‘ਪ੍ਰੀਖਿਆਵਾਂ ਰੱਦ ਕਰਨਾ ਵਿਦਿਆਰਥੀਆਂ ਦੇ ਭਵਿੱਖ ’ਤੇ ਕੁਹਾੜਾ’

0
207

ਸਿੱਖਿਆ ਮਾਹਿਰਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਕਰੜੀ ਆਲੋਚਨਾ ਕੀਤੀ

ਸੰਗਰੂਰ, (ਗੁਰਪ੍ਰੀਤ ਸਿੰਘ) ਕੋਵਿਡ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀਬੀਐਸਈ ਬੋਰਡਾਂ ਵੱਲੋਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਫੈਸਲੇ ’ਤੇ ਸਿੱਖਿਆ ਮਾਹਿਰਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰਾਂ ਦਾ ਇਹ ਫੈਸਲਾ ਬੇਹੱਦ ਅਸਫਸੋਸਨਾਕ ਹੈ ਕਿਉਂਕਿ ਅਜਿਹੇ ਫੈਸਲੇ ਨਾਲ ਵਿਦਿਆਰਥੀਆਂ ਦੇ ਜੀਵਨ ’ਚ ਵੱਡਾ ਫਰਕ ਪਵੇਗਾ ਅਤੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਹੁਸ਼ਿਆਰ ਤੇ ਆਮ ਵਿਦਿਆਰਥੀਆਂ ’ਚ ਫਾਸਲਾ ਖ਼ਤਮ ਹੋ ਜਾਵੇਗਾ ਅਤੇ ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਘਟੇਗੀ ਅਤੇ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵਿੱਚ ਹੀਣ ਭਾਵਨਾ ਪੈਦਾ ਹੋਵੇਗੀ

‘ਸੱਚ ਕਹੂੰ’ ਵੱਲੋਂ ਇਸ ਮਸਲੇ ’ਤੇ ਵੱਖ-ਵੱਖ ਸਿੱਖਿਆ ਮਾਹਿਰਾਂ ਨਾਲ ਗੱਲਬਾਤ ਕੀਤੀ , ਜਿਨ੍ਹਾਂ ਵਿੱਚ ਲਗਭਗ ਸਾਰਿਆਂ ਦੀ ਇੱਕੋ ਰਾਇ