ਪੰਜਾਬ

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਪੂਨਮ ਢਿੱਲੋਂ ‘ਤੇ ਖੇਡ ਸਕਦੀ ਐ ਦਾਅ

BJP, Amritsar, Lok Sabha, Poonam Dhillon

ਮੰਗਲਵਾਰ ਨੂੰ ਹੋਈ ਭਾਜਪਾ ਇਕਾਈ ਦੀ ਬੈਠਕ ‘ਚ ਹੋਈ ਚਰਚਾ

ਹਰਭਜਨ ਸਿੰਘ ਦੇ ਨਾਂਅ ‘ਤੇ ਨਹੀਂ ਹੋਈ ਚਰਚਾ

ਸੱਚ ਕਹੂੰ ਨਿਊਜ਼, ਅੰਮ੍ਰਿਤਸਰ

ਭਾਜਪਾ ਲਈ ਵੱਕਾਰ ਦਾ ਸਵਾਲ ਬਣੀ ਹਲਕਾ ਅੰਮ੍ਰਿਤਸਰ ਦੀ ਲੋਕ ਸਭਾ ਸੀਟ ‘ਤੇ ਭਾਜਪਾ ਵੱਲੋਂ ਕਿਸੇ ਚਰਚਿਤ ਚਿਹਰੇ ਨੂੰ ਮੈਦਾਨ ‘ਚ ਉਤਾਰਨ ਦੀਆਂ ਕਨਸੋਆਂ ਹਨ, ਜਿਹਨਾਂ ‘ਚ ਫਿਲਮੀ ਅਦਾਕਾਰਾ ਪੂਨਮ ਢਿੱਲੋਂ ਦਾ ਨਾਂਅ ਵੀ ਸਾਹਮਣੇ ਆ ਰਿਹਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ‘ਚ ਹੋਈ ਭਾਜਪਾ ਇਕਾਈ ਦੀ ਬੈਠਕ ਵਿੱਚ ਢਿੱਲੋਂ ਦੇ ਨਾਂਅ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਸੂਤਰਾਂ ਅਨੁਸਾਰ ਕੇਂਦਰੀ ਮੰਤਰੀਆਂ ਦੇ ਕਹਿਣ ‘ਤੇ ਪੂਨਮ ਢਿੱਲੋਂ ਨੇ ਹਾਲ ਹੀ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨਾਲ ਮੁਲਾਕਾਤ ਵੀ ਕੀਤੀ ਹੈ। ਇਸ ਤੋਂ ਬਿਨਾਂ ਢਿੱਲੋਂ ਵੱਲੋਂ ਪੰਜਾਬ ਚੋਣਾਂ ਦੀ ਕਮਾਨ ਸੰਭਾਲਣ ਵਾਲੇ ਕੈਪਟਨ ਅਭਿਮੰਨਿਊ ਨਾਲ ਵੀ ਮੁਲਾਕਾਤ ਕੀਤੀ ਗਈ ਹੈ।

ਇਸ ਤੋਂ ਬਿਨਾਂ ਭਾਜਪਾ ਇਕਾਈ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਦੇ ਨਾਂਅ ਦੀ ਵੀ ਪੇਸ਼ਕਸ਼ ਕੀਤੀ ਗਈ ਹੈ। ਛੀਨਾ ਨੂੰ 2014 ਤੋਂ ਬਾਅਦ ਅੰਮ੍ਰਿਤਸਰ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ ਭਾਜਪਾ ਵੱਲੋਂ ਮੈਦਾਨ ‘ਚ ਉਤਾਰਿਆ ਗਿਆ ਸੀ ਪਰ ਉਹ ਹਾਰ ਗਏ ਸਨ, ਜਿਸ ਕਰਕੇ ਇੱਥੋਂ ਫਿਲਮੀ ਅਦਾਕਾਰਾ ਪੂਨਮ ਢਿੱਲੋਂ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ।ਇਸ ਸਬੰਧੀ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਢਿੱਲੋਂ ਦੇ ਨਾਂਅ ‘ਤੇ ਚਰਚਾ ਜ਼ਰੂਰ ਹੋਈ ਹੈ ਪਰ ਇਸ ‘ਤੇ ਆਖਰੀ ਫੈਸਲਾ ਪਾਰਟੀ ਹਾਈਕਮਾਨ ਕਰੇਗੀ।

ਸੂਬਾਈ ਚੋਣ ਇੰਚਾਰਜ ਕੈਪਟਨ ਅਭਿਮੰਨਿਊ ਸਿੰਘ 22 ਮਾਰਚ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੁਝਾਏ ਗਏ ਨਾਵਾਂ ਦੀ ਸੂਚੀ ਸੌਂਪਣਗੇ ਇਸ ਤੋਂ ਪਹਿਲਾਂ ਕ੍ਰਿਕਟਰ ਹਰਭਜਨ ਸਿੰਘ ਦਾ ਨਾਂਅ ਵੀ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚਰਚਾ ਵਿੱਚ ਸੀ, ਪਰ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਇਸ ‘ਤੇ ਕੋਈ ਚਰਚਾ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਪੂਨਮ ਢਿੱਲੋਂ ਇਸ ਸਮੇਂ ਮਹਾਂਰਾਸ਼ਟਰ ਦੀ ਭਾਜਪਾ ਇਕਾਈ ‘ਚ ਸਰਗਰਮ ਹਨ ਤੇ ਉਹ ਮਹਾਂਰਾਸ਼ਟਰ ‘ਚ ਭਾਜਪਾ ਇਕਾਈ ਦੇ ਉਪ ਪ੍ਰਧਾਨ ਹਨ ਪੂਨਮ ਢਿੱਲੋਂ 2004 ਵਿੱਚ ਭਾਜਪਾ ਦਾ ਹਿੱਸਾ ਬਣੇ ਪਰ ਉਨ੍ਹਾਂ ਅਜੇ ਤੱਕ ਕਿਸੇ ਵੀ ਚੋਣ ਵਿੱਚ ਹਿੱਸਾ ਨਹੀਂ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top