ਕਾਲੇ ਕੱਛਿਆਂ ਵਾਲੇ, ਵਾਲ ਕੱਟਣ ਵਾਲੀ ਚੁੜੇਲ, ਡਰੋਨ ਤੇ ਵਿਚਾਰੀ ਪੁਲਿਸ

0
BlackHaired, Haircut, Witch, Drone, Police

ਬਲਰਾਜ ਸਿੰਘ ਸਿੱਧੂ ਐਸ.ਪੀ.

ਇਸ ਵੇਲੇ ਪੰਜਾਬ ਪੁਲਿਸ ‘ਤੇ ਸਾੜਸਤੀ ਚੱਲ ਰਹੀ ਹੈ। ‘ਸਿਆਣਿਆਂ’ ਦੇ ਕਹਿਣ ਮੁਤਾਬਕ ਸ਼ਨੀ ਭਾਰੂ ਹੈ। ਪੁਲਿਸ ‘ਤੇ ਹਮਲੇ ਕਰਨ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹਰਿਆਣੇ ਵਾਲੀ ਘਟਨਾ ਤਾਂ ਬਹੁਤ ਹੀ ਦਰਦਨਾਕ ਸੀ। ਅੱਤਵਾਦ ਵੇਲੇ ਵੀ ਕਦੀ ਅਜਿਹਾ ਸ਼ਰਮਨਾਕ ਕਾਰਾ ਨਹੀਂ ਸੀ ਹੋਇਆ। ਪੰਜਾਬ ਵਿੱਚ ਵੀ ਕੋਈ ਨਾ ਕੋਈ ਭੇਡਚਾਲ ਚੱਲਦੀ ਹੀ ਰਹਿੰਦੀ ਹੈ। ਕਦੀ ਪਿੰਡਾਂ ਵਿੱਚ ਚੀਤਾ ਪੈਣ ਲੱਗ ਜਾਂਦਾ ਹੈ, ਕਦੀ ਕਾਲੇ ਕੱਛਿਆਂ ਵਾਲੇ ਤੇ ਕਦੀ ਪਾਕਿਸਤਾਨੀ ਜਾਸੂਸ ਆ ਜਾਂਦੇ ਹਨ। ਸਾਰੀ-ਸਾਰੀ ਰਾਤ ਲੋਕ ਹੱਥਾਂ ਵਿੱਚ ਟਕੂਏ-ਗੰਡਾਸੀਆਂ ਫੜ ਕੇ ਰੌਲਾ ਪਾਉਂਦੇ ਫਿਰਦੇ ਸਨ। ਇਸ ਕਾਰਵਾਈ ਦੀ ਪਕੜ ਵਿੱਚ ਜਿਆਦਾਤਰ  ਰਾਤ ਬਰਾਤੇ ਆਏ ਪ੍ਰਾਹੁਣੇ, ਮੰਗਤੇ ਅਤੇ ਮੰਦਬੁੱਧੀ ਲੋਕ ਆਉਂਦੇ ਹਨ। ਵਿਚਾਰਿਆਂ ਦੀ ਕੁੱਟ-ਕੁੱਟ ਕੇ ਬੁਰੀ ਹਾਲਤ ਕਰ ਦਿੱਤੀ ਜਾਂਦੀ ਹੈ। ਪਿਛਲੇ ਸਾਲ ਮਾਝੇ ਵਿੱਚ ਰੌਲ਼ਾ ਪੈ ਗਿਆ ਸੀ ਕਿ ਨੀਗਰੋ ਪਿੰਡਾਂ ਵਿੱਚ ਫਿਰਦੇ ਹਨ ਜੋ ਦਾਤਰ ਮਾਰ ਕੇ ਲੋਕਾਂ ਦੇ ਅੰਗ ਵੱਢ ਦਿੰਦੇ ਹਨ। ਕੋਈ ਕਹੇ ਮੈਨੂੰ ਪੈ ਗਏ ਤੇ ਦੂਸਰਾ ਕਹੇ ਮੈਨੂੰ ਪੈ ਗਏ। ਕਈ ਵਿਚਾਰੇ ਕਾਲੇ ਰੰਗ ਵਾਲੇ, ਬੇਘਰੇ ਤੇ ਮੰਗਤੇ ਬਿਨਾਂ ਮਤਲਬ ਤੋਂ ਕੁੱਟੇ ਗਏ। ਲੋਕਾਂ ਨੇ ਦੁਕਾਨਾਂ ਤੋਂ ਕਿਰਪਾਨਾਂ-ਗੰਡਾਸੀਆਂ ਮੁਕਾ ਦਿੱਤੀਆਂ। ਇਸ ਤੋਂ ਬਾਅਦ ਵਾਲ ਕੱਟਣ ਵਾਲੀ ਚੁੜੇਲ ਪੰਜਾਬ ਪਹੁੰਚ ਗਈ। ਜਿਹੜੇ ਮਰਦ-ਔਰਤਾਂ ਆਪਣੇ ਕੇਸ ਪਰਿਵਾਰ ਦੇ ਡਰ ਕਾਰਨ ਨਹੀਂ ਕਟਵਾ ਸਕਦੇ ਸਨ, ਉਹਨਾਂ ਨੇ ਚੁੜੇਲ ਦੀ ਆੜ ਹੇਠ ਕਟਵਾ ਸੁੱਟੇ। ਕਈ ਦਿਨ ਪੁਲਿਸ ਅਦ੍ਰਿਸ਼ ਚੁੜੇਲ ਨੂੰ ਗ੍ਰਿਫਤਾਰ ਕਰਨ ਲਈ ਗਲੀ-ਮੁਹੱਲਿਆਂ ਦੀ ਖਾਕ ਛਾਣਦੀ ਰਹੀ।

ਪਠਾਨਕੋਟ ਹਮਲੇ ਤੋਂ ਬਾਅਦ ਹਰੇਕ ਜਣੇ-ਖਣੇ ਨੂੰ ਅੱਤਵਾਦੀ ਦਿਖਾਈ ਦੇਣ ਲੱਗੇ ਸਨ। ਲੋਕਾਂ ਨੇ ਕਈ ਮਹੀਨੇ ਪੁਲਿਸ ਨੂੰ ਜੰਗਲਾਂ, ਉਜਾੜਾਂ, ਗੁੱਜਰਾਂ ਦੇ ਡੇਰੇ ਅਤੇ ਕਮਾਦ ਦੇ ਖੇਤਾਂ ਦੀ ਤਲਾਸ਼ੀ ਲੈਣ ਡਾਹ ਛੱਡਿਆ। ਇਹ ਪਾਕਿਸਤਾਨੀ ਘੁਸਪੈਠੀਏ ਅਵਾਰਾ, ਅਮਲੀਆਂ ਤੇ ਸ਼ਰਾਬੀਆਂ ਨੂੰ ਜਿਆਦਾ ਦਿਖਾਈ ਦਿੰਦੇ ਸਨ। ਜੇ ਪੁਲਿਸ ਅਫਵਾਹ ਸਮਝ ਕੇ ਮੌਕੇ ‘ਤੇ ਨਹੀਂ ਸੀ ਪਹੁੰਚਦੀ ਤਾਂ ਚੈਨਲਾਂ ਵਾਲੇ ਫੱਟ ਆਪਣੇ ਕੈਮਰੇ ਪਕੜ ਕੇ ਪੁਲਿਸ ਦੀ ਮਿੱਟੀ ਪਲੀਤ ਕਰਨ ਪਹੁੰਚ ਜਾਂਦੇ ਹਨ ਕਿ ਪੁਲਿਸ ਨੂੰ ਤਾਂ ਦੇਸ਼ ਦੀ ਸੁਰੱਖਿਆ ਦਾ ਕੋਈ ਫਿਕਰ ਹੀ ਨਹੀਂ। ਇਸੇ ਤਰ੍ਹਾਂ ਅੱਤਵਾਦ ਦੌਰਾਨ ਕਾਲੇ ਕੱਛਿਆਂ ਬਾਰੇ ਰੌਲ਼ਾ ਸ਼ੁਰੂ ਹੋਇਆ ਸੀ। ਉਦੋਂ ਕਾਲੇ ਕੱਛਾ ਗੈਂਗ ਨੇ ਕਈ ਵਾਰਦਾਤਾਂ ਕੀਤੀਆਂ ਸਨ ਪਰ ਬਾਅਦ ਵਿੱਚ ਬਦਮਾਸ਼ ਵਿਅਕਤੀਆਂ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਪੁਲਿਸ ਕਾਲੇ ਕੱਛਿਆਂ ਵਾਲਿਆਂ ਨੂੰ ਰਾਤ ਆਪ ਹੀ ਛੱਡ ਕੇ ਜਾਂਦੀ ਹੈ ਤੇ ਸਵੇਰੇ ਲੈ ਜਾਂਦੀ ਹੈ। ਲੋਕਾਂ ਨੇ ਗਸ਼ਤ ਕਰਦੀ ਪੁਲਿਸ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤੇ ਕਈ ਥਾਈਂ ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਤਰਨ ਤਾਰਨ ਡਰੋਨ ਕਾਂਡ ਤੋਂ ਬਾਅਦ ਹੁਣ ਸਾਰੇ ਪਾਸੇ ਡਰੋਨ-ਡਰੋਨ ਦਾ ਰੌਲਾ ਪਿਆ ਹੋਇਆ ਹੈ। ਰੋਜ਼ਾਨਾ ਲੋਕਾਂ ਵੱਲੋਂ ਬਾਰਡਰ ‘ਤੇ ਡਰੋਨ ਵੇਖਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਤਾ ਨਹੀਂ ਇਸ ਵਿੱਚ ਕਿੰਨੀ ਸੱਚਾਈ ਹੈ? ਪਰ ਵੇਖਣ ਵਿੱਚ ਆਇਆ ਹੈ ਕਿ ਰਾਤ ਨੂੰ ਨੀਵੇਂ ਉੱਡਦੇ ਜਹਾਜ਼, ਮੌਸਮ ਵਿਭਾਗ ਦੇ ਗੁਬਾਰੇ ਅਤੇ ਉੱਚੇ ਮੋਬਾਇਲ/ਟੀ.ਵੀ. ਟਾਵਰਾਂ ਆਦਿ ਦੀਆਂ ਜਗਦੀਆਂ-ਬੁਝਦੀਆਂ ਲਾਈਟਾਂ ਤੋਂ ਲੋਕਾਂ ਨੂੰ ਡਰੋਨਾਂ ਦਾ ਭੁਲੇਖਾ ਪੈਂਦਾ ਹੋ ਸਕਦਾ ਹੈ। ਇਸ ਵੇਲੇ ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨ ਅਤੇ ਅਫਸਰ ਪੂਰੀ ਤਨਦੇਹੀ ਨਾਲ ਬਾਰਡਰ ਏਰੀਏ ਦੇ ਪਿੰਡਾਂ-ਸ਼ਹਿਰਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

ਡਰੋਨ ਵਾਕਿਆ ਹੀ ਗੰਭੀਰ ਮਸਲਾ ਹੈ, ਪਰ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਅਫਵਾਹ ਫੈਲਾਉਣੀ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋ ਸਕਦੀ ਹੈ। ਕਿਉਂਕਿ ਆਜੜੀ ਤੇ ਸ਼ੇਰ ਦੀ ਕਹਾਣੀ ਵਾਂਗ ਕਿਤੇ ਇਹ ਨਾ ਹੋਵੇ ਕਿ ਬਾਅਦ ਵਿੱਚ ਸੱਚੀਂ ਡਰੋਨ ਆ ਜਾਵੇ ਤੇ ਕੋਈ ਧਿਆਨ ਨਾ ਦੇਵੇ। ਅਜਿਹੀਆਂ ਅਫਵਾਹਾਂ ਕਾਰਨ ਜਦੋਂ ਪੁਲਿਸ ਦਾ ਧਿਆਨ ਹੋਰ ਪਾਸੇ ਲੱਗ ਜਾਂਦਾ ਹੈ ਤਾਂ ਸਮੱਗਲਰ ਇਸ ਗੱਲ ਦਾ ਬਹੁਤ ਫਾਇਦਾ ਉਠਾਉਂਦੇ ਹਨ। ਉਹ ਪੁਲਿਸ ਦੀ ਗੈਰ-ਹਾਜ਼ਰੀ ਦਾ ਲਾਭ ਉਠਾ ਕੇ ਆਪਣਾ ਮਾਲ ਅਸਾਨੀ ਨਾਲ ਏਧਰੋਂ ਓਧਰ ਕਰ ਲੈਂਦੇ ਹਨ। ਕੁਝ ਮਹੀਨੇ ਪਹਿਲਾਂ ਫਤਿਹਗੜ ਸਾਹਿਬ ਜਿਲ੍ਹੇ ਦੇ ਇੱਕ ਪਿੰਡ ਵਿੱਚ ਨਲਕੇ ਬਾਰੇ ਅਫਵਾਹ ਫੈਲ ਗਈ ਸੀ ਕਿ ਇਸ ਵਿੱਚ ਦਵਾਈ ਦੇ ਗੁਣ ਹਨ। ਲੋਕਾਂ ਦੀਆਂ ਮੀਲਾਂ ਲੰਮੀਆਂ ਕਤਾਰਾਂ ਲੱਗ ਗਈਆਂ। ਅਖੀਰ ਗੱਲ ਉਦੋਂ ਖਤਮ ਹੋਈ ਜਦੋਂ ਫਸਲਾਂ ਦੀ ਬਰਬਾਦੀ ਤੋਂ ਅੱਕੇ ਕਿਸਾਨਾਂ ਨੇ ਨਲਕਾ ਹੀ ਪੁੱਟ ਸੁੱਟਿਆ। 1995-96 ਵਿੱਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ ਸਨ। ਲੱਖਾਂ ਲੀਟਰ ਦੁੱਧ ਕਿਸੇ ਗਰੀਬ ਦੇ ਮੂੰਹ ਵਿੱਚ ਜਾਣ ਦੀ ਬਜਾਏ ਗੰਦੀਆਂ ਨਾਲੀਆਂ ਵਿੱਚ ਰੁੜ੍ਹ ਗਿਆ। ਮੀਡੀਆ ਵੀ ਅਜਿਹੀਆਂ ਅਫਵਾਹਾਂ ਤੇ ਘਟਨਾਵਾਂ ਨੂੰ ਨਿਰਉਤਸ਼ਾਹਿਤ ਕਰਨ ਦੀ ਬਜਾਏ ਟੀ.ਆਰ.ਪੀ. ਵਧਾਉਣ ਖਾਤਰ ਵੱਧ ਤੋਂ ਵੱਧ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਾ ਹੈ। ਇਸ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਹੋਰ ਉਤਸ਼ਾਹ ਮਿਲਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਮੂਰਖਾਂ ਵਾਂਗ ਕਿਸੇ ਦੇ ਪਿੱਛੇ ਲੱਗਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਕਰੀਏ ਤੇ ਹਰੇਕ ਅਫਵਾਹ ਨੂੰ ਤਰਕ ‘ਤੇ ਕੱਸ ਕੇ ਹੀ ਯਕੀਨ ਕਰੀਏ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।