ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ

Kartar Singh Sarabha

ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ

ਹੱਥਾਂ ਨੂੰ ਕਿਰਤ ਤੇ ਪੈਰਾਂ ਨੂੰ ਉਦਾਸੀਆਂ ਦਾ ਅਸ਼ੀਰਵਾਦ ਲੈ ਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਾਤਾਂ ਮੁਤਾਬਿਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫਰ ਅਣਖਾਂ ਦੇ ਸਾਫੇ ਬੰਨ੍ਹ ਕੇ ਚੜ੍ਹਦੀ ਕਲਾ ਨਾਲ ਹੀ ਤੈਅ ਕੀਤਾ ਹੈ। ਅੱਜ ਅਸੀਂ ਇੱਥੇ ਇੱਕ ਅਜਿਹੇ ਹੀ ‘ਤੂਫਾਨਾਂ ਦੇ ਸ਼ਾਹ ਅਸਵਾਰ’ ਦੀ ਗੱਲ ਸਾਂਝੀ ਕਰਾਂਗੇ। ਜਿਸ ਨੂੰ ਉਹਦੇ ਜਮਾਤੀ ਕਦੇ ‘ਉੱਡਣਾ ਸੱਪ’ ਵੀ ਕਿਹਾ ਕਰਦੇ ਸਨ। ਇਹੋ ‘ਉੱਡਣਾ ਸੱਪ’ ਭਾਰਤ ਵਿੱਚ ਸਭ ਤੋਂ ਨਿੱਕੀ ਉਮਰੇ ਜਹਾਜ਼ ਚਲਾਉਣ ਦਾ ਮਾਣ ਖੱਟ ਕੇ ਅੱਗੇ ਜਾ ਕੇ ‘ਬਾਲ ਜਰਨੈਲ’ ਹੋਣ ਦਾ ਰੁਤਬਾ ਪਾਉਂਦਾ ਹੈ।

ਇਸ ਬਾਲ ਜਰਨੈਲ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਪਿੰਡ ਸਰਾਭਾ ਦਾ ਨਾਂਅ ਪੜ੍ਹਦਿਆਂ ਸਰਦਾਰ ਕਰਤਾਰ ਸਿੰਘ ਦਾ ਨਾਂਅ ਤੁਹਾਡੇ ਦਿਮਾਗ ਵਿੱਚ ਆਪਣੇ-ਆਪ ਜਰੂਰ ਆ ਗਿਆ ਹੋਵੇਗਾ। ਅੱਜ ਅਸੀਂ ਉਸੇ ਸ. ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਨਿੱਕੀ ਉਮਰੇ ਇੱਕ ਮਹਾਂਨਾਇਕ ਹੋ ਨਿੱਬੜਿਆ। ‘ਸਰਾਭੇ’ ਦਾ ਪਰਿਵਾਰ ਆਪਣੇ ਜ਼ਮਾਨੇ ਵਿੱਚ ਪੜ੍ਹਿਆ-ਲਿਖਿਆ ਤੇ ਸਰਦਾ-ਪੁੱਜਦਾ ਪਰਿਵਾਰ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ’ਤੇ ਲੱਗੇ ਹੋਏ ਸਨ। ਸਰਾਭੇ ਦੇ ਬਾਪ ਸ. ਮੰਗਲ ਸਿੰਘ ਦੀ ਸਰਾਭੇ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਸ. ਕਰਤਾਰ ਸਿੰਘ ਸਰਾਭੇ ਦੀ ਭੈਣ ਦਾ ਨਾਂਅ ਧੰਨ ਕੌਰ ਸੀ। ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੇ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅੱਗੇ ਪੰਜਵੀਂ ਦੀ ਪੜ੍ਹਾਈ ਵਰਨੈਕੁਲਰ ਸਕੂਲ ਗੁੱਜਰਵਾਲ ਵਿੱਚ ਕੀਤੀ। 1910-1911 ਦੌਰਾਨ ਕਰਤਾਰ ਸਿੰਘ ਆਪਣੇ ਚਾਚੇ ਬਖਸ਼ੀਸ਼ ਸਿੰਘ ਕੋਲ ਚਲਾ ਗਿਆ, ਜਿੱਥੇ ਉਸਨੇ ਦਸਵੀਂ ਪਾਸ ਕੀਤੀ।

