ਸਫ਼ਲ ਜੀਵਨ ਦਾ ਮੰਤਰ ਦ੍ਰਿੜ ਇੱਛਾ ਸ਼ਕਤੀ

Best, Tips, Successful, Life, Article

ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਨੂੰ ਕਰਨ ਵਾਲੇ ਵਿਅਕਤੀ, ਗੁੱਟ, ਸੰਸਥਾ ਜਾਂ ਸਰਕਾਰ ਦਾ ਉਸ ਪ੍ਰਤੀ ਰੁਚੀ ਜਾਂ ਲਗਨ ਦਾ ਹੋਣਾ ਲਾਜ਼ਮੀ ਗੁਣ ਮੰਨਿਆ ਜਾਂਦਾ ਹੈ ਲਗਨ ਨਾਲ ਕੰਮ ਕਰਨ ਵਾਲੇ ਵਿਅਕਤੀ ਨੂੰ ਕੰਮ ਕਰਦੇ ਸਮੇਂ ਇੱਕ ਵਿਸ਼ੇਸ਼ ਊਰਜਾ ਮਿਲਦੀ ਹੈ ਇਸੇ ਊਰਜਾ ਨੂੰ ਦੇਸੀ ਵਿਦੇਸ਼ੀ ਮਨੋ-ਵਿਗਿਆਨੀ ਇੱਛਾ-ਸ਼ਕਤੀ ਦਾ ਨਾਂਅ ਦਿੰਦੇ ਹਨ ਇਸੇ ਇੱਛਾ-ਸ਼ਕਤੀ ਨਾਲ ਔਖੇ ਤੋਂ ਔਖਾ ਕੰਮ ਵੀ ਸਹਿਜਤਾ ਨਾਲ ਥੋੜ੍ਹੇ ਸਮੇਂ ‘ਚ ਕੀਤਾ ਜਾ ਸਕਦਾ ਹੈ ਇਸ ਇੱਛਾ-ਸ਼ਕਤੀ ਨਾਲ ਇਮਾਨਦਾਰੀ ਤੇ ਪਹਿਲਤਾ ਜੁੜ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ

ਇੱਛਾ-ਸ਼ਕਤੀ ਦੇ ਗੁਣ ਕਰਕੇ ਕਈ ਆਦਮੀ ਆਮ ਤੋਂ ਮਹਾਨ ਵਿਅਕਤੀ ਬਣੇ ਹਨ ਕਈਆਂ ਨੇ ਮਾਅਰਕੇ ਦੇ ਕੰਮ ਕਰ ਦਿਖਾਏ ਹਨ ਇੱਛਾ ਸ਼ਕਤੀ ਤੇ ਦ੍ਰਿੜ ਇਰਾਦੇ ਸਦਕਾ ਇਨਸਾਨ ਪਹਾੜਾਂ ਨੂੰ ਕੰਕੜ ਵਾਂਗ ਆਪਣੇ ਰਾਹ ‘ਚੋਂ ਹਟਾ ਦਿੰਦਾ ਹੈ ਮਿਥਿਹਾਸ ‘ਚ ਅਜਿਹਾ ਹੀ ਇੱਕ ਪਾਤਰ ਏਕਲੱਵਿਆ ਹੈ ਜਿਸ ਨੂੰ ਗੁਰੂ ਦਰੋਣਾਚਾਰਿਆ ਨੇ ਸ਼ਸਤਰ ਵਿੱਦਿਆ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਜਦੋਂ ਕਿ ਉਹ ਦਰੋਣਾਚਾਰਿਆ ਨੂੰ ਦਿੱਲੋਂ ਗੁਰੂ ਧਾਰ ਕੇ ਚੇਲਿਆਂ ਨੂੰ ਸਿੱਖਿਆ ਦੇ ਰਹੇ ਦਰੋਣਾਚਾਰਿਆ ਨੂੰ ਦੂਰੋਂ ਦੇਖ ਕੇ ਹੀ ਉਹ ਉਸ ਦੇ ਚੇਲਿਆਂ ਤੋਂ ਵੀ ਅੱਗੇ ਨਿੱਕਲਿਆ ਸੀ ਜਿਸ ਦੇ ਨਤੀਜੇ ਵਜੋਂ ਦਰੋਣਾਚਾਰਿਆ ਨੂੰ ਉਸ ਵੱਲੋਂ ਗੁਰੂ ਮੰਨਣ ਤੇ ਆਪਣੇ ਸੱਜੇ ਹੱਥ ਦਾ ਅੰਗੂਠਾ ਗੁਰੂ ਦੱਛਣਾ (ਗੁਰੂ ਭੇਟਾ) ਵਜੋਂ ਕੱਟ ਕੇ ਗੁਰੂ ਨੂੰ ਦੇਣਾ ਪਿਆ ਸੀ ਜਿਸ ਅੰਗੂਠੇ ਦੀ ਸਯੋਗ ਵਰਤੋਂ ਕਰਕੇ ਉਹ ਇੱਕ ਨਿੰਪੁਨ ਤੀਰਅੰਦਾਜ਼ ਬਣਿਆ ਸੀ

