ਰੋਟੀ, ਕੱਪੜਾ, ਮਕਾਨ ਅਤੇ ਮੋਬਾਇਲ

ਰੋਟੀ, ਕੱਪੜਾ, ਮਕਾਨ ਅਤੇ ਮੋਬਾਇਲ

ਹਥਲੇ ਲੇਖ ਦੇ ਉਪਰੋਕਤ ਸਿਰਲੇਖ ਰੋਟੀ, ਕੱਪੜਾ, ਮਕਾਨ ਔਰ ਮੋਬਾਇਲ ਨੂੰ ਪੜ੍ਹ ਕੇ ਪਾਠਕ ਹੈਰਾਨ ਹੋਣਗੇ ਕਿ ਰੋਟੀ, ਕੱਪੜਾ ਔਰ ਮਕਾਨ ਤਾਂ ਸੁਣਿਆ ਸੀ ਪਰ ਇਹ ਰੋਟੀ ਕੱਪੜਾ ਮਕਾਨ ਅਤੇ ਮੋਬਾਇਲ ਕਿਵੇਂ ਹੋ ਗਿਆ ਕਿਉਂਕਿ ਇਸ ਨਾਮ ਦੀ ਇੱਕ ਹਿੰਦੀ ਫਿਲਮ ‘ਰੋਟੀ ਕੱਪੜਾ ਔਰ’ ਮਕਾਨ ਵੀ ਬਹੁਤ ਪ੍ਰਸਿੱਧ ਹੋਈ ਸੀ ਉਂਜ ਵੀ ਇਹ ਇੱਕ ਕਹਾਵਤ ਹੈ ਕਿ ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ ਰੋਟੀ ਕੱਪੜਾ ਤੇ ਮਕਾਨ ਪਰ ਅੱਜਕੱਲ੍ਹ ਦੇ ਸਮਾਜਿਕ ਮਾਹੌਲ ਨੂੰ ਅਤੇ ਮੋਬਾਇਲ ਦੀ ਇੰਨੀ ਜਿਆਦਾ ਵਰਤੋਂ ਨੂੰ ਦੇਖਦਿਆਂ ਜਾਪਦਾ ਹੈ ਕਿ ਹੁਣ ਮਨੁੱਖ ਦੀਆਂ ਤਿੰਨ ਨਹੀਂ ਬਲਕਿ ਚਾਰ ਮੁੱਢਲੀਆਂ ਲੋੜਾਂ ਹੋ ਗਈਆਂ ਹਨ ਰੋਟੀ,ਕੱਪੜਾ,ਮਕਾਨ ਅਤੇ ਮੋਬਾਇਲ ।

ਕਿਉਂਕਿ ਅੱਜ ਚਾਹੇ ਇਨਸਾਨ ਕਿਸੇ ਹੋਰ ਚੀਜ਼ ਦੀ ਜ਼ਰੂਰਤ ਮਹਿਸੂਸ ਕਰੇ ਜਾਂ ਨਾ ਕਰੇ, ਪਰ ਮੇਰੇ ਦਿ੍ਰਸ਼ਟੀਕੋਣ ਮੁਤਾਬਿਕ ਮੋਬਾਇਲ ਨੂੰ ਵੀ ਆਪਣੀ ਮੁੱਢਲੀ ਲੋੜ ਸਮਝਣ ਲੱਗ ਪਿਆ ਹੈ। ਕੋਈ ਵਪਾਰੀ ਹੋਵੇ, ਨੌਕਰੀਸ਼ੁਦਾ ਹੋਵੇ, ਕਿਸਾਨ, ਵਿਦਿਆਰਥੀ, ਮਜ਼ਦੂਰ, ਰਿਕਸ਼ਾ ਚਾਲਕ, ਇੱਥੋਂ ਤੱਕ ਕਿ ਅੱਜਕੱਲ੍ਹ ਤਾਂ ਭਿਖਾਰੀਆਂ ਕੋਲ ਵੀ ਮੋਬਾਇਲ ਹਨ।