ਆਜਾਦੀ ਦੀ ਲੜਾਈ ਲਈ ਇੱਕ ਮਜਬੂਤ ਜਥੇਬੰਦੀ

ਸ. ਕਰਤਾਰ ਸਿੰਘ ਜਨਵਰੀ 1912 ’ਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ’ਚ ਪਹੁੰਚਿਆ ਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੀਫੋਰਨੀਆ ਹੀ ਪਹੁੰਚਦੇ ਸਨ ਕਿਉਂਕਿ ਉਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ। ਅਮਰੀਕਾ ਰਹਿੰਦੇ ਹੋਏ ਇੱਕ ਘਟਨਾ ਕਰਕੇ ਉਸ ਦੇ ਦਿਮਾਗ ਵਿਚ ਵਿਚਾਰ ਆਇਆ ਕਿ ਸਾਡੇ ਦੇਸ਼ ਦੇ ਲੋਕ ਗਰੀਬੀ, ਭੁੱਖ-ਨੰਗ ਤੇ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹਨ। ਇਹ ਸੋਚ ਕੇ ਉਸ ਦੇ ਦਿਲ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਗੁੱਸਾ ਉਬਾਲੇ ਖਾਣ ਲੱਗਾ। ਹੌਲੀ-ਹੌਲੀ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਸਰਾਭੇ ਪਿੰਡ ਦੇ ਹੀ ਰੁਲੀਆ ਸਿੰਘ ਰਾਹੀਂ ਪਰਮਾਨੰਦ, ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਅਤੇ ਹੋਰ ਭਾਰਤੀ ਕਾਮਿਆਂ ਨਾਲ ਹੋਈ। ਇਨ੍ਹਾਂ ਸਭ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉੱਪਰ ਵਿਚਾਰ ਕਰਕੇ ਇਹੋ ਸਿੱਟਾ ਕੱਢਿਆ ਕਿ ਆਜਾਦੀ ਦੀ ਲੜਾਈ ਲਈ ਇੱਕ ਮਜਬੂਤ ਜਥੇਬੰਦੀ ਦੀ ਲੋੜ ਹੈ।

ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ 1913 ’ਚ ਗਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਸਨ। ਇਸ ਸਮੇਂ ਦੌਰਾਨ ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਕਨਾ ਨੂੰ ਮਿਲਿਆ। ਜਦੋਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਸਰਦਾਰ ਕਰਤਾਰ ਸਿੰਘ ਸਰਾਭੇ ਨੇ ਉਦੋਂ ਹੀ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਸਰਦਾਰ ਕਰਤਾਰ ਸਿੰਘ ਸਰਾਭਾ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਸਰਾਭੇ ਉੱਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ।

ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਆਦਿ ਨੂੰ ਗਿ੍ਰਫਤਾਰ ਕਰ ਕਰ ਲਿਆ

ਅਗਸਤ 1914 ਵਿੱਚ ਪਹਿਲਾ ਵਿਸ਼ਵ ਯੁੱਧ ਲੱਗ ਜਾਣ ਦੇ ਮੱਦੇਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਤਾਂ ਸ. ਕਰਤਾਰ ਸਿੰਘ ਸਰਾਭਾ ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿੱਚ ਸ਼ਾਮਲ ਸਨ। ਅੰਗਰੇਜ ਸਰਕਾਰ ਨੇ ਕਲਕੱਤੇ ਦੀਆਂ ਬੰਦਰਗਾਹਾਂ ’ਤੇ ਪਹਿਲਾਂ ਹੀ ਨਾਕੇ ਲਾਏ ਹੋਏ ਸੀ ਤੇ ਉਸ ਸਮੇਂ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਆਦਿ ਨੂੰ ਗਿ੍ਰਫਤਾਰ ਕਰ ਕਰ ਲਿਆ। ਪਰ ਉਦੋਂ ਕਰਤਾਰ ਸਿੰਘ ਸਰਾਭਾ ਆਪਣੀ ਫੁਰਤੀ ਨਾਲ ਹੋਰ ਰਸਤੇ ਭਾਰਤ ਵਿੱਚ ਦਾਖਲ ਹੋ ਗਿਆ। ਉਸ ਨੇ ਇੱਕ ਪਾਸੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਵੱਖੋ-ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ।

