ ਹੈ ਪਰ ਜਾਮਨ, ਲੀਚੀ, ਸੰਗਤਰਾ ਬਗੈਰਾ ਬੂਟੇ ਤੋਂ ਟੁੱਟ ਕੇ ਡਿੱਗਣ ਸਾਰ ਹੀ ਖਰਾਬ ਹੋ ਜਾਂਦੇ ਹਨ।

ਜਦੋਂ ਅਸੀਂ ਅਮਰਦੂਾਂ ਦੇ ਬਾਗਾਂ ਤੋਂ ਆਮਦਨ ਹੋਣ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਆਮਦਨ ਤਿੰਨ ਕੁ ਸਾਲ ਬਾਅਦ ਸ਼ੁਰੂ ਹੋ ਜਾਂਦੀ ਹੈ। ਜਿਹੜੀ ਇੱਕ ਲੱਖ ਰੁਪਏ ਪ੍ਰਤੀ ਏਕੜ ਤੋਂ ਸ਼ੁਰੂ ਹੋ ਕੇ ਪੰਜ ਲੱਖ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਸਕਦੀ ਹੈ। ਪੰਜ ਸਾਲ ਦੇ ਬੂਟਿਆਂ ਵਾਲਾ ਬਾਗ ਪ੍ਰਤੀ ਏਕੜ 4 ਤੋਂ ਪੰਜ ਲੱਖ ਰੁਪਏ ਸਾਲਾਨਾ ਠੇਕੇ ’ਤੇ ਚੜ੍ਹ ਜਾਂਦਾ ਹੈ। ਜੇਕਰ ਬਾਗ ਦਾ ਮਾਲਕ ਖੁਦ ਮੰਡੀਕਰਨ ਕਰਦਾ ਹੈ ਤਾਂ ਹੋਰ ਵੀ ਵੱਧ ਆਮਦਨ ਲੈ ਸਕਦਾ ਹੈ। ਅਸੀਂ ਵੇਖਦੇ ਹਾਂ ਕਿ ਸੜਕਾਂ ਨੇੜੇ ਲਾਏ ਗਏ ਅਮਰੂਦਾਂ ਦੇ ਬਾਗ ਜਿਆਦਾ ਆਮਦਨ ਦਿੰਦੇ ਹਨ ਕਿਉਂਕਿ ਸੜਕ ਕਿਨਾਰੇ ਬਾਗ ਵਿੱਚੋਂ ਤੋੜੇ ਹੋਏ ਅਮਰੂਦ ਸਿੱਧਾ ਹੀ ਖਪਤਕਾਰ ਨੂੰ ਵੇਚ ਕੇ ਦੁੱਗਣੀ ਆਮਦਨ ਹੋ ਜਾਂਦੀ ਹੈ।

ਅਮਰੂਦਾਂ ਦੇ ਬਾਗਾਂ ਵਿੱਚ ਪੰਜ ਸਾਲ ਦਾ ਬੂਟਾ ਸਾਲਾਨਾ ਡੇਢ ਕੁਇੰਟਲ ਫਲ ਦੇ ਸਕਦਾ ਹੈ। ਜਿਸ ਦੀ ਘੱਟੋ-ਘੱਟ ਕੀਮਤ ਅਸੀਂ ਤਿੰਨ ਹਜਾਰ ਰੁਪਏ ਲਾ ਸਕਦੇ ਹਾਂ। ਇਸੇ ਹਿਸਾਬ ਨਾਲ ਜੇਕਰ ਪ੍ਰਤੀ ਏਕੜ ’ਚ 125 ਬੂਟੇ ਵੀ ਵਧੀਆ ਫਲ ਦੇਣ ਵਾਲੇ ਹੋਣ ਤਾਂ ਕਿਸਾਨ ਆਪਣੇ-ਆਪ ਹਿਸਾਬ ਲਾ ਸਕਦੇ ਹਨ ਕਿ ਕਣਕ/ਝੋਨੇ ਦੇ ਮੁਕਾਬਲੇ ਅਮਰੂਦ ਦਾ ਬਾਗ ਕਿੰਨੀ ਕਮਾਈ ਦੇ ਰਿਹਾ ਹੈ ਅਤੇ ਮਿਹਨਤ ਵੀ ਫਸਲਾਂ ਦੇ ਮੁਕਾਬਲੇ ਘੱਟ ਕਰਨੀ ਪੈਂਦੀ ਹੈ। ਪਾਣੀ ਦੀ ਬੱਚਤ ਹੋਣ ਦੇ ਨਾਲ ਹਰਿਆਵਲ ਹੋਣ ਕਰਕੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ।