ਇਸ ਪ੍ਰਾਪਤੀ ਪਿੱਛੇ ਉਸ ਦੀ ਸੱਚੀ ਲਗਨ ਤੇ ਇੱਛਾ-ਸ਼ਕਤੀ ਹੀ ਤਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੀ ਸੀਮਤ ਫੌਜੀ ਸ਼ਕਤੀ ਨਾਲ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਇੱਕ ਜੰਗਜੂ ਯੋਧੇ ਨੂੰ ਚੱਪੜ-ਚਿੜੀ ਦੇ ਮੈਦਾਨ ‘ਚ ਭਾਰੀ ਮੁਗ਼ਲ ਫੌਜ ਨਾਲ ਲੜ ਕੇ, ਉਸ ਨੂੰ ਨੱਕ ਥਾਣੀਂ ਚਣੇ ਚਬਾ ਕੇ ਜਿੱਤ ਹਾਸਲ ਕਰਨੀ ਤੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੂੰ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਬਦਲਾ ਲੈਣ ‘ਚ ਬੰਦਾ ਬਹਾਦਰ ਦੀ ਇਮਾਨਦਾਰ ਇੱਛਾ-ਸ਼ਕਤੀ ਹੀ ਤਾਂ ਭਾਰੂ ਸੀ

ਫਰਾਂਸ ਦਾ ਜਰਨੈਲ ਨੈਪੋਲੀਅਨ ਬੋਨਾਪਾਰਟ ਸਾਧਾਰਨ ਜਰਨੈਲਾਂ ਨਾਲੋਂ ਭਾਵੇਂ ਛੋਟੇ ਕੱਦ ਦਾ ਸੀ ਪਰ ਉਸ ਨੇ ਆਪਣੇ ਕੱਦ ਨੂੰ ਕਦੇ ਆਪਣੇ ਰਾਹ ‘ਚ ਰੋੜਾ ਨਹੀਂ ਸੀ ਬਣਨ ਦਿੱਤਾ ਕਿਸੇ ਜੰਗ ਨੂੰ ਜਿੱਤਣ ਲਈ ਵੱਡੇ ਕੱਦ ਹੋਣ ਦੀ ਮਿੱਥ ਨੂੰ ਉਸ ਨੇ ਵਾਟਰਲੂ ਦੀ ਜੰਗ ਨੂੰ ਛੱਡ ਕੇ ਸਾਰੀਆਂ ਲੜਾਈਆਂ ਜਿੱਤ ਕੇ ਤੋੜਿਆ ਸੀ

