ਮਾਣਹਾਨੀ ਮਾਮਲੇ ’ਚ ਭਗਵੰਤ ਮਾਨ ਮਾਨਸਾ ਸੈਸ਼ਨ ਕੋਰਟ ’ਚ ਹੋਏ ਪੇਸ਼

ਮਾਣਯੋਗ ਅਦਾਲਤ ਨੇ ਦਿੱਤੀ ਜ਼ਮਾਨਤ

ਅਗਲੀ ਪੇਸ਼ੀ 5 ਦਸੰਬਰ ਨੂੰ

ਮਾਨਸਾ, (ਸੁਖਜੀਤ ਮਾਨ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਮਾਨਸਾ ਦੀ ਮਾਣਯੋਗ ਸੈਸ਼ਨ ਅਦਾਲਤ ’ਚ ਮਾਣਹਾਨੀ ਮਾਮਲੇ ’ਚ ਪੇਸ਼ੀ ਭੁਗਤੀ ਗਈ। ਮਾਨ ਖਿਲਾਫ਼ ਮਾਣਹਾਨੀ ਦਾ ਇਹ ਮਾਮਲਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ’ਚ ਅੱਜ ਮੁੱਖ ਮੰਤਰੀ ਨੂੰ ਜ਼ਮਾਨਤ ਮਿਲ ਗਈ। ਅਗਲੀ ਸੁਣਵਾਈ 5 ਦਸੰਬਰ ਨੂੰ ਹੋਵੇਗੀ।

ਵੇਰਵਿਆਂ ਮੁਤਾਬਿਕ ਮਾਨਸਾ ਹਲਕੇ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਸਾਲ 2019 ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਤੱਤਕਾਲੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ’ਚ ਸ਼ਾਮਿਲ ਹੋ ਗਏ ਸੀ। ਮਾਨਸ਼ਾਹੀਆ ਦੀ ਕਾਂਗਰਸ ’ਚ ਸ਼ਮੂਲੀਅਤ ’ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ੧੦ ਕਰੋੜ ਰੁਪਏ ਲੈ ਕੇ ਤੇ ਚੇਅਰਮੈਨੀ ਪੱਕੀ ਕਰਕੇ ਕਾਂਗਰਸ ’ਚ ਸ਼ਾਮਿਲ ਹੋਏ ਹਨ। ਇਸ ਟਿੱਪਣੀ ਤੋਂ ਖਫ਼ਾ ਮਾਨਸ਼ਾਹੀਆ ਨੇ ਭਗਵੰਤ ਮਾਨ ਖਿਲਾਫ਼ ਮਾਣਹਾਨੀ ਦਾ ਮਾਮਲਾ ਦਾਇਰ ਕੀਤਾ ਸੀ । ਅੱਜ ਦੀ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਭਗਵੰਤ ਮਾਨ ਨੂੰ ਜ਼ਮਾਨਤ ਦੇ ਦਿੱਤੀ।

ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਉਨਾਂ ਨੂੰ ਮਾਣਯੋਗ ਅਦਾਲਤ ’ਤੇ ਪੂਰਾ ਭਰੋਸਾ ਹੈ। ਉਨਾਂ ਕਿਹਾ ਕਿ ਸਿਆਸਤ ’ਚ ਆਗੂ ਇੱਕ-ਦੂਜੇ ’ਤੇ ਦੋਸ਼ ਲਾਉਂਦੇ ਹੀ ਰਹਿੰਦੇ ਹਨ ਪਰ ਭਗਵੰਤ ਮਾਨ ਵੱਲੋਂ ਉਨਾਂ ’ਤੇ ਬੇਤੁਕਾ ਦੋਸ਼ ਲਾ ਕੇ ਉਨਾਂ ਦੇ ਸਮਾਜਿਕ ਅਕਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਕੇ ਠੇਸ ਪਹੁੰਚਾਈ ਗਈ ਜਿਸ ਕਾਰਨ ਹੀ ਉਨਾਂ ਵੱਲੋਂ ਕੇਸ ਦਾਇਰ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