ਬੀਐਲਓ, ਅਜਿਹਾ ਅਫਸਰ ਜੋ ਕੋਈ ਵੀ ਨ੍ਹੀਂ ਬਣਨਾ ਚਾਹੁੰਦਾ!

ਬੀਐਲਓ, ਅਜਿਹਾ ਅਫਸਰ ਜੋ ਕੋਈ ਵੀ ਨ੍ਹੀਂ ਬਣਨਾ ਚਾਹੁੰਦਾ!

‘‘ਬਲਬੀਰ, ਯਾਰ ਆ ਰਵੀ ਮਾਸਟਰ ਕਿਹੜੀ ਸਕੀਮ ਆਲੇ ਫਾਰਮ ਭਰਦਾ ਏ, ਰੋਜ਼ ਈ ਸ਼ਾਮਾਂ ਨੂੰ ਸਕੂਟਰੀ ਜਿਹੀ ਲੈ ਕੇ ਘਰ-ਘਰ ਤੁਰਿਆ ਫਿਰਦਾ ਏ!’’?ਸ਼ਾਮੇ ਨੇ ਸੱਥ ’ਚ ਖੜੇ੍ਹ ਚਾਰ-ਪੰਜ ਬੰਦਿਆਂ ’ਚ ਲੱਖਪਤੀਆਂ ਦੇ ਬਲਬੀਰ ਨੂੰ ਸੰਬੋਧਨ ਕਰਦਿਆਂ ਜਗਿਆਸਾ ’ਚ ਪੁੱਛਿਆ ਤਾਂ ਬਲਬੀਰ ਬੋਲਿਆ, ‘‘ਓ ਯਾਰ ਇਹਦੇ ਕੋਲ ਕਿਹੜੀ ਕੁਝ ਮੁਫਤ ਮਿਲਣ ਆਲੀ ਸਕੀਮ ਏ, ਵੋਟਾਂ ਨਾਲ ਅਧਾਰ ਕਾਲਡ ਜੋੜਦਾ ਫਿਰਦਾ ਏ, ਸੱਠ ਹਜ਼ਾਰ ਮਹੀਨੇ ਦੇ ਲੈਂਦਾ ਏ, ਫੇਰ ਵੀ ਇਨ੍ਹਾਂ ਮਾਸਟਰਾਂ ਨੂੰ ਰੱਜ ਨਹੀਂ ਆਉਂਦਾ’’ ‘‘ਇਹ ਕਿਹੜਾ ਮੁਫਤ ਹੀ ਵੋਟਾਂ ਆਲਾ ਝੋਲਾ ਚੁੱਕਦਾ ਏ, ਸਰਕਾਰ ਦੇ ਜਵਾਈ ਨੇ ਭਰਾਵਾ ਇਹ, ਇੱਕ ਤਨਖਾਹ ਮਾਸਟਰੀ ਆਲੀ ਲੈਂਦਾ ਏ ਤੇ ਦੂਜੀ ਤਨਖਾਹ ਆਹ ਬੀ ਐਲ ਓ ਆਲੀ ਵੀ ਤਾਂ ਮਿਲਦੀ ਈ ਹੋਣੀ ਏ?