ਖੈਰ ਇਨ੍ਹਾਂ ਵਿੱਚੋਂ ਤਾਂ ਕੁਝ ਵਰਗਾਂ ਨੂੰ ਮੋਬਾਇਲ ਫੋਨ ਦੀ ਅਜੋਕੇ ਸਮੇਂ ਬਹੁਤ ਜਰੂਰਤ ਹੈ, ਪਰ ਛੋਟੇ-ਛੋਟੇ ਬੱਚਿਆਂ ਦੀ ਮੋਬਾਇਲ ਪ੍ਰਤੀ ਇੰਨੀ ਜÇਆਦਾ ਖਿੱਚ ਅਤੇ ਬਹੁਤ ਜ਼ਿਆਦਾ ਵਰਤੋਂ ਤੇ ਚਿੰਤਨ ਕਰਨ ਦੀ ਲੋੜ ਹੈ। ਕਈ ਘਰਾਂ ਦੇ ਇਕਲੌਤੇ ਅਤੇ ਲਾਡਲੇ ਰੱਖੇ ਹੋਏ ਬੱਚੇ ਮੋਬਾਇਲ ਲਈ ਬਹੁਤ ਜ਼ਿੱਦ ਕਰਦੇ ਹਨ ਕਿ ਮੈਨੂੰ ਮੋਬਾਇਲ ਦਿਓ ਅਤੇ ਕਈ ਮਾਪੇ ਖ਼ੁਦ ਆਪ ਹੀ ਬੱਚੇ ਨੂੰ ਮੋਬਾਇਲ ਦੇ ਦਿੰਦੇ ਹਨ ਤਾਂ ਕਿ ਉਹ ਉਨ੍ਹਾਂ ਨੂੰ ਕਿਸੇ ਕੰਮ ਕਰਦਿਆਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ। ਅਜਿਹੇ ਮਾਹੌਲ ’ਚ ਗਲਤ ਨਤੀਜੇ ਵੀ ਆ ਸਕਦੇ ਹਨ ਜਿਵੇਂ ਪਿੱਛੇ ਜਿਹੇ ਇਕ ‘ਬਲਿਊ ਵੇਲ੍ਹ ਚੈਲੇਂਜ’ ਨਾਮਕ ਗੇਮ ਨਾਲ ਕਈ ਬੱਚੇ ਖ਼ੁਦਕੁਸ਼ੀ ਕਰ ਗਏ।

ਕਈ ਸਾਲ ਪਹਿਲਾਂ ਜਦੋਂ ਮੋਬਾਇਲ ਫੋਨ ਦੀ ਇਨਕਮਿੰਗ ਕਾਲ ਦੇ ਵੀ ਚਾਰਜ ਲੱਗਦੇ ਸਨ ਤਾਂ ਉਸ ਸਮੇਂ ਮੋਬਾਇਲ ਫੋਨ ਵਧੇਰੇ ਖਰਚੀਲਾ ਹੋਣ ਕਰਕੇ ਕੁਝ ਪਹੁੰਚ ਵਾਲੇ ਲੋਕਾਂ ਕੋਲ ਹੀ ਸੀ, ਪਰ ਮੁਕਾਬਲੇ ਦਾ ਯੁੱਗ ਹੋਣ ਕਰਕੇ ਤੇ ਸੰਚਾਰ ਖੇਤਰ ਵਿਚ ਨਿੱਜੀ ਖੇਤਰ ਦੀ ਤਕੜੀ ਘੁਸਪੈਠ ਹੋਣ ਕਰਕੇ ਕੰਪਨੀਆਂ ਦੇ ਆਪਸੀ ਮੁਕਾਬਲੇ ਨੇ ਨਾ ਸਿਰਫ ਇਨਕਮਿੰਗ ਕਾਲਾਂ ਮੁਫ਼ਤ ਕਰ ਦਿੱਤੀਆਂ। ਸਗੋਂ ਸੈੱਟ ਬਣਾਉਣ ਵਾਲੀਆਂ ਕੰਪਨੀਆਂ ਦੀ ਬਹੁਤਾਤ ਹੋਣ ਕਰਕੇ ਅਤੇ ਇਨ੍ਹਾਂ ਦੇ ਵੀ ਆਪਸੀ ਮੁਕਾਬਲੇ ਨਾਲ ਮੋਬਾਇਲ ਸੈੱਟ ਵੀ ਕਾਫੀ ਸਸਤੇ ਹੁੰਦੇ ਗਏ।