ਉਸ ਦੀ ਲਗਨ ਤੇ ਇੱਛਾ ਸ਼ਕਤੀ ਬਾਰੇ ਕਈ ਗੱਲਾਂ ਮਸ਼ਹੂਰ ਹਨ ਉਸ ਦਾ ਕਹਿਣਾ ਸੀ, ”ਜੋ ਮਨੁੱਖ ਕਹਿੰਦਾ ਹੈ ਕਿ ਉਸ ਕੋਲ ਕੰਮ ਕਰਨ ਲਈ ਸਮਾਂ ਨਹੀਂ, ਉਹ ਸਰਾਸਰ ਝੂਠਾ ਹੈ” ਉਹ ਆਪ ਲੜਾਈ ਦੇ ਮੈਦਾਨ ‘ਚ ਹਾਥੀ ਘੋੜੇ ਦੀ ਸਵਾਰੀ ਕਰਦਾ ਹੋਇਆ ਵੀ ਪੱਤਰ ਲਿਖਣ ਲਈ ਸਮਾਂ ਕੱਢ ਲਿਆ ਕਰਦਾ ਸੀ ਉਸ ਦਾ ਕਹਿਣਾ ਸੀ ‘ਅਸੰਭਵ’ ਸ਼ਬਦ ਅਜੇ ਉਸ ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਬਣ ਸਕਿਆ ਕਿਉਂਕਿ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਉਹ ਜੋ ਵੀ ਕਹਿੰਦਾ ਕਰਕੇ ਦਿਖਾਉਂਦਾ ਇਨ੍ਹਾਂ ਸਾਰੀਆਂ ਗੱਲਾਂ ਪਿੱਛੇ ਉਸ ਦੀ ਲਗਨ ਤੇ ਇੱਛਾ ਸ਼ਕਤੀ ਹੀ ਕੰਮ ਕਰਦੀ ਹੈ ਉਹ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿੰਦਾ ਸੀ

ਇੱਛਾ ਸ਼ਕਤੀ ਦੀ ਅਣਹੋਂਦ ਕਾਰਨ ਅਸੀਂ ਘਰ ਦੇ ਮਾਮੂਲੀ ਕੰਮ ਵੀ ਨਹੀਂ ਕਰ ਸਕਦੇ ਇਸ ਲਈ ਇਹ ਗੱਲਾਂ ਆਮ ਸੁਨਣ ‘ਚ ਮਿਲਦੀਆਂ ਹਨ ”ਜੇ ਤੁਸੀਂ ਚਾਹੁੰਦੇ ਤਾਂ ਇਹ ਕੰਮ ਹੋ ਜਾਣਾ ਸੀ, ਤੁਸੀਂ ਚਾਹੁੰਦੇ ਹੀ ਨਹੀਂ ਕਿ ਇਹ ਕੰਮ ਹੋਵੇ” ਕਹਿਣ ਵਾਲਾ ਅਸਲ ‘ਚ ਤੁਹਾਨੂੰ ਤੁਹਾਡੀ ਇੱਛਾ ਸ਼ਕਤੀ ਯਾਦ ਕਰਵਾ ਰਿਹਾ ਹੁੰਦਾ ਹੈ ਕਈ ਵੱਡੇ-ਵੱਡੇ ਸਿਆਸੀ ਨੇਤਾ, ਮੰਤਰੀ, ਸੰਵਿਧਾਨਿਕ ਤਾਕਤ ਹੋਣ ਦੇ ਬਾਵਜੂਦ ਕੰਮ ਕਰਨ ਜਾਂ ਕਰਵਾਉਣ ‘ਚ ਸਫ਼ਲ ਨਹੀਂ ਹੁੰਦੇ ਜਦੋਂ ਕਿ ਕਾਨੂੰਨ ਵੀ ਉਸ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ ਫੇਰ ਕੰਮ ਕਰਨ ਵਿੱਚ ਸਫਲ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਕੰਮ ਕਰਨ ਦੀ ਇੱਛਾ ਹੀ ਨਹੀਂ ਰੱਖਦਾ ਜਦੋਂਕਿ ਕਾਨੂੰਨ ਉਸ ਲਈ ਤਿੱਖੇ ਹਥਿਆਰ ਦੇ ਰੂਪ ਵਿੱਚ ਉਸ ਦੇ ਹੱਥਾਂ ਵਿੱਚ ਹੁੰਦੇ ਹਨ