ਤਾਹੀਓਂ ਅੱਧੀ-ਅੱਧੀ ਰਾਤ ਤੱਕ ਤੁਰਿਆ ਫਿਰਦਾ ਏ’’ ‘‘ਸਰਕਾਰਾਂ ਦਾ ਵੀ ਕੋਈ ਹਾਲ ਨ੍ਹੀਂ, ਕਿਸੇ ਗਰੀਬ ਨੂੰ ਰੁਜ਼ਗਾਰ ਦੇਣ ਦੀ ਥਾਂ ਇਨ੍ਹਾਂ ਰੱਜਿਆਂ ਦੇ ਘਰ ਭਰੀ ਆਉਂਦੀ ਹੈ।’’ ਸ਼ਾਮੇ ਨੇ ਗੱਲ ਮੁਕਾਉਂਦਿਆਂ ਕਿਹਾ ਜਿਸ ਨਾਲ ਸਾਰੀ ਸੱਥ ਸਹਿਮਤ ਸੀ ਤੇ ਉੱਧਰ ਕੰਮ ਦੇ ਬੋਝ ’ਚ ਪ੍ਰੇਸ਼ਾਨ ਭੁੱਖਾ-ਭਾਣਾ ਰਵੀ ਮਾਸਟਰ, ਗਲੀ ’ਚ ਖੜ੍ਹਾ-ਖੜ੍ਹਾ ਹੀ ਛੇਤੀ-ਛੇਤੀ ਮੋਬਾਈਲ ’ਤੇ ਰਿਪੋਰਟ ਭੇਜ ਰਿਹਾ ਸੀ ਕਿਉਂਕਿ ਐਸ ਡੀ ਐਮ ਸਾਬ੍ਹ ਦੇ ਸਖਤ ਆਦੇਸ਼ ਜੋ ਸਨ। ਕੀ ਇਹ ਕਿਸੇ ਇੱਕ ਸੱਥ ਦੀ ਕਹਾਣੀ ਏ ਜਾਂ ਹਰੇਕ ਪਿੰਡ, ਕਸਬੇ, ਸ਼ਹਿਰ ਜਾਂ ਸੱਥ ਦੀ?

ਦੁਨੀਆਂ ਦੀਆਂ ਸਭ ਤੋਂ ਵੱਧ ਚੋਣਾਂ ਸਾਡੇ ਮੁਲਕ ’ਚ ਹੁੰਦੀਆਂ ਹਨ। ਸਾਡੇ ਦੇਸ਼ ’ਚ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਵੋਟ ਬਣਵਾਉਣ ਦਾ ਅਧਿਕਾਰ ਹੈ ਜੇਕਰ ਕੋਈ ਵੀ ਬਾਲਗ ਵਿਅਕਤੀ ਕਿਸੇ ਹੋਰ ਥਾਂ ’ਤੇ ਸ਼ਿਫਟ ਹੋ ਜਾਂਦਾ ਹੈ ਤਾਂ ਉਹ ਆਪਣੀ ਵੋਟ ਉਸ ਥਾਂ ਤੋਂ ਕਟਵਾ ਕੇ, ਨਵੀਂ ਥਾਂ ’ਤੇ ਵੀ ਬਣਵਾ ਸਕਦਾ ਹੈ ਤੇ ਸੋਧ ਵੀ ਕਰਵਾ ਸਕਦਾ ਹੈ, ਇਹ ਸਾਰਾ ਕੰਮ ਅਤੇ ਹੋਰ ਵੀ ਕਈ ਸਰਕਾਰੀ ਸਰਵੇਖਣਾਂ ਦੇ ਕੰਮ ਨੂੰ ਜਿਸ ਅਧਿਕਾਰੀ ਰਾਹੀਂ ਨੇਪਰੇ ਚਾੜਿ੍ਹਆ ਜਾਂਦਾ ਹੈ, ਉਹ ਹੈ ਬੂਥ ਲੈਵਲ ਅਫਸਰ (ਬੀ ਐਲ ਓ)।

ਆਪਾਂ ਜੇਕਰ ਸਿਰਫ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ’ਚ ਬੀ ਐਲ ਓ ਸਾਥੀ ਲੋਕਤੰਤਰ ਦੇ ਸਤੰਭ ਬਣ ਕੇ ਚੋਣ ਕਮਿਸ਼ਨ ਦਾ ਇਹ ਮਹੱਤਵਪੂਰਨ ਕੰਮ ਬਹੁਤ ਹੀ ਜਿੰਮੇਵਾਰੀ ਨਾਲ ਸੰਭਾਲ ਰਹੇ ਹਨ ਪਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਸਾਰੇ ਬੀ ਐਲ ਓ, ਜਿਨ੍ਹਾਂ ਦੇ ਸਿਰ ਇੰਨਾ ਅਹਿਮ ਕਾਰਜ ਹੁੰਦਾ ਹੈ, ਇਹ ਡੈਪੂਟੇਸ਼ਨ ’ਤੇ ਆਹ ਕੰਮ ਸੰਭਾਲ ਰਹੇ ਹਨ। ਬੜੀ ਹੀ ਨਮੋਸ਼ੀ ਦੀ ਗੱਲ ਹੈ ਕਿ ਬੀ ਐਲ ਓ ਦੀ ਕੋਈ ਕੱਚੀ-ਪੱਕੀ ਜਾਂ ਠੇਕੇ ਆਲੀ ਅਸਾਮੀ ਵੀ ਨਹੀਂ ਹੈ ਤੇ ਚੋਣ ਕਮਿਸ਼ਨ ਪ੍ਰਸ਼ਾਸਨ ਰਾਹੀਂ ਕਿਸੇ ਹੋਰ ਮਹਿਕਮੇ ’ਚ ਨਿਯੁਕਤ ਹੋਰ ਮੁਲਾਜ਼ਮਾਂ ਦੀ, ਜਿਨ੍ਹਾਂ ’ਚੋਂ ਜ਼ਿਆਦਾਤਰ ਸਿੱਖਿਆ ਵਿਭਾਗ ਦੇ ਮੁਲਾਜ਼ਮ ਹੁੰਦੇ ਹਨ, ਦੀ ਬੀ ਐਲ ਓ ਡਿਊਟੀ ਲਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ।

ਕਿਸੇ ਵੀ ਬੂਥ ’ਤੇ ਨਵੀਂ ਵੋਟ ਬਣਾਉਣ ਦਾ, ਕਟਵਾਉਣ ਦਾ ਤੇ ਸੁਧਾਈ ਆਦਿ ਕਰਵਾਉਣ ਦਾ, ਇਸ ਨਾਲ ਸਬੰਧਤ ਹੋਰ ਵੀ ਬਹੁਤ ਸਾਰੇ ਪੇਚੀਦਾ ਤੇ ਕਾਗਜ਼ੀ ਕਾਰਵਾਈ ਤੋਂ ਭਰਪੂਰ ਇਹ ਭੰਬਲਭੂਸੇ ਵਾਲਾ ਜਿੰਮੇਵਾਰੀ ਦਾ ਕੰਮ ਲਗਭਗ ਪੂਰੇ ਸਾਲ ਈ ਚੱਲਦਾ ਰਹਿੰਦਾ ਹੈ ਤੇ ਹੁਣ ਹਰੇਕ ਵੋਟਰ ਦਾ ਆਧਾਰ ਵੋਟ ਨਾਲ ਲਿੰਕ ਕਰਨ ਦਾ ਵੱਡੀ ਸਿਰਦਰਦੀ ਆਲਾ ਸਮਾਂ-ਖਪਾਊ ਕਾਰਜ, ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਬੀ ਐਲ ਓ ਨੂੰ ਇਹ ਸਾਰੇ ਕੰਮ ਆਪਣੀ ਵਿਭਾਗੀ ਡਿਊਟੀ ਦੇ ਸਮੇਂ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਭੱਜ-ਦੌੜ ਕਰਕੇ ਪੂਰੇ ਕਰਨੇ ਪੈਂਦੇ ਹਨ ਤੇ ਇਸ ਬੀ ਐਲ ਓ ਡਿਊਟੀ ਲਈ ਉਸ ਨੂੰ ਪੂਰੇ ਸਾਲ ਦਾ ਮਾਮੂਲੀ ਭੱਤਾ ਮਿਲਦਾ ਹੈ,