ਜਿਸ ਕਾਰਨ ਮੋਬਾਇਲ ਸਾਧਾਰਨ ਆਦਮੀ ਦੀ ਜੇਬ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਮੋਬਾਇਲ ਫੋਨ ਦੇ ਖਾਸ ਤੋਂ ਆਮ ਹੋਣ ਨਾਲ ਹੀ ਇਸ ਦੀ ਵਰਤੋਂ ਮਨੋਰਥਾਂ ਵਿੱਚ ਵੀ ਵਖਰੇਵਾਂ ਆ ਗਿਆ ਹੈ। ਇਸੇ ਵਖਰੇਵੇਂ ਕਾਰਨ ਚਿੰਤਕਾਂ ਅਤੇ ਦਿਮਾਗਦਾਰਾਂ ਦੇ ਮੋਬਾਇਲ ਪ੍ਰਤੀ ਵਿਚਾਰਾਂ ਵਿੱਚ ਵੀ ਵਿਭਿੰਨਤਾ ਹੈ। ਕੁਝ ਲਈ ਇਹ ਮੋਬਾਇਲ ਫੋਨ ਦੀ ਵਰਤੋਂ ਵਰਦਾਨ ਹੈ ਅਤੇ ਕੁਝ ਕੁ ਲਈ ਇਹ ਨਿਰੋਲ ਸਿਰਦਰਦੀ ਹੈ। ਖ਼ੈਰ ਇਨ੍ਹਾਂ ਦੋਵਾਂ ਵਿਚਾਰਧਾਰਾਵਾਂ ਦੇ ਗਰਭ ’ਚੋਂ ਉਪਜੇ, ਮੋਬਾਇਲ ਦੇ ਹਾਂਪੱਖੀ ਤੇ ਨਾਂਹ ਪੱਖੀ ਪਹਿਲੂਆਂ ਦੀ ਗੱਲ ਇਸ ਲੇਖ ਰਾਹੀਂ ਕਰਦੇ ਹਾਂ।

ਜਿਉਂ ਹੀ ਮਨੁੱਖ ਦੀ ਬੁੱਧੀ ਨੇ ਵਿਕਾਸ ਕਰਨਾ ਸ਼ੁਰੂ ਕੀਤਾ, ਉਦੋਂ ਤੋਂ ਹੀ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਲਈ ਆਪਣੇ ਦਿਮਾਗ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ। ਪਹੀਏ ਦੀ ਖੋਜ ਤੋਂ ਬਾਅਦ ਮਨੁੱਖ ਨੇ ਸਮਾਜਿਕ ਰਿਸ਼ਤੇ ਵਿੱਚ ਬੱਝਦੇ ਹੋਏ ਆਪਣੇ ਅਤੇ ਦੂਜੇ ਮਨੁੱਖ ਵਿਚਲੀ ਦੂਰੀ ਨੂੰ ਘਟਾਉਣ ਲਈ ਨਵੀਆਂ ਨਵੀਆਂ ਕਾਢਾਂ ਕੱਢੀਆਂ, ਭਾਵੇਂ ਉਹ ਕਬੂਤਰ ਜਿਹੇ ਪੰਛੀ ਨੂੰ ਚਿੱਠੀਆਂ ਰਾਹੀ ਸੁਨੇਹੇ ਦੇ ਕੇ ਘੱਲਣ ਦੀਆਂ ਹੋਣ ਜਾਂ ਫਿਰ ਡਾਕਖਾਨਾ ਚਿੱਠੀਆਂ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪਹੁੰਚਾਉਣ ਦੀਆਂ ਹੋਣ, ਪਰ ਮਨੁੱਖ ਦੇ ਦਿਮਾਗ ਨੇ ਤਾਂ ਅੱਜ ਦੁਨੀਆਂ ਨੂੰ ਮੁੱਠੀ ਵਿੱਚ ਭਰ ਕੇ ਰੱਖ ਦਿੱਤਾ ਹੈ। ਕਿਉਂਕਿ ਅੱਜ ਮਨੁੱਖ ਦੀ ਬੁੱਧੀ ਦਾ ਕਮਾਲ ਇਹ ਹੈ ਕਿ ਅਸੀਂ ਆਪਣੀਆਂ ਲੋੜਾਂ ਅਤੇ ਭਾਵਨਾਵਾਂ ਦੇ ਰਿਸ਼ਤਿਆਂ ਨੂੰ ਸਮੁੰਦਰੋਂ ਪਾਰ ਖਿੱਚ ਕੇ ਆਪਣੇ ਹੱਥ ਵਿਚ ਲੈ ਆਂਦਾ ਹੈ ਜਿਸ ਨੇ ਮਨੁੱਖ ਦੀਆਂ ਲੋੜਾਂ ਅਤੇ ਇੱਕ ਦੂਜੇ ਉੱਪਰ ਨਿਰਭਰਤਾ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ।

ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸੱਚਮੁੱਚ ਮਨੁੱਖ ਮੋਬਾਇਲ ਤੋਂ ਬਿਨਾਂ ਅਧੂਰਾ ਹੈ। ਜੇਕਰ ਅਸੀਂ ਦੇਖੀਏ ਕਿ ਇਕ ਵਪਾਰ ਦਾ ਕੰਮ ਕਰਨ ਵਾਲਾ, ਨੌਕਰੀਸ਼ੁਦਾ ਜਾਂ ਕਿਸੇ ਹੋਰ ਕੰਮ ਦੀ ਉਮਰ ਹੰਢਾ ਰਹੇ ਮਨੁੱਖ ਲਈ ਇਸ ਸਹੂਲਤ ਦਾ ਮਾਣਨਾ ਬਣਦਾ ਹੈ। ਪਰ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਦੇ ਯੁੱਗ ਵਿੱਚ ਬੱਚੇ ਤੋਂ ਲੈ ਕੇ ਬਜੁਰਗ ਅਵਸਥਾ ਤਕ ਹਰ ਇੱਕ ਨੂੰ ਇਸ ਸਹੂਲਤ ਦੀ ਲੋੜ ਹੈ। ਇਸ ਸੰਬੰਧੀ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਅੱਜਕੱਲ੍ਹ ਆਪਣੇ ਆਪ ਨੂੰ ਮੋਬਾਇਲ ’ਤੇ ਬਹੁਤ ਜ਼ਿਆਦਾ ਹੀ ਨਿਰਭਰ ਕਰ ਲਿਆ ਹੈ।

ਇਹ ਇੱਕ ਸੱਚਾਈ ਹੈ ਕਿ ਮੋਬਾਇਲ ਫੋਨ ਦੀ ਖੋਜ ਆਪਣੇ ਆਪ ਵਿੱਚ ਇੱਕ ਮਹਾਨ ਖੋਜ ਹੈ ਅਤੇ ਮੋਬਾਇਲ ਦੇ ਫ਼ਾਇਦਿਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜੇਕਰ ਥੋੜ੍ਹਾ ਜਿਹਾ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਇੱਕ ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਫੁੱਲਾਂ ਨਾਲ ਖਾਰ ਵੀ ਹੁੰਦੇ ਹਨ, ਉਸੇ ਤਰ੍ਹਾਂ ਮੋਬਾਇਲ ਫੋਨਾਂ ਨੇ ਮਨੁੱਖੀ ਸਹੂਲਤਾਂ ਦਾ ਬਾਇਸ ਬਣਨ ਦੇ ਨਾਲ-ਨਾਲ ਸਿਰਦਰਦੀ ਦਾ ਮਾਹੌਲ ਵੀ ਸਿਰਜਿਆ ਹੈ, ਦਰਅਸਲ ਸਿਰਦਰਦੀ ਮੋਬਾਇਲ ਦੀ ਘੱਟ ਹੈ ਅਤੇ ਇਸਦੀ ਅਯੋਗ ਵਰਤੋਂ ਦੀ ਵਧੇਰੇ ਹੈ।
ਬਠਿੰਡਾ ਮੋਬਾ: 080547-57806
ਪਿੰਡ ਤੇ ਡਾਕ:- ਸਿਵੀਆਂ (ਬਠਿੰਡਾ)
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