ਚੋਣਾਂ ਤੋਂ ਪਹਿਲਾਂ ਵੋਟਾਂ ਮੰਗਦੇ ਸਿਆਸੀ ਨੇਤਾ ਕਹਿੰਦੇ ਦੇਖੇ ਗਏ ਹਨ ਤੁਸੀਂ ਮੈਨੂੰ ਸੰਸਦ/ਵਿਧਾਨਸਭਾ ਵਿੱਚ ਜਿਤਾ ਕੇ ਭੇਜੋ ਮੈਂ ਤੁਹਾਡੇ ਲਈ, ”ਆਹ ਕਰਾਂਗਾ ਔਹ ਕਰਾਂਗਾ” ਜਿੱਤਣ ਮਗਰੋਂ ਕਹਿੰਦੇ ਹਨ ਉਹ ਚਾਹੰਦੇ ਤਾਂ ਹਨ ਪਰ ਹੁਣ ਹਾਲਾਤ ਆਗਿਆ ਨਹੀਂ ਦਿੰਦੇ ਅਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੁੰਦਾ ਹੈ ਇੱਥੇ ਅਸਲ ਗੱਲ ਇਹ ਹੁੰਦੀ ਹੈ ਕਿ ਉਸ ਕੋਲ ਉਨ੍ਹਾਂ ਨਾਂਹ ਪੱਖੀ ਸ਼ਕਤੀਆਂ ਨਾਲ ਲੜਨ ਲਈ ਇੱਛਾ ਸ਼ਕਤੀ ਨਹੀਂ ਹੁੰਦੀ ਹੈ ਫੇਰ ਉਹ ਲੜ ਕਿਵੇਂ ਸਕਦਾ ਹੈ ਇਸ ਤਰ੍ਹਾਂ ਉਹ ਲੋਕਾਂ ‘ਚ ਇੱਛਾ ਸ਼ਕਤੀ ਹੀਣ ਹੀ ਨਜ਼ਰ ਆਉਂਦਾ ਹੈ

ਦੁਨੀਆਂ ਵਿੱਚ ਕੁਝ ਲੋਕ ਅਜਿਹੇ ਵੀ ਦੇਖੇ ਜਾ ਸਕਦੇ ਹਨ ਜੋ ਉਹ ਉਂਝ ਤਾਂ ਇੱਛਾ ਸ਼ਕਤੀ ਦੇ ਧਾਰਨੀ ਹੁੰਦੇ ਹਨ ਪਰ ਉਸ ਵਿੱਚ ਨਾਂਹ ਪੱਖੀ ਗੁਣ ਭਾਰੂ ਹੁੰਦੇ ਹਨ ਉਹ ਇਸ ਸ਼ਕਤੀ ਨੂੰ ਆਪਣੇ ਹਿੱਤਾਂ ਖਾਤਰ ਹੀ ਵਰਤਦੇ ਹਨ ਜੋ ਸਮਾਜ ਤੇ ਮਾਨਵਤਾ ਦੇ ਕਿਸੇ ਕੰਮ ਆਉਂਦੀ ਨਜ਼ਰ ਨਹੀਂ ਆਉਂਦੀ ਸਗੋਂ ਸਮਾਜ ਤੇ ਦੇਸ਼ ਲਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ ਅਜਿਹੇ ਲੋਕ ਕਈ ਵਾਰ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਵੀ ਬਣ ਜਾਂਦੇ ਹਨ

ਅਜੋਕੇ ਸਮੇਂ ਵਿੱਚ ਬਹੁਤੇ ਸ਼ਾਸਕ ਲੋਕ ਜਾਣੇ ਜਾਂ ਅਣਜਾਣੇ ਹੀ ਸਮਾਜ ਵਿਰੋਧੀ ਤੱਤਾਂ ਅੱਗੇ ਹਥਿਆਰ ਸੁੱਟ ਕੇ ਜਨਤਾ ਤੋਂ ਮੁੱਖ ਮੋੜ ਲੈਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਸੰਤੁਸ਼ਟੀ ਕਦੇ ਨਹੀਂ ਮਿਲਦੀ ਇਸ ਲਈ ਲੋੜਾਂ ਦੀ ਲੋੜ ਇਹ ਹੈ ਕਿ ਸ਼ਾਸਕਾਂ ਸਮੇਤ ਅਸੀਂ ਸਾਰੇ ਹੀ ਹਾਂ ਪੱਖੀ ਇੱਕ ਇਮਾਨਦਾਰ ਇੱਛਾ ਸ਼ਕਤੀ ਨਾਲ ਕੰਮ ਕਰਨ ਦਾ ਪ੍ਰਣ ਲਈਏ ਤੇ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਨੂੰ ਨਵੀਂ ਪੀੜ੍ਹੀ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ
ਗੁਰਬਚਨ ਸਿੰਘ ਵਿਰਦੀ, ਸਰਹਿੰਦ, (ਸ੍ਰੀ ਫਤਿਹਗੜ੍ਹ ਸਾਹਿਬ)