ਉਸ ਤੋਂ ਜ਼ਿਆਦਾ ਖਰਚਾ ਤਾਂ ਉਹ ਫੋਟੋਸਟੇਟ ਕਰਾਉਣ ’ਚ ਹੀ ਲਾ ਦਿੰਦਾ ਹੈ। ਕਈ ਮੁਲਾਜ਼ਮਾਂ ਦੀ ਬੀ ਐਲ ਓ ਡਿਊਟੀ ਤਾਂ ਉਹਨਾਂ ਦੇ ਘਰ ਤੋਂ ਬਹੁਤ ਦੂਰ ਦੇ ਬੂਥਾਂ ’ਤੇ ਲਾ ਦਿੱਤੀ ਜਾਂਦੀ ਹੈ, ਜਿਸ ਕਾਰਨ ਉਹਨਾਂ ਦੀ ਖੱਜਲ-ਖੁਆਰੀ ਤਾਂ ਦੁੱਗਣੀ ਹੋ ਜਾਂਦੀ ਹੈ ਤੇ ਇਨ੍ਹਾਂ ਮੁਲਾਜ਼ਮਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਤੋਂ ਆਏ ਫੋਨ ਦੀ ਘੰਟੀ ਬਿਜਲੀ ਦੇ ਕਰੰਟ ਵਾਂਗੂ ਜਾਪਦੀ ਹੈ ਕਿ ਪਤਾ ਨਹੀਂ ਕੀ ਨਵਾਂ ਹੁਕਮ ਆ ਗਿਆ ਹੋਣਾ ਹੈ।

ਇਸ ਤੋਂ ਇਲਾਵਾ ਚੋਣਾਂ ਦੇ ਦਿਨ ਜਿੱਥੇ ਉਹ ਨੂੰ ਪੋਲਿੰਗ ਪਾਰਟੀ ਲਈ ਬਹੁਤ ਸਾਰੇ ਪ੍ਰਬੰਧ ਕਰਨੇ ਪੈਂਦੇ ਹਨ, ਉੱਥੇ ਹੀ ਸ਼ੱਕੀ ਵੋਟ ਦੇ ਸੰਬੰਧ ’ਚ ਉਹ ਆਪ ਬਹੁਤ ਵਾਰ ਵਿਵਾਦ ਤੇ ਲੜਾਈ-ਝਗੜੇ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਜਦੋਂ ਝੋਲਾ ਚੁੱਕੀ ਬੀ ਐਲ ਓ ਘਰ-ਘਰ ਜਾਂਦਾ ਹੈ ਤਾਂ ਹਰੇਕ ਨੂੰ ਲੱਗਦਾ ਹੈ ਕਿ ਇਹਨੂੰ ਪਤਾ ਨਹੀਂ ਕੀ ਮਿਲਦਾ ਹੋਣਾ ਹੈ, ਜਦਕਿ ਸੱਚਾਈ ਇਹ ਹੈ ਕਿਸੇ ਵੀ ਮੁਲਾਜ਼ਮ ਦੀ ਬੀ ਐਲ ਓ ਲੱਗਣ ’ਤੇ ਉਹ ਡਿਊਟੀ ਕਟਵਾਉਣ ਲਈ ਐਮਐਲਏ ਤੇ ਮੰਤਰੀਆਂ ਦੀ ਸਿਫਾਰਸ਼ ਕਰਵਾਉਣ ਤੱਕ ਜਾਂਦੇ ਹਨ।

