ਅਰਵਿੰਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ, ਛੇਤੀ ਹੀ ‘ਮਾਨ ਦੀ ਕੈਬਨਿਟ ਟੀਮ’ ਵਿੱਚ ਹੋਵੇਗਾ ਵਾਧਾ

kejriwal

‘ਪਾਰਟੀ ਦੇ ਵਫ਼ਾਦਾਰਾਂ’ ਨੂੰ ਮਿਲਣਗੀਆਂ ਚੇਅਰਮੈਨੀਆ

ਦਿੱਲੀ ਵਿਖੇ ਮੁਲਾਕਾਤ ਦੌਰਾਨ ਹੋਇਆ ਫੈਸਲਾ, ਸੰਗਰੂਰ ਹਾਰ ਤੋਂ ਬਾਅਦ ਸੰਗਠਨ ਨੂੰ ਖੁਸ਼ ਕਰਨ ਦੀ ਤਿਆਰੀ

  •  ਅਗਲੇ ਹਫ਼ਤੇ ਤੱਕ ਚੁਕਵਾਈ ਜਾ ਸਕਦੀ ਐ ਸਹੁੰ, 6 ਵਿਧਾਇਕਾਂ ਨੂੰ ਬਣਾਇਆ ਜਾਏਗਾ ਮੰਤਰੀ
  • ਚੇਅਰਮੈਨੀ ਵੰਡਣ ਲਈ ਪਹਿਲਾਂ ਤਿਆਰ ਹੋਣਗੀਆਂ ਲਿਸਟ, ਦਿੱਲੀ ’ਚੋਂ ਹੋਏਗੀ ਹਰੀ ਝੰਡੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਟੀਮ ਵਿੱਚ ਜਲਦ ਹੀ ਵਾਧਾ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇਸ ਸਬੰਧੀ ਹਰੀ ਝੰਡੀ ਵੀ ਦੇ ਦਿੱਤੀ ਗਈ ਹੈ। ਅਗਲੇ ਹਫ਼ਤੇ ਤੱਕ ਪੰਜਾਬ ਨੂੰ 6 ਹੋਰ ਕੈਬਨਿਟ ਮੰਤਰੀ ਮਿਲਣ ਜਾ ਰਹੇ ਹਨ। ਜਿਸ ਨਾਲ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਗਿਣਤੀ 15 ਹੋ ਜਾਏਗੀ। ਨਵੇਂ ਮੰਤਰੀਆਂ ਵਿੱਚ ਇੱਕ ਮਹਿਲਾ ਤੇ 5 ਪੁਰਸ਼ ਵਿਧਾਇਕਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਇੱਥੇ ਹੀ ਨਵੇਂ ਕੈਬਨਿਟ ਮੰਤਰੀਆਂ ਵਿੱਚ ਦੂਜੀ ਵਾਰ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਤਰਜੀਹ ਜਿਆਦਾ ਦਿੱਤੀ ਜਾਏਗੀ ਤਾਂ ਕਿ ਸਰਕਾਰ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਸਕੇ ਅਤੇ ਆਮ ਜਨਤਾ ਵਿੱਚ ਪੈਦਾ ਹੋ ਰਹੀ ਨਰਾਜ਼ਗੀ ਨੂੰ ਇੱਥੇ ਹੀ ਕੰਟਰੋਲ ਕਰ ਲਿਆ ਜਾਵੇ। ਇਸ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਗਠਨ ਵਿੱਚ ਕੰਮ ਕਰਨ ਵਾਲੇ ਵਫ਼ਾਦਾਰਾਂ ਨੂੰ ਜਲਦ ਹੀ ਚੇਅਰਮੈਨੀਆ ਨਾਲ ਨਿਵਾਜਿਆ ਜਾਏਗਾ ਤਾਂ ਕਿ ਸੰਗਠਨ ਵਿੱਚ ਵੀ ਪੈਦਾ ਹੋ ਰਹੀ ਨਿਰਾਸ਼ਾ ਨੂੰ ਰੋਕਿਆ ਜਾ ਸਕੇ।

ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਅਤੇ ਰਾਘਵ ਚੱਢਾ ਨੂੰ ਇਨਾਂ ਵਫ਼ਾਦਾਰਾਂ ਦੀ ਲਿਸਟ ਤਿਆਰ ਕਰਨ ਲਈ ਵੀ ਕਹਿ ਦਿੱਤਾ ਹੈ ਤਾਂ ਕਿ ਜਲਦ ਹੀ ਇਨਾਂ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਜਾ ਸਕੇ। ਭਗਵੰਤ ਮਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਗਏ ਹੋਏ ਸਨ। ਭਗਵੰਤ ਮਾਨ ਦੀ ਸੰਗਰੂਰ ਲੋਕ ਸਭਾ ਚੋਣ ਵਿੱਚ ਹਾਰ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ। ਜਿਸ ਵਿੱਚ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਦੇ ਨਾਲ ਹੀ ਸਰਕਾਰ ਦੇ ਕੰਮਕਾਜ ਬਾਰੇ ਵੀ ਚਰਚਾ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਜਲਦ ਹੀ ਕੈਬਨਿਟ ਵਿੱਚ ਵਾਧਾ ਕਰਨ ਸਬੰਧੀ ਵੀ ਕੇਜਰੀਵਾਲ ਨਾਲ ਚਰਚਾ ਕੀਤੀ ਅਤੇ ਇਸ ਮੀਟਿੰਗ ਵਿੱਚ ਲਗਭਗ 6 ਨਵੇਂ ਕੈਬਨਿਟ ਮੰਤਰੀ ਬਣਾਏ ਜਾਣ ਸਬੰਧੀ ਫੈਸਲਾ ਵੀ ਕਰ ਲਿਆ ਗਿਆ ਹੈ। ਇਸ ਮੀਟਿੰਗ ਦੌਰਾਨ ਨਵੇਂ ਕੈਬਨਿਟ ਮੰਤਰੀਆਂ ਵਿੱਚ ਕਿਹੜੇ ਕਿਹੜੇ ਵਿਧਾਇਕ ਨੂੰ ਸ਼ਾਮਲ ਕੀਤਾ ਜਾਵੇ, ਇਸ ਲਈ ਵੀ ਡੂੰਘਾਈ ਨਾਲ ਚਰਚਾ ਕੀਤੀ ਗਈ ਤਾਂ ਕੁਝ ਨਾਵਾ ’ਤੇ ਮੋਹਰ ਵੀ ਲਗਾ ਦਿੱਤੀ ਗਈ ਹੈ। ਭਗਵੰਤ ਮਾਨ ਵੱਲੋਂ ਸਰਕਾਰ ਵਿੱਚ ਦਿੱਤੇ ਜਾਣਗੇ ਵਾਲੇ ਚੇਅਰਮੈਨੀ ਅਤੇ ਹੋਰ ਅਹੁਦਿਆਂ ਬਾਰੇ ਵੀ ਚਰਚਾ ਕੀਤੀ ਅਤੇ ਇਹ ਫੈਸਲਾ ਲਿਆ ਗਿਆ ਕਿ ਜਲਦ ਹੀ ਲਿਸਟ ਤਿਆਰ ਕਰਦੇ ਹੋਏ ਫੈਸਲਾ ਲਿਆ ਜਾਏਗਾ ਕਿ ਕਿਹੜੇ ਵਫ਼ਾਦਾਰ ਪਾਰਟੀ ਦੇ ਸਿਪਾਹੀ ਨੂੰ ਕਿਹੜੀ ਚੇਅਰਮੈਨੀ ਦੇਣੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