ਬਾਗ ਵਿੱਚ ਸ਼ਹਿਦ ਦੀਆਂ ਮੱਖੀਆਂ ਅਤੇ ਸਬਜ਼ੀਆਂ:

ਅਮਰੂਦਾਂ ਦੇੇ ਬਾਗ ਅੰਦਰ ਵੇਲਾਂ ਵਾਲੀਆਂ ਸਬਜੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਜਿਨ੍ਹਾਂ ਵਿੱਚ ਕੱਦੂ, ਖੀਰਾ, ਤੋਰੀ, ਕਰੇਲੇ, ਤਰਾਂ ਆਦਿ ਸਮੇਤ ਕਈ ਕਿਸਮ ਦੀਆਂ ਵੇਲਾਂ ਵਾਲੀਆਂ ਸਬਜ਼ੀਆਂ ਵੀ ਬੀਜੀਆਂ ਜਾ ਸਕਦੀਆਂ ਹਨ। ਜਿਨ੍ਹਾਂ ਨੂੰ ਮੰਡੀ ਵਿੱਚ ਵੇਚ ਕੇ ਵੱਖਰੇ ਤੌਰ ’ਤੇ ਆਮਦਨ ਹੋ ਸਕਦੀ ਹੈ। ਬਾਗ ਵਿੱਚ ਲਾਈਆਂ ਗਈਆਂ ਵੇਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਵੇਲ ਅਮਰੂਦ ਦੇ ਬੂਟੇ ’ਤੇ ਨਹੀਂ ਚੜ੍ਹਨੀ ਚਾਹੀਦੀ ਸਗੋਂ ਬਾਗ ਵਿੱਚ ਉੱਗੇ ਹੋਏ ਘਾਹ-ਫੂਸ ’ਤੇ ਹੀ ਫੈਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਵੀ ਰੱਖੇ ਜਾ ਸਕਦੇ ਹਨ। ਜਿਹੜੇ ਸ਼ਹਿਦ ਦੀ ਪੈਦਾਵਾਰ ਦੇ ਨਾਲ ਹੀ ਅਮਰੂਦ ਦੇ ਬੂਟਿਆਂ ’ਤੇ ਪਰਪਰਾਗਣ ਕਿਰਿਆ ਕਰਕੇ ਫਲਾਂ ਦੇ ਝਾੜ ਵਿੱਚ ਵੀ ਵਾਧਾ ਕਰਦੇ ਹਨ। ਅਮਰੂਦਾਂ ਦੇ ਬਾਗ ਵਿੱਚ ਰੱਖੇ ਹੋਏ ਬਕਸੇ ਜਿਆਦਾ ਨਹੀ ਤਾਂ ਸਾਲਾਨਾ 20/25 ਕਿਲੋ ਸ਼ਹਿਦ ਦੀ ਪੈਦਾਵਾਰ ਦੇ ਸਕਦੇ ਹਨ।

ਬਾਗਾਂ ਤੇ ਮੱਖੀਆਂ ’ਤੇ ਸਬਸਿਡੀ:

ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ 50 ਸ਼ਹਿਦ ਦੀ ਮੱਖੀ ਦੇ ਬਕਸੇ ਖਰੀਦਣ ’ਤੇ 80 ਹਜਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਜਦੋਂਕਿ ਦੋ ਏਕੜ ਅਮਰੂਦਾਂ ਦਾ ਨਵਾਂ ਬਾਗ ਲਾਉਣ ਲਈ 28 ਹਜਾਰ ਰੁਪਏ ਦੇ ਕਰੀਬ ਸਬਸਿਡੀ ਦਿੱਤੀ ਜਾ ਰਹੀ ਹੈ। ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਦੋ ਹੈਕਟੇਅਰ ’ਤੇ 40 ਹਜਾਰ ਰੁਪਏ ਦਿੱਤੇ ਜਾ ਰਹੇ ਹਨ। ਬਾਗਾਂ ਦੀ ਸਾਂਭ-ਸੰਭਾਲ ਲਈ 4 ਹੈਕਟੇਅਰ ਦੇ ਬਾਗ ’ਤੇ ਤਕਰੀਬਨ 15 ਹਜਾਰ ਰੁਪਏ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਕਿਸਾਨ ਹੋਰਨਾਂ ਫਸਲਾਂ ਦੇ ਨਾਲ ਇੱਕ ਦੋ ਏਕੜ ਰਕਬੇ ਵਿੱਚ ਅਮਰੂਦ ਦੇ ਬਾਗ ਲਾ ਕੇ ਬਾਗਬਾਨੀ ਵਿਭਾਗ ਕੋਲੋਂ ਆਰਥਿਕ ਮੱਦਦ ਲੈ ਸਕਦੇ ਹਨ ਤੇ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਨ।
ਬਿ੍ਰਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here