ਪੰਜਾਬ

ਨੋਟੀਫੀਕੇਸ਼ਨ ‘ਚ ਅਧਿਆਪਕਾਂ ਨੂੰ ਸਰਕਾਰ ਦਾ ਵੱਡਾ ਝਟਕਾ

Big shock, Teachers, Notification

2021 ਤੱਕ ਮਿਲੇਗੀ ਸਿਰਫ਼ ਬੇਸਿਕ ਤਨਖਾਹ

ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਸਰਕਾਰ ਵੱਲੋਂ 5178 ਅਧਿਆਪਕਾਂ ਨੂੰ ਪੱਕਾਂ ਕਰਨ ਵਾਲੇ ਨੋਟੀਫਿਕੇਸ਼ਨ ਨੇ ਖੁਸ਼ੀ ਦੇ ਨਾਲ ਝਟਕਾ ਦਿੱਤਾ ਹੈ ਨੋਟੀਫਿਕੇਸ਼ਨ ਨੇ 2014 ਤੋਂ ਬਾਅਦ ਭਰਤੀ ਹੋਈ ਇਸ ਵਰਗ ਦੇ ਅਧਿਆਪਕਾਂ ਦੀ ਖੁਸ਼ੀ ਨੂੰ ਅੱਧਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਬੀਤੇ ਦਿਨੀਂ ਹੀ ਐਲਾਨ ਕੀਤਾ ਸੀ ਕਿ 5178 ਭਰਤੀ ਵਾਲੇ ਅਧਿਆਪਕ 1 ਅਕਤੂਬਰ 2019 ਤੋਂ ਪੱਕੇ ਹੋਣਗੇ ਤੇ ਪੱਕੇ ਹੁੰਦੇ ਸਾਰ ਹੀ ਉਨ੍ਹਾਂ ਨੂੰ ਪੂਰੀ ਤਨਖ਼ਾਹ ਮਿਲਣੀ ਸ਼ੁਰੂ ਹੋ ਜਾਏਗੀ, ਜਦੋਂ ਕਿ ਇੰਝ ਨਹੀਂ ਹੋਣ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 5178 ਭਰਤੀ ‘ਚ ਸ਼ਾਮਲ ਹੋਣ ਵਾਲੇ ਕੁਝ ਅਧਿਆਪਕ ਨਵੰਬਰ 2019 ਵਿੱਚ ਪੱਕੇ ਹੋਣਗੇ, ਜਦੋਂ ਕਿ ਕੁਝ ਅਧਿਆਪਕ 2020 ਤੇ 2021 ਵਿੱਚ ਜਾ ਕੇ ਪੱਕੇ ਹੋਣਗੇ। ਜਿਹੜੇ ਜਿਹੜੇ ਅਧਿਆਪਕ ਪੱਕੇ ਹੁੰਦੇ ਜਾਣਗੇ, ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਏਗੀ, ਜਦੋਂ ਕਿ ਬਾਕੀ ਰਹਿੰਦੇ ਅਧਿਆਪਕਾਂ ਨੂੰ ਪੱਕੇ ਹੋਣ ਤੱਕ ਸਿਰਫ਼ 15 ਹਜ਼ਾਰ 300 ਰੁਪਏ ਤਨਖ਼ਾਹ ਹੀ ਮਿਲੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਓ. ਪੀ. ਸੋਨੀ ਦੇ ਭਰੋਸੇ ਦੇ ਚਲਦੇ ਮਠਿਆਈ ਵੰਡਣ ਲੱਗੇ ਹੋਏ 5178 ਅਧਿਆਪਕਾਂ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਹੋ ਜਿਹਾ ਝਟਕਾ ਦੇ ਦਿੱਤਾ ਹੈ ਕਿ ਹੁਣ ਖ਼ੁਸ਼ੀ ਵਿੱਚ ਖਾਦੀ ਹੋਈ ਮਠਿਆਈ ਵੀ ਕੌੜੀ ਲੱਗਣ ਲੱਗ ਪਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਦੇਖਣ ਤੋਂ ਬਾਅਦ ਅਧਿਆਪਕ ਯੂਨੀਅਨ ਮੀਟਿੰਗਾਂ ਕਰਨ ਲੱਗ ਪਈ ਹੈ, ਜਿਸ ਤੋਂ ਬਾਅਦ ਅਗਲਾ ਸੰਘਰਸ਼ ਸ਼ੁਰੂ ਕੀਤਾ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਅਧਿਆਪਕ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀਂ ਸੀ ਕਿ 5178 ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ, ਇਸ ਮੰਗ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰਦੇ ਹੋਏ ਬੀਤੀ ਕੈਬਨਿਟ ਮੀਟਿੰਗ ‘ਚ ਪਾਸ ਵੀ ਕਰ ਦਿੱਤਾ ਗਿਆ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਓ. ਪੀ. ਸੋਨੀ ਵੱਲੋਂ ਖ਼ੁਦ ਐਲਾਨ ਕੀਤਾ ਗਿਆ ਸੀ ਕਿ ਸਾਰੇ 5178 ਅਧਿਆਪਕਾਂ ਨੂੰ ਇਸੇ ਸਾਲ 1 ਅਕਤੂਬਰ 2019 ਤੋਂ ਪੂਰੀ ਤਨਖ਼ਾਹ ਦੇ ਦਿੱਤੀ ਜਾਏਗੀ ਪਰ ਹੁਣ ਨੋਟੀਫਿਕੇਸ਼ਨ ‘ਚ ਸਾਰਾ ਕੁਝ ਬਦਲ ਦਿੱਤਾ ਗਿਆ ਹੈ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ 5178 ਅਧਿਆਪਕਾਂ ਦੀ ਭਰਤੀ ਸਾਲ 2014, 2015 ਤੇ 2016 ਵਿੱਚ ਕੀਤੀ ਗਈ ਸੀ, ਇਨ੍ਹਾਂ ਅਧਿਆਪਕਾਂ ਨੇ 3 ਸਾਲ ਠੇਕੇ ‘ਤੇ ਕੰਮ ਕਰਨਾ ਸੀ ਤੇ ਉਸ ਤੋਂ ਬਾਅਦ ਪੱਕੇ ਹੁੰਦੇ ਹੋਏ 2 ਸਾਲ ਦਾ ਪਰਖ ਕਾਲ ਮੁਕੰਮਲ ਕਰਨਾ ਹੈ। ਇਸ ਅਨੁਸਾਰ 5 ਸਾਲ ਹੋਣ ਤੋਂ ਬਾਅਦ ਇਨਾਂ ਨੂੰ ਪੂਰੀ ਤਨਖ਼ਾਹ ਮਿਲੇਗੀ। ਇਸ ਨੋਟੀਫਿਕੇਸ਼ਨ ਅਨੁਸਾਰ ਨਵੰਬਰ 2014 ਵਿੱਚ ਭਰਤੀ ਹੋਏ ਅਧਿਆਪਕ ਨਵੰਬਰ 2019 ਵਿੱਚ ਪੱਕੇ ਹੋਣਗੇ, ਜਦੋਂ ਕਿ 2015 ਅਤੇ 2016 ਵਿੱਚ ਭਰਤੀ ਹੋਏ ਅਧਿਆਪਕ ਕ੍ਰਮਵਾਰ 2020 ਅਤੇ 2021 ਵਿੱਚ ਪੱਕੇ ਹੁੰਦੇ ਹੋਏ ਪੂਰੀ ਤਨਖ਼ਾਹ ਹਾਸਲ ਕਰਨ ਯੋਗ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top