ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ

Success books

ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ

ਸਾਡੇ ਜੀਵਨ ਵਿੱਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਹੈ ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖਾਸ ਮਹੱਤਤਾ ਹੈ। ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨ ‘ਡਾਕੂਆਂ ਦਾ ਮੁੰਡਾ’ ਵਰਗੀਆਂ ਕਿਤਾਬਾਂ ਪੜ੍ਹ ਕੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਕਿਤਾਬ ਦਾ ਲੇਖਕ ਮਿੰਟੂ ਗੁਰੂਸਰੀਆ ਵੀ ਕਿਸੇ ਸਮੇਂ ਨਸ਼ਿਆਂ ਦੀ ਦਲਦਲ ਵਿਚ ਧਸ ਗਿਆ ਸੀ, ਪਰ ਜਦੋਂ ਉਹ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋਇਆ ਤਾਂ ਹੌਲੀ-ਹੌਲੀ ਉਸ ਦੀ ਜ਼ਿੰਦਗੀ ਨਵੇਂ ਮੋੜ ਕੱਟਦੀ ਗਈ, ਉਸ ਨੇ ਨਸ਼ਿਆਂ ਤੋਂ ਛੁਟਕਾਰਾ ਹੀ ਨਹੀਂ ਪਾਇਆ ਸਗੋਂ ਅੱਜ ਉਹ ਇੱਕ ਉੱਘਾ ਲੇਖਕ ਅਤੇ ਪੱਤਰਕਾਰ ਹੈ।

ਪ੍ਰਸਿੱਧ ਕਵੀ ਤੇ ਲੇਖਕ ਰਸੂਲ ਹਮਜ਼ਾਤੋਵ ਨੇ ਕਿਤਾਬਾਂ ਸਬੰਧੀ ਕਿਹਾ ਸੀ ਕਿ ਖੁਦ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਦੂਜਿਆਂ ਨੂੰ ਸਮਝਣ ਵਾਸਤੇ ਵੀ ਕਿਤਾਬਾਂ ਦੀ ਲੋੜ ਹੁੰਦੀ ਹੈ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਆਦਮੀ ਵਰਗੀ ਹੈ, ਜਿਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਵੇ ਤੇ ਜਿਹੜਾ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਅਤੇ ਦੁਨੀਆ ਨੂੰ ਦੇਖ ਨਹੀਂ ਸਕਦਾ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਵਿਅਕਤੀ ਵਰਗੀ ਹੈ ਜਿਸ ਦੇ ਕੋਲ ਦਰਪਣ ਨਾ ਹੋਵੇ, ਜਿਹੜਾ ਆਪਣਾ ਚਿਹਰਾ ਨਾ ਵੇਖ ਸਕਦਾ ਹੋਵੇ ਰਸੂਲ ਹਮਜ਼ਾਤੋਵ ਦੇ ਉਪਰੋਕਤ ਵਿਚਾਰ ਬਿਲਕੁਲ ਦਰੁਸਤ ਹਨ, ਕਿਉਂਕਿ ਕਿਤਾਬਾਂ ਦਾ ਅਧਿਐਨ ਆਤਮਿਕ ਗੁਣਾਂ ਨੂੰ ਉੱਚਾ ਚੁੱਕ ਕੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਰਹੁ-ਰੀਤਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿਚ ਸਭ ਤੋਂ ਵੱਧ ਸਹਾਇਤਾ ਕਰਦੀਆਂ ਹਨ। ਇਸੇ ਹੀ ਤਰ੍ਹਾਂ ਪ੍ਰਸਿੱਧ ਰੋਮਨ ਦਾਰਸ਼ਨਿਕ ਸਿਸਰੋ ਕਿਤਾਬਾਂ ਬਾਰੇ ਦੱਸਦੇ ਹੋਏ ਆਖਦੇ ਹਨ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾ ਦਿੰਦੇ ਹੋ ਤਾਂ ਸਮਝੋ ਕਿ ਤੁਹਾਡੇ ਘਰ ਵਿਚ ਇੱਕ ਹੋਰ ਆਤਮਾ ਧੜਕਣ ਲੱਗ ਪਈ ਹੈ, ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਬੀਤੇ ਸਮੇਂ ਤੇ ਦੂਸਰਿਆਂ ਨੂੰ ਸਮਝਣ ਲਈ ਕਿਤਾਬਾਂ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਹਨ।

