Breaking News

ਬਠਿੰਡਾ: ਵੀਨੂੰ ਬਾਦਲ ਦੀਆਂ ਸਰਗਰਮੀਆਂ ਬਣੀਆਂ ਚਰਚਾ ਦਾ ਵਿਸ਼ਾ

Bathinda, VeenaBadal

ਜੇਠਾਣੀ ਦੇ ਮੁਕਾਬਲੇ ਦਰਾਣੀ ਉਮੀਦਵਾਰ ਬਣਨ ਦੇ ਚਰਚੇ

ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਸੰਸਦੀ ਹਲਕੇ ‘ਚ  ਅਗਲਾ ਚੋਣ ਦੰਗਲ ਬਾਦਲ ਪਰਿਵਾਰ ਦੀਆਂ ਦੋ ਨੂੰਹਾਂ ਵਿਚਕਾਰ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਖ਼ੁਦ ਹਲਕੇ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਗ਼ੈਰਹਾਜ਼ਰੀ ‘ਚ ਉਹਨਾਂ ਦੀ ਪਤਨੀ ਵੀਨੂੰ ਬਾਦਲ ਤੇ ਜੈਜੀਤ ਜੌਹਲ ਹਲਕਾ ਸੰਭਾਲ ਰਹੇ ਹਨ ਅੱਜ ਭੈਣ-ਭਰਾਵਾਂ ਨੇ ਬਠਿੰਡਾ ‘ਚ ਕਾਂਗਰਸ ਵੱਲੋਂ ਇੱਕ ਅਕਾਲੀ ਕੌਂਸਲਰ ਤੇ ਉਨ੍ਹਾਂ ਦੇ ਪਤੀ ਅਕਾਲੀ ਆਗੂ ਬੰਤ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕਰਨ ਲਈ ਕਰਵਾਏ ਇੱਕ ਪ੍ਰੋਗਰਾਮ ‘ਚ ਸ਼ਮੂਲੀਅਤ ਕੀਤੀ ਵੀਨੂੰ ਬਾਦਲ ਦੀ ਬਠਿੰਡਾ ‘ਚ ਮੁੜ ਸਰਗਰਮੀ ਸ਼ੁਰੂ ਕਰਨ ਨੂੰ ਲੈਕੇ ਅੱਜ ਦੇ ਸਮਾਗਮ ‘ਚ ਵੀ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ।

ਸਾਬਕਾ ਐੱਮਪੀ ਗੁਰਦਾਸ ਸਿੰਘ ਬਾਦਲ ਦੇ ਪਰਿਵਾਰ ਲਈ ਸੰਸਦੀ ਹਲਕਾ ਬਠਿੰਡਾ ਨਵਾਂ ਨਹੀਂ ਹੈ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਹਰਸਿਮਰਤ ਕੌਰ ਬਾਦਲ ਤੋਂ ਬਹੁਤ ਘੱਟ ਵੋਟਾਂ ਨਾਲ ਹਾਰ ਹੋਈ ਸੀ ਪਰ ਉਨ੍ਹਾਂ ਨੇ ਅਕਾਲੀ ਉਮੀਦਵਾਰ ਨੂੰ ਜ਼ਬਰਦਸਤ ਟੱਕਰ ਦਿੱਤੀ ਵੀਨੂੰ ਬਾਦਲ ਨੇ ਵੀ ਇਨ੍ਹਾਂ ਚੋਣਾਂ ‘ਚ ਅਹਿਮ ਭੂਮਿਕਾ ਨਿਭਾਈ ਸੀ ਖਾਸ ਤੌਰ ‘ਤੇ ਬਠਿੰਡਾ ਸ਼ਹਿਰੀ ਹਲਕੇ ‘ਚ ਤਾਂ ਪਹਿਲਾਂ ਲੋਕ ਸਭਾ ਚੋਣਾਂ ਤੇ ਮਗਰੋਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਨੇ ਹਰ ਗਲੀ ਮੁਹੱਲੇ ‘ਚ ਗੇੜਾ ਲਾਇਆ ਵਿਧਾਨ ਸਭਾ ਚੋਣਾਂ ‘ਚ ਸ਼ਹਿਰੀ ਹਲਕੇ ‘ਚੋਂ ਮਨਪ੍ਰੀਤ ਬਾਦਲ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀ ਜਦੋਂਕਿ ਹਾਰ ਦੇ ਬਾਵਜ਼ੂਦ ਸੰਸਦੀ ਚੋਣਾਂ ‘ਚ ਉਨ੍ਹਾਂ ਦੇ 29 ਹਜ਼ਾਰ ਤੋਂ ਵੱਧ ਵੋਟ ਵਧ ਗਏ ਸਨ ਸ਼ੁਰੂਆਤੀ ਦੌਰ ‘ਚ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਗਿੱਦੜਬਾਹਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਂਅ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਸੀ ਪਰ ਮਨਪ੍ਰੀਤ ਵੱਲੋਂ ਨਾਂਹ ਕਰਨ ਤੋਂ ਬਾਅਦ ਵੀਨੂੰ ਬਾਦਲ ਦੇ ਚਰਚੇ ਛਿੜ ਗਏ ਹਨ ਵੀਨੂੰ ਬਾਦਲ ਦੇ ਮੈਦਾਨ ‘ਚ ਆਉਣ ਮਗਰੋਂ ਕਾਂਗਰਸੀ ਉਮੀਦਵਾਰ ਤੇ ਬਾਹਰੀ ਹੋਣ ਦਾ ਠੱਪਾ ਲੱਗਣ ਤੋਂ ਬਚਾਓ ਹੋ ਜਾਣਾ ਹੈ ਦੂਸਰਾ ਇੱਕ ਹੀ ਵੱਡੇ ਸਿਆਸੀ ਪਰਿਵਾਰ ਦੇ ਦੋ ਉਮੀਦਵਾਰਾਂ ਦੇ ਚੋਣ ਲੜਨ ਕਾਰਨ ਮੁਕਾਬਲਾ ਦਿਲਚਸਪ ਹੋਣ ਦੀ ਵੀ ਸੰਭਾਵਨਾ ਹੈ ਕਾਂਗਰਸੀ ਹਲਕਿਆਂ ‘ਚ ਵੀ ਹੁਣ ਤਾਂ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਨਵੇਂ ਉਭਰ ਰਹੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਵੀਨੂੰ ਬਾਦਲ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਦਾ ਲੋਕ ਸਭਾ ਚੋਣਾਂ ਬਠਿੰਡਾ ਹਲਕੇ ਤੋਂ ਲੜਨਾ ਲਗਭਗ ਤੈਅ ਹੈ ਜੇਕਰ ਕਾਂਗਰਸ ਨੇ ਹਰੀ ਝੰਡੀ ਵਿਖਾ ਦਿੱਤੀ ਤਾਂ ਬਠਿੰਡਾ ਸੰਸਦੀ ਹਲਕੇ ‘ਚ ਮੁਕਾਬਲਾ ਬਾਦਲ ਪਰਿਵਾਰ ਦੀਆਂ ਨੂੰਹਾਂ ਵਿਚਕਾਰ ਹੋਵੇਗਾ ।

ਭੈਣ ਜੀ ਨਹੀਂ ਲੜਨਗੇ ਚੋਣ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਅੱਜ ਦੀ ਮੀਟਿੰਗ ਦਾ ਮੰਤਵ ਪਾਰਟੀ ਵਰਕਰਾਂ ਨੂੰ ਅਗਾਮੀ ਚੋਣਾਂ ਲਈ ਲਾਮਬੰਦ ਕਰਨਾ ਤੇ ਅਕਾਲੀ ਦਲ ਦੀ ਮਹਿਲਾ ਕੌਂਸਲਰ ਸ਼ਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਬੰਤ ਸਿੰਘ ਸਿੱਧੂ ਦੀ ਕਾਂਗਰਸ ‘ਚ ਸ਼ਮੂਲੀਅਤ ਸੀ ਉਨ੍ਹਾਂ ਆਖਿਆ ਕਿ ਭੈਣ ਜੀ ਬਿਲਕੁਲ ਵੀ ਚੋਣ ਨਹੀਂ ਲੜਨਗੇ ਇਹ ਗੱਲ ਪਰਿਵਾਰ ਨੇ ਤੈਅ ਕੀਤੀ ਹੋਈ ਹੈ ਜਦੋਂ ਉਨ੍ਹਾਂ ਨੂੰ ਅਹਿਮ ਸੂਤਰਾਂ ਦੇ ਹਵਾਲੇ ਨਾਲ ਸੂਚਨਾ ਮਿਲਣ ਬਾਰੇ ਦੱਸਿਆ ਤਾਂ ਸ੍ਰੀ ਜੌਹਲ ਨੇ ਕਿਹਾ ਕਿ ‘ਮੇਰੇ ਨਾਲੋਂ ਜ਼ਿਆਦਾ ਅਹਿਮ ਸੂਤਰ ਹੋਰ ਕੋਈ ਕਿਵੇਂ ਹੋ ਸਕਦਾ ਹੈ।

ਕਾਂਗਰਸ ਨੇ ਜਿੱਤ ਦਾ ਟੀਚਾ ਮਿਥਿਆ

ਸ਼ਹਿਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੇ ਵੀ ਇਹੋ ਆਖਿਆ ਕਿ ਵੀਨੂੰ ਬਾਦਲ ਦੇ ਚੋਣ ਲੜਨ ਦੀ ਸੰਭਾਵਨਾ ਨਹੀਂ ਹੈ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਹਾਈਕਮਾਂਡ ਵੱਲੋਂ ਬਠਿੰਡਾ ਤੋਂ ਚੋਣ ਲੜਨ ਦਾ ਹੁਕਮ ਦੇਣ ਦੀ ਸੂਰਤ ‘ਚ ਕੀ ਫੈਸਲਾ ਹੋਵੇਗਾ, ਤਾਂ ਸ੍ਰੀ ਵਧਾਵਨ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਹਾਈਕਮਾਂਡ ਨੂੰ ਵੀ ਇਹੋ ਆਖਿਆ ਹੋਇਆ ਹੈ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਤਾਂ ਸੰਸਦੀ ਹਲਕਾ ਬਠਿੰਡਾ ‘ਚੋਂ ਉਮੀਦਵਾਰ ਕੋਈ ਵੀ ਹੋਵੇ ਜਿੱਤ ਦਾ ਟੀਚਾ ਮਿਥਿਆ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top