ਕਰਤਾਰ ਸਿੰਘ ਸਰਾਭਾ, ਸੁੱਚਾ ਸਿੰਘ ਹਰੀ ਤੇ ਪਿੰਗਲੇ ਨੇ 11 ਫਰਵਰੀ ਨੂੰ ਲਾਹੌਰ ਮੀਟਿੰਗ ਦੌਰਾਨ ਬਗਾਵਤ ਦੀ ਤਾਰੀਖ 21 ਫਰਵਰੀ ਰੱਖੀ ਪਰ ਕਿਰਪਾਲ ਸਿੰਘ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ। ਜਿਸ ਨਾਲ 21 ਫਰਵਰੀ ਦੀ ਬਗਾਵਤ ਫੇਲ੍ਹ ਹੋ ਗਈ। ਪੁਲਿਸ ਨੇ ਬਹੁਤ ਸਾਰੇ ਗਦਰ ਪਾਰਟੀ ਦੇ ਮੈਂਬਰ ਗਿ੍ਰਫਤਾਰ ਕਰ ਲਏ ਪਰ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਤੇ ਹਰਨਾਮ ਸਿੰਘ ਕੋਟਲਾ ਬਚ ਕੇ ਪੰਜਾਬ ਆਉਂਦੇ-ਆਉਂਦੇ ਉਹ ਪਠਾਣੀ ਭੇਸ ਬਣਾ ਕੇ ਅਫਗਾਨਿਸਤਾਨ ਆ ਗਏ। ਜਿੱਥੇ 2 ਮਾਰਚ ਨੂੰ ਪੁਲਿਸ ਨੇ ਰਾਜਿੰਦਰ ਸਿੰਘ ਦੇ ਘਰੇ ਛਾਪਾ ਮਾਰ ਕੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਹਰਨਾਮ ਸਿੰਘ ਕੋਟਲਾ ਨੂੰ ਗਿ੍ਰਫਤਾਰ ਕਰ ਲਿਆ। ਜਦੋਂ ਕਰਤਾਰ ਸਿੰਘ ਸਰਾਭਾ ’ਤੇ ਬਗਾਵਤ ਦੇ ਦੋਸ਼ ਅਧੀਨ ਮੁਕੱਦਮਾ ਚੱਲ ਰਿਹਾ ਸੀ ਤਾਂ ਸਰਾਭੇ ਨੇ ਸਾਰੇ ਦੋਸ਼ਾਂ ਦੀ ਸਮੁੱਚੀ ਜਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ। ਕਰਤਾਰ ਸਿੰਘ ਸਰਾਭਾ ਹੋਣਾ ਦੀ ਮੁਕੱਦਮੇ ਦੀ ਕਾਰਵਾਈ 26 ਅਪਰੈਲ 1915 ਨੂੰ ਸ਼ੁਰੂ ਹੋਈ ਤੇ 13 ਸਤੰਬਰ ਨੂੰ ਖਤਮ ਹੋਈ।

17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ

ਆਖਰਕਾਰ ਸਾਰੇ ਮੁਕੱਦਮੇ ਦੀ ਕਾਰਵਾਈ ਤੋਂ ਬਾਅਦ 13 ਸਤੰਬਰ 1915 ਨੂੰ ਫੈਸਲਾ ਸੁਣਾਇਆ ਗਿਆ। ਜਿਸ ਵਿੱਚ ਲਾਹੌਰ ਸਾਜਿਸ਼ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, ਜੇ ਤੂੰ ਮੁਆਫੀ ਮੰਗ ਲਵੇਂ ਤਾਂ ਅਸੀਂ ਤੇਰੀ ਸਜਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ। ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਵਤਨ ਦੀ ਆਜਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ। ਉਸ ਸਮੇਂ ਜੱਜ ਨੇ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸ ਦੀ ਫਾਂਸੀ ਦੀ ਸਜਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ।