ਕਿਤਾਬਾਂ ਮਾਨਸਿਕ ਤਣਾਅ ਦੂਰ ਕਰ ਸਕਦੀਆਂ

ਜਦੋਂ ਜ਼ਿੰਦਗੀ ਫਿੱਕੀ ਅਤੇ ਨੀਰਸ ਲੱਗਦੀ ਹੋਵੇ, ਚਾਰੇ ਪਾਸੇ ਹਨੇ੍ਹਰਾ ਹੀ ਹਨੇ੍ਹਰਾ ਛਾਇਆ ਪ੍ਰਤੀਤ ਹੁੰਦਾ ਹੋਵੇ, ਚਾਰੇ ਪਾਸੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੋਣ, ਤਣਾਅ ਵਧਦਾ ਜਾ ਰਿਹਾ ਹੋਵੇ ਤਾਂ ਅਜਿਹੇ ਸਮੇਂ ਵਿੱਚ ਕਿਤਾਬਾਂ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ, ਕਿਤਾਬਾਂ ਮਾਨਸਿਕ ਤਣਾਅ ਦੂਰ ਕਰ ਸਕਦੀਆਂ ਹਨ। ਅਜਿਹੇ ਸਮੇਂ ਪੜ੍ਹਨ ਵਾਲੀਆਂ ਅਨੇਕਾਂ ਕਿਤਾਬਾਂ ਹਨ ਜੋ ਤਣਾਅ ਦੂਰ ਕਰਨ ਦੇ ਨਾਲ-ਨਾਲ ਸਾਡੇ ਗਿਆਨ ਭੰਡਾਰ ਵਿੱਚ ਵੀ ਵਾਧਾ ਕਰਦੀਆਂ ਹਨ ਤੇ ਆਤਮ-ਵਿਸ਼ਵਾਸ ਵਧਾਉਂਦੀਆਂ ਹਨ ਵਿਸ਼ਵ ਪ੍ਰਸਿੱਧ ਲੇਖਕ ਸਵੇਟ ਮਾਰਡਨ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਜਿਵੇਂ ‘ਅਨੰਦ ਦਾ ਖਜ਼ਾਨਾ’, ‘ਸਫਲਤਾ ਕਿਵੇਂ ਪ੍ਰਾਪਤ ਕਰੀਏ’ ਆਦਿ ਹਨ, ਜੋ ਸੁਖਾਵੀਂ ਜੀਵਨ ਜਾਚ ਬਾਰੇ ਦੱਸਦੀਆਂ ਹਨ। ਕਿਤਾਬਾਂ ਸਾਡੇ ਜੀਵਨ ਨੂੰ ਬਦਲਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਸ਼ਾਇਦ ਹੀ ਕੋਈ ਅਜਿਹਾ ਸਾਧਨ ਹੋਵੇ ਜਿਸ ਦਾ ਮਨ ਉੱਪਰ ਇੰਨਾ ਡੂੰਘਾ ਅਸਰ ਪੈਂਦਾ ਹੋਵੇ। ਦੁਨੀਆਂ ਵਿੱਚ ਅਨੇਕਾਂ ਅਜਿਹੇ ਵਿਦਵਾਨ, ਲੇਖਕ ਅਤੇ ਮਹਾਨ ਸ਼ਖਸੀਅਤਾਂ ਹੋਈਆਂ ਹਨ, ਜਿਨ੍ਹਾਂ ਉੱਪਰ ਕਿਸੇ ਨਾ ਕਿਸੇ ਕਿਤਾਬ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਵੱਡਾ ਬਦਲਾਅ ਆਇਆ, ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅੰਗਰੇਜ਼ੀ ਲੇਖਕ ਰਾਸਕਿਨ ਨੂੰ ਪੜ੍ਹਿਆ, ਲੇਖਕ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਸਦਾ ਪ੍ਰਭਾਵ ਪ੍ਰੀਤਲੜੀ ਦੀਆਂ ਰਚਨਾਵਾਂ ’ਤੇ ਵੀ ਪਿਆ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ‘ਸ਼ਬਦਾਂ ਦਾ ਜਾਦੂਗਰ’ ਕਿਹਾ ਜਾਣ ਲੱਗਾ।

ਕਿਤਾਬਾਂ ਪੜ੍ਹਨ ਨਾਲ ਮਨੁੱਖ ਆਪਣੇ ਬੋਲ-ਚਾਲ ਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ, ਪਰ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜੋਕਾ ਵਿਦਿਆਰਥੀ ਤੇ ਨੌਜਵਾਨ ਪੁਸਤਕ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਇਲ ਤੇ ਟੈਲੀਵਿਜ਼ਨ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣ ਵਿੱਚ ਜ਼ਿਆਦਾਤਰ ਮਾਪਿਆਂ ਦਾ ਵੀ ਰੋਲ ਹੈ, ਕਿਉਂਕਿ ਜ਼ਿਆਦਾਤਰ ਮਾਪੇ ਇਹ ਸਮਝਦੇ ਹਨ ਕਿ ਸਕੂਲ ਦੀਆਂ ਕਿਤਾਬਾਂ ਹੀ ਬਹੁਤ ਹਨ, ਉਸ ਨੇ ਹੋਰ ਕਿਤਾਬਾਂ ਕੀ ਕਰਨੀਆਂ ਹਨ। ਬਹੁਤ ਘੱਟ ਮਾਪੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਰੋਜ਼ਾਨਾ ਇੱਕੋ ਹੀ ਤਰ੍ਹਾਂ ਦੇ ਕੰਮ ਤੋਂ ਇਲਾਵਾ ਬੱਚੇ ਨੂੰ ਕੁਝ ਵੱਖਰਾ ਤਜ਼ਰਬਾ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਸਕੂਲੀ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਹੋਰ ਤਰ੍ਹਾਂ ਦੀ ਜਾਣਕਾਰੀ ਵੀ ਮਿਲੇ।

ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ

ਅੱਜ-ਕੱਲ੍ਹ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਆਉਂਦੀਆਂ ਹਨ ਜਿਵੇਂ ਪੰਜ-ਛੇ ਸਾਲ ਦੇ ਬੱਚਿਆਂ ਲਈ ਛੋਟੀਆਂ-ਛੋਟੀਆਂ ਕਿਤਾਬਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਵੱਡੇ-ਵੱਡੇ ਅੱਖਰਾਂ ਨਾਲ ਲਿਖਿਆ ਹੁੰਦਾ ਹੈ ਤਾਂ ਕਿ ਛੋਟੇ ਬੱਚੇ ਉਸ ਨੂੰ ਅਸਾਨੀ ਨਾਲ ਸਮਝ ਸਕਣ। ਇਸੇ ਤਰ੍ਹਾਂ ਨੌਂ-ਦਸ ਸਾਲ ਦੇ ਬੱਚਿਆਂ ਲਈ ਕਾਰਟੂਨ ਵਾਲੀਆਂ ਕਿਤਾਬਾਂ ਆਉਂਦੀਆਂ ਹਨ। ਵਿਦਿਆਰਥੀ, ਨੌਜਵਾਨਾਂ ਤੇ ਆਮ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨ ਵਾਸਤੇ ਹਰ ਪਿੰਡ, ਸ਼ਹਿਰ, ਸਕੂਲਾਂ-ਕਾਲਜਾਂ ਵਿੱਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁੁਰਾਤਨ ਅਤੇ ਆਧੁਨਿਕ ਰਚਨਾਕਾਰ ਸਾਡੀ ਅਜੋਕੀ ਆਧੁਨਿਕ ਪੀੜ੍ਹੀ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਜਿਨ੍ਹਾਂ ਨੇ ਆਪਣੀ ਤੀਖਣ ਬੁੱਧੀ ਤੇ ਵਲਵਲਿਆਂ ਨੂੰ ਆਪਣੀ ਸਮਝ, ਸੂਝ ਤੇ ਸਮਰੱਥਾ ਨਾਲ ਲਿਖਤਾਂ ਰਾਹੀਂ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ, ਇਹ ਆਪਣੀਆਂ ਲਿਖਤਾਂ ਰਾਹੀਂ ਚੰਗਿਆਈਆਂ ਦੇ ਲੜ ਲੱਗਣ ਅਤੇ ਬੁਰਾਈਆਂ ਦੇ ਨਿਖੇੜੇ ਲਈ ਪ੍ਰੇਰਕ ਹਨ। ਸਾਹਿਤਕ ਲੋਕਾਂ ਦੇ ਵਿਚਾਰਾਂ ਦੀ ਧਾਰ ਬਹੁਤ ਤਿੱਖੀ ਹੁੰਦੀ ਹੈ। ਸਰਦਾਰ ਭਗਤ ਸਿੰਘ ਦੇ ਇਨਕਲਾਬ ਸਬੰਧੀ ਦਿੱਤੇ ਵਿਚਾਰ ਸਨ ਕਿ ਪਿਸਤੌਲ ਤੇ ਬੰਬ ਕਦੀ ਵੀ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਧਾਰ ’ਤੇ ਤਿੱਖੀ ਹੁੰਦੀ ਹੈ।

ਇਹ ਗੱਲ ਮੈਂ ਇੱਥੇ ਇਸ ਲਈ ਕਰ ਰਿਹਾ ਹਾਂ ਕਿ ਸਾਡੇ ਸਮਾਜ ਅੰਦਰ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ। ਇਨ੍ਹਾਂ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਪ੍ਰੋ. ਸਾਹਿਬ ਸਿੰਘ ਹੁਰਾਂ ਨੇ ਇਸ ਸਬੰਧੀ ਬਹੁਤ ਵਧੀਆ ਵਿਚਾਰ ਦਿੱਤੇ ਹਨ ਕਿ ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ ਭਾਵ ਇਹ ਹੈ ਕਿ ਸਾਨੂੰ ਚੰਗੇ, ਮਾੜੇ ਲੇਖਕਾਂ ਤੇ ਸਾਹਿਤ ਦਾ ਨਾਪ-ਤੋਲ ਜ਼ਰੂਰ ਕਰ ਲੈਣਾ ਚਾਹੀਦਾ ਹੈ।

ਸਿਵੀਆਂ, ਬਠਿੰਡਾ ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