16.6 ਕਰੋੜ ਰੁਪਏ ਦੀਆਂ 24 ਹਜ਼ਾਰ ਐਲਈਡੀ ਲਾਇਟਾਂ ਨਾਲ ਚਮਕੇਗਾ ਹੁਣ ਬਠਿੰਡਾ

0

ਕੰਪਿਊਟਰਾਈਜ਼ਡ ਹੋਣਗੀਆਂ ਇਹ ਐਲਈਡੀ ਲਾਇਟਾਂ

ਬਠਿੰਡਾ, (ਸੁਖਜੀਤ ਮਾਨ) ਦਿਨ ਛਿਪਦਿਆਂ ਹੀ ਹੁਣ ਬਠਿੰਡਾ ਸ਼ਹਿਰ ਕਰੋੜਾਂ ਰੁਪਏ ਦੀਆਂ ਐਲਈਡੀ ਲਾਈਟਾਂ ਨਾਲ ਚਮਕਿਆ ਕਰੇਗਾ ਪੂਰੇ ਸ਼ਹਿਰ ‘ਚ ਇਹ ਕੰਪਿਊਟਰਾਈਜ਼ਡ 24 ਹਜ਼ਾਰ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਅਜ਼ਾਦੀ ਦਿਵਸ ਵਾਲੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਫਾਇਰ ਬ੍ਰਿਗੇਡ ਚੌਂਕ ਤੋਂ ਕੀਤੀ ਗਈ ਹੈ। ਵੇਰਵਿਆਂ ਮੁਤਾਬਿਕ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਨਾਲ 16.6 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸ਼ਹਿਰ ਦੀ ਗਲੀਆਂ ਅਤੇ ਮੋੜਾਂ ‘ਤੇ ਲਗਭਗ 24 ਹਜ਼ਾਰ ਐਲ.ਈ.ਡੀ. ਲਾਇਟਾਂ ਲਗਾਈਆਂ ਜਾ ਰਹੀਆਂ ਹਨ।

ਇਨਾਂ ਲਾਇਟਾਂ ਦੀ ਜਿੱਥੇ ਰੌਸ਼ਨੀ ਜ਼ਿਆਦਾ ਹੋਵੇਗੀ ਉੱਥੇ ਇਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਲਗਾਈਆਂ ਜਾਣ ਵਾਲੀਆਂ ਐਲ.ਈ.ਡੀ. ਲਾਇਟਾਂ ਕੰਪਿਊਟਰਾਈਜ਼ਡ ਹੋਣਗੀਆਂ ਜਿਨਾਂ ਦੇ ਖ਼ਰਾਬ ਹੋਣ ਬਾਰੇ ਕਿਸੇ ਵਿਅਕਤੀ ਨੂੰ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਸਗੋਂ ਕੰਟਰੋਲ ਰੂਮ ਤੋਂ ਬੈਠਾ ਵਿਅਕਤੀ ਹੀ ਇਨਾਂ ਨੂੰ ਠੀਕ ਕਰਵਾ ਸਕੇਗਾ। ਉਨਾਂ ਅੱਗੇ ਦੱਸਿਆ ਕਿ ਬਠਿੰਡਾ ‘ਚ ਬਹੁਤ ਜਲਦ 1320 ਏਕੜ ਰਕਬੇ ‘ਚ ਉਦਯੋਗਿਕ ਪਾਰਕ ਬਣਾਇਆ ਜਾਵੇਗਾ ਜਿਸ ਨਾਲ ਉਦਯੋਗਿਕ ਕ੍ਰਾਂਤੀ ਦੇ ਖੇਤਰ ਵਿਚ ਬਠਿੰਡਾ ਲੰਮੀਆਂ ਪੁਲਾਂਘਾ ਪੁੱਟੇਗਾ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਵੱਲੋਂ ਇੱਥੋਂ ਦੇ ਗੁਰੂ ਕੀ ਨਗਰੀ ਵਿਖੇ ਨਵੇਂ ਬਣੇ ਪੌਪ ਅੱਪ ਸਪਰਿੰਕਲਰ ਸਿਸਟਮ ਤੇ ਸੀ.ਸੀ.ਟੀ.ਵੀ ਕੈਮਰਿਆਂ ਵਾਲੇ ਪਾਰਕ ਦਾ ਵੀ ਉਦਘਾਟਨ ਕੀਤਾ। ਉਨਾਂ ਦੱਸਿਆ ਕਿ 1.25 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਅਜਿਹੇ ਹੋਰ ਵੀ ਵੱਖ-ਵੱਖ ਪਾਰਕ ਤਿਆਰ ਕੀਤੇ ਜਾ ਰਹੇ ਹਨ ਜਿਨਾਂ ‘ਚ ਪੌਪ ਅੱਪ ਸਪਰਿੰਕਲਰ ਸਿਸਟਮ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ।ਉਨਾਂ ਅਨਾਜ ਮੰਡੀ ਵਿਖੇ 155 ਲੱਖ ਰੁਪਏ ਦੀ ਲਗਾਤ ਨਵੀਂ ਬਣੀ ਫ਼ੜੀ ਮਾਰਕਿਟ ਦਾ ਉਦਘਾਟਨ ਵੀ ਕੀਤਾ। ਇਸ ਮਾਰਕਿਟ ਵਿਚ 273 ਨਵੀਆਂ ਫ਼ੜੀਆਂ ਬਣਾਈਆਂ ਗਈਆਂ ਹਨ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਮਾਰਕਿਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਅਰੁਣ ਵਧਾਵਨ, ਪਵਨ ਮਾਨੀ, ਟਹਿਲ ਸਿੰਘ ਸੰਧੂ ਅਤੇ ਅਨਿਲ ਭੋਲਾ ਆਦਿ ਹਾਜ਼ਰ ਸਨ

ਡੇਢ ਲੱਖ ਆਬਾਦੀ ਨੂੰ ਮਿਲਿਆ ਪੀਣ ਵਾਲੇ ਸਾਫ਼ ਪਾਣੀ ਦਾ ਤੋਹਫ਼ਾ

ਅਜ਼ਾਦੀ ਦਿਹਾੜੇ ਮੌਕੇ ਬਠਿੰਡਾ ਦੀ ਡੇਢ ਲੱਖ ਆਬਾਦੀ ਨੂੰ ਪੀਣ ਵਾਲੇ ਸਾਫ਼ ਪਾਣੀ ਦਾ ਤੋਹਫ਼ਾ ਮਿਲਿਆ ਹੈ ਵਿੱਤ ਮੰਤਰੀ ਨੇ ਇੱਥੋਂ ਦੇ ਉਦਯੋਗਿਕ ਗਰੋਥ ਸੈਂਟਰ ਵਿਖੇ 1.91 ਕਰੋੜ ਦੀ ਲਾਗਤ ਨਾਲ ਨਵੇਂ ਬਣੇ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਨ ਉਪਰੰਤ ਦੱਸਿਆ ਕਿ ਇਹ ਪਲਾਂਟ ਪ੍ਰਤੀ ਦਿਨ 5 ਮਿਲੀਅਨ ਗੇਲਣ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦਾ ਹੈ।ਇਸ ਟਰੀਟਮੈਂਟ ਪਲਾਂਟ ਦੇ ਚਾਲੂ ਹੋਣ ਨਾਲ ਇੱਥੋਂ ਦੀ ਲਗਭਗ 1.5 ਲੱਖ  ਆਬਾਦੀ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