ਪੰਜਾਬ ’ਚ ਬੀ ਐਲ ਓ ਡਿਊਟੀ ’ਤੇ ਜਿਆਦਾਤਰ ਅਧਿਆਪਕਾਂ ਨੂੰ ਹੀ ਲਾਇਆ ਗਿਆ ਹੈ ਹਾਲਾਂਕਿ ਉਹ ਇਹ ਸਾਰਾ ਕੰਮ ਸਕੂਲ ਸਮੇਂ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਕਰਨ ਲਈ ਪਾਬੰਦ ਹਨ ਪਰ ਫੇਰ ਵੀ ਬੱਚਿਆਂ ਦੀ ਪੜ੍ਹਾਈ-ਲਿਖਾਈ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਮਹਿਕਮੇ ਤੋਂ ਨਿਯੁਕਤ ਕੀਤੇ ਮੁਲਾਜ਼ਮਾਂ ਦੇ ਸੰਬੰਧਤ ਵਿਭਾਗੀ ਕੰਮ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਸਾਲ ’ਚ ਲਗਭਗ ਦਸ ਦਿਨ ਤਾਂ ਬੀ ਐਲ ਓ ਨੂੰ ਆਨ ਡਿਊਟੀ ਮੀਟਿੰਗ ਤੇ ਹੋਰ ਦਫਤਰੀ ਕੰਮਾਂ ਲਈ ਸੱਦਿਆ ਹੀ ਜਾਂਦਾ ਹੈ।

ਕਿਸੇ ਵੀ ਮੁਲਾਜ਼ਮ ਨੂੰ ਆਪਣੀ ਪੂਰੀ ਡਿਊਟੀ ਕਰਨ ਤੋਂ ਬਾਅਦ ਕਿਸੇ ਹੋਰ ਸਰਕਾਰੀ ਕੰਮ ਲਈ ਕਿਵੇਂ ਪਾਬੰਦ ਕੀਤਾ ਜਾ ਸਕਦਾ ਹੈ, ਕੀ ਪੰਜਾਬ ’ਚ ਤੇ ਪੂਰੇ ਦੇਸ਼ ’ਚ ਬੇਰੁਜ਼ਗਾਰੀ ਖਤਮ ਹੋ ਚੁੱਕੀ ਹੈ? ਹਰੇਕ ਪਿੰਡ-ਸ਼ਹਿਰ ’ਚ ਪੱਕੇ ਤੌਰ ਸਰਕਾਰੀ ਮੁਲਾਜ਼ਮ ਦੇ ਰੂਪ ’ਚ ਨਵੇਂ ਤੇ ਸਥਾਈ ਬੀਐਲਓ ਟੈਸਟ ਦੇ ਆਧਾਰ ’ਤੇ ਨਿਯੁਕਤ ਕਰਨੇ ਚਾਹੀਦੇ ਹਨ, ਇਸ ਨਾਲ ਜਿੱਥੇ ਚੋਣ ਕਮਿਸ਼ਨ ਦਾ ਇਹ ਮਹੱਤਵਪੂਰਨ ਕੰਮ ਆਸਾਨੀ ਨਾਲ ਚੱਲ ਸਕੇਗਾ, ਉੱਥੇ ਹੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਘਟੇਗੀ। ਹੁਣ ਨਿਯੁਕਤ ਬੀ ਐਲ ਓ ਲੋਕਾਂ ਨੂੰ ਸਿਰਫ ਖਾਸ ਸਮੇਂ ਹੀ ਮਿਲ ਸਕਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਵੋਟਾਂ ਸੰਬੰਧੀ ਕੰਮ ਕਰਵਾਉਣ ਲਈ ਬਹੁਤ ਵਾਰ ਪ੍ਰੇਸ਼ਾਨ ਹੋਣਾ ਪੈਂਦਾ ਹੈ, ਮੁੱਕਦੀ ਗੱਲ ਇਹ ਹੈ ਕਿ ਪੱਕੇ ਤੇ ਸਥਾਈ ਬੀ ਐਲ ਓ ਦੀ ਨਿਯੁਕਤੀ ਕਰਨਾ ਹੀ ਇਸ ਸਾਰੇ ਭੰਬਲਭੂਸੇ ਦਾ ਖਾਤਮਾ ਕਰ ਸਕਦਾ ਹੈ।
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here