ਖੂਨਦਾਨ ਮਹਾਂਦਾਨ : ਬਲਾਕ ਮੌੜ ਦੇ ਖੂਨਦਾਨ ਕੈਂਪ ‘ਚ ਇਕੱਤਰ ਹੋਇਆ 55 ਯੂਨਿਟ ਖੂਨ

0

ਖੂਨਦਾਨ ਮਹਾਂਦਾਨ : ਬਲਾਕ ਮੌੜ ਦੇ ਖੂਨਦਾਨ ਕੈਂਪ ‘ਚ ਇਕੱਤਰ ਹੋਇਆ 55 ਯੂਨਿਟ ਖੂਨ

ਮੌੜ ਮੰਡੀ, (ਸੁਖਜੀਤ ਮਾਨ/ਰਾਕੇਸ਼ ਗਰਗ)। ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਕਮੀ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਰਾ ਕਰ ਰਹੇ ਹਨ। ਜ਼ਿਲ੍ਹਾ ਬਠਿੰਡਾ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਰੈੱਡ ਕਰਾਸ ਦੀ ਮੰਗ ਤਹਿਤ ਬਲਾਕਾਂ ਅਨੁਸਾਰ ਖੂਨਦਾਨ ਕੈਂਪ ਲਗਾ ਕੇ ਖੂਨਦਾਨ ਕੀਤਾ ਜਾ ਰਿਹਾ ਹੈ। ਅੱਜ ਬਲਾਕ ਮੌੜ ਦੇ ਨਾਮ ਚਰਚਾ ਘਰ ‘ਚ ਲਾਏ ਖੂਨਦਾਨ ਕੈਂਪ ‘ਚ ਖੂਨਦਾਨੀ ਸੇਵਾਦਾਰਾਂ ਵੱਲੋਂ 55 ਯੂਨਿਟ ਖੂਨਦਾਨ ਕੀਤਾ ਗਿਆ।

ਵੇਰਵਿਆਂ ਮੁਤਾਬਿਕ ਕੋਰੋਨਾ ਮਹਾਂਮਾਰੀ ਕਾਰਨ ਖੂਨਦਾਨ ਕੈਂਪ ਨਾ ਲੱਗਣ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਖੂਨ ਦੀ ਕਮੀ ਕਾਰਨ ਕਿਸੇ ਦੀ ਜਾਨ ਨਾ ਜਾਵੇ ਇਸ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਜ਼ਿਲ੍ਹੇ ਭਰ ‘ਚ ਬਲਾਕ ਪੱਧਰ ‘ਤੇ ਖੂਨਦਾਨ ਕੈਂਪ ਰੈੱਡ ਕਰਾਸ ਦੇ ਬਲੱਡ ਬੈਂਕਾਂ ਦੀ ਮੰਗ ਮੁਤਾਬਿਕ ਲਗਾਏ ਜਾ ਰਹੇ ਹਨ।

ਇਸੇ ਤਹਿਤ ਬਲਾਕ ਮੌੜ ਦੇ ਨਾਮ ਚਰਚਾ ਘਰ ‘ਚ ਲਗਾਏ ਕੈਂਪ ਦੌਰਾਨ ਅੱਜ ਸੇਵਾਦਾਰਾਂ ਵੱਲੋਂ 55 ਯੂਨਿਟ ਖੂਨਦਾਨ ਕੀਤਾ ਗਿਆ। ਸਭ ਤੋਂ ਪਹਿਲਾਂ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਉਸ ਮਗਰੋਂ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਬਲਦੇਵ ਸਿੰਘ ਰੋਮਾਣਾ ਸਮੇਤ ਪੁੱਜੀ ਉਨ੍ਹਾਂ ਦੀ ਟੀਮ ਨੇ ਖੂਨਦਾਨ ਲੈਣਾ ਸ਼ੁਰੂ ਕੀਤਾ।

ਖੂਨਦਾਨੀਆਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ। ਕੈਂਪ ‘ਚ ਭਾਵੇਂ ਹੋਰ ਵੀ ਕਾਫੀ ਖੂਨਦਾਨੀ ਖੂਨਦਾਨ ਕਰਨ ਲਈ ਪੁੱਜੇ ਸੀ ਪਰ ਬਲੱਡ ਬੈਂਕ ਦੀ ਟੀਮ ਨੇ ਆਪਣੀ ਸਮਰੱਥਾ ਮੁਤਾਬਿਕ ਹੀ 55 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਕਰਨ ਤੋਂ ਵਾਂਝੇ ਰਹਿ ਗਏ ਸੇਵਾਦਾਰਾਂ ਨੂੰ ਜਿੰਮੇਵਾਰ ਸੇਵਾਦਾਰਾਂ ਨੇ ਭਵਿੱਖ ‘ਚ ਖੂਨ ਦੀ ਲੋੜ ਪੈਣ ‘ਤੇ ਲਾਏ ਜਾਣ ਵਾਲੇ ਕੈਂਪ ‘ਚ ਪਹਿਲ ਦੇ ਆਧਾਰ ‘ਤੇ ਖੂਨਦਾਨ ਕਰਨ ਲਈ ਪ੍ਰੇਰਿਆ।

ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਮੁੱਚੇ ਖੂਨਦਾਨੀ ਮਾਸਕ ਪਹਿਨਕੇ ਆਏ। ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਤਾਪਮਾਨ ਚੈੱਕ ਕਰਵਾਉਣ ਉਪਰੰਤ ਹੀ ਖੂਨਦਾਨੀਆਂ ਨੇ ਖੂਨਦਾਨ ਕੀਤਾ।

ਜਦੋਂ ਇੱਕ ਖੂਨਦਾਨੀ ਖੂਨਦਾਨ ਕਰਕੇ ਉਠਦਾ ਤਾਂ ਬੈੱਡ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਂਦਾ ਉਸ ਮਗਰੋਂ ਹੀ ਦੂਜੇ ਖੂਨਦਾਨੀ ਨੂੰ ਉੱਥੇ ਖੂਨਦਾਨ ਲਈ ਪਾਇਆ ਜਾਂਦਾ ਸੀ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਜੋ 134 ਕਾਰਜ਼ ਚਲਾਏ ਹਨ, ਉਨ੍ਹਾਂ ਦੀ ਸਿੱਖਿਆ ਤਹਿਤ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਕਰਦੇ ਹਨ ਤੇ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਹਨ

ਜਿਸ ਤਹਿਤ ਅੱਜ ਮੌੜ ਮੰਡੀ ‘ਚ 55 ਯੂਨਿਟ ਖੂਨਦਾਨ ਹੋਇਆ। ਖੂਨਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਲਖਵੀਰ ਇੰਸਾਂ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਵੀ ਬਲੱਡ ਬੈਂਕਾਂ ਨੂੰ ਖੂਨ ਦੀ ਜ਼ਰੂਰਤ ਪਈ ਤਾਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਖੂਨਦਾਨ ਲਈ ਤਿਆਰ ਹਨ। ਇਸ ਮੌਕੇ ਬਲਾਕ ਮੌੜ ਦੇ 15 ਮੈਂਬਰ, 25 ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਤੇ ਸੇਵਾਦਾਰ ਵੀਰ ਹਾਜ਼ਰ ਸਨ ।

ਖੂਨਦਾਨੀਆਂ ਦਾ ਤਹਿਦਿਲੋਂ ਧੰਨਵਾਦ : ਬਲੱਡ ਬੈਂਕ ਟੀਮ

ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਕੈਂਪ ਦੌਰਾਨ ਖੂਨ ਇਕੱਤਰ ਕਰਨ ਪੁੱਜੀ ਟੀਮ ਦੇ ਮੈਂਬਰਾਂ ਬਲਦੇਵ ਸਿੰਘ ਰੋਮਾਣਾ ਅਤੇ ਬਾਕੀ ਟੀਮ ਨੇ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮੇਂ-ਸਮੇਂ ਸਿਰ ਖੂਨਦਾਨ ਕਰਦੇ ਰਹਿੰਦੇ ਹਨ ਜੋ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜਦੋਂ ਕਿਤੇ ਵੀ ਭਵਿੱਖ ‘ਚ ਖੂਨ ਦੀ ਲੋੜ ਪਵੇਗੀ ਤਾਂ ਸੇਵਾਦਾਰਾਂ ਵੱਲੋਂ ਇਸੇ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ।

ਸਕੇ ਭਰਾਵਾਂ ਨੇ ਇਕੱਠਿਆਂ ਕੀਤਾ ਖੂਨਦਾਨ

ਕੈਂਪ ਦੌਰਾਨ ਪਿੰਡ ਜੋਧਪੁਰ ਪਾਖਰ ਤੋਂ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਇੰਸਾਂ ਤੇ ਸੂਬਾ ਸਿੰਘ ਇੰਸਾਂ ਪੁੱਤਰ ਹਾਕਮ ਸਿੰਘ ਇੰਸਾਂ ਨੇ ਇਕੱਠਿਆਂ ਖੂਨਦਾਨ ਕੀਤਾ। ਇਨ੍ਹਾਂ ਭਰਾਵਾਂ ਨੇ ਆਖਿਆ ਕਿ ਮਾਨਵਤਾ ਭਲਾਈ ਦੇ ਕਾਰਜ਼ਾਂ ‘ਚ ਉਹ ਦੋਵੇਂ ਰਲਕੇ ਸੇਵਾ ਕਰਦੇ ਹਨ ਅਤੇ ਭਵਿੱਖ ‘ਚ ਵੀ ਇਸੇ ਤਰ੍ਹਾਂ ਸੇਵਾ ਕਾਰਜ਼ ਜ਼ਾਰੀ ਰੱਖਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।