16 ਨੰਵਬਰ 1915 ਨੂੰ ਸਵੇਰੇ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਛੇ ਸਾਥੀਆਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਚੜ੍ਹਾਇਆ ਗਿਆ। ਸ. ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੇ ਉਸ ਸਮੇਂ ਪੂਰੇ ਦੇਸ਼ ਦੇ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਉਨ੍ਹਾਂ ਹੀ ਨੌਜਵਾਨਾਂ ’ਚੋਂ ਇੱਕ ਸ. ਭਗਤ ਸਿੰਘ ਵੀ ਸੀ ਜੋ ਕਿ ਸ. ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ।

ਸ. ਕਰਤਾਰ ਸਿੰਘ ਸਰਾਭਾ ਤੇ ਸ. ਭਗਤ ਸਿੰਘ ਹੁਰੀਂ ਤਾਂ ਆਪਣੇ ਫਰਜ ਨਿਭਾ ਗਏ, ਹੁਣ ਲੋੜ ਹੈ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਕਿਵੇਂ ਚੱਲਣਾ ਕਿਉਂਕਿ ਜੇ ਦੇਖਿਆ ਜਾਵੇ ਅੱਜ ਦੇ ਹਾਲਾਤ ਵੀ ਉਵੇਂ ਹੀ ਬਣਦੇ ਜਾ ਰਹੇ ਨੇ, ਦੇਸ਼ ਵਿੱਚ ਭਿ੍ਰਸ਼ਟਾਚਾਰ, ਬੇਈਮਾਨੀ ਤੇ ਡਾਵਾਂਡੋਲ ਆਰਥਿਕਤਾ ਕਾਰਨ ਆਮ ਲੋਕ ਇੱਕ ਤਰ੍ਹਾਂ ਦੀ ਗੁਲਾਮੀ ਹੀ ਹੰਢਾ ਰਹੇ ਹਨ। ਇਹੋ ਡਾਵਾਂਡੋਲ ਮਾਹੌਲ ਨੇ ਸਾਡੀ ਨੌਜਵਾਨੀ ਦੀ ਮਾਨਸਿਕਤਾ ਨੂੰ ਡਾਵਾਂਡੋਲ ਕੀਤਾ ਹੋਇਆ ਹੈ। ਜਿਸ ਕਰਕੇ ਕੁਝ ਨੌਜਵਾਨ ਨਸ਼ਿਆਂ ਦੀ ਮਾਰ ਨਾਲ ਮਰਦੇ ਜਾ ਰਹੇ ਹਨ ਤੇ ਬਾਕੀ ਵਿਦੇਸ਼ਾਂ ਵੱਲ ਦੌੜ ਰਹੇ ਹਨ। ਅਜਿਹੇ ਮਾਹੌਲ ’ਚ ਸਾਡੇ ਆਪਣੇ ਵਤਨ ਤੋਂ ਪਰਵਾਸ ਕਰ ਰਹੇ ਸਰਾਭੇ ਦੇ ਵਾਰਸਾਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਣ ਦੀ ਸਭ ਤੋਂ ਵੱਡੀ ਲੋੜ ਹੈ। ਇਹਦੇ ਲਈ ਸਾਨੂੰ ਸਭ ਨੂੰ ਆਪੋ-ਆਪਣੇ ਪਰਿਵਾਰਾਂ-ਰਿਸ਼ਤੇਦਾਰਾਂ ’ਚ ਆਪਣੇ ਨਿੱਕੇ ਬੱਚਿਆਂ ਨੂੰ ਅੱਜ ਤੂਫਾਨਾਂ ਦੇ ਸ਼ਾਹ ਅਸਵਾਰ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਕੋਲ ਬਿਠਾ ਕੇ ਜਰੂਰ ਦੱਸਣਾ ਚਾਹੀਦਾ।

ਮਾਨਾ ਸਿੰਘ ਵਾਲਾ, ਫਿਰੋਜ਼ਪੁਰ
ਸ. ਸੁਖਚੈਨ ਸਿੰਘ ਕੁਰੜ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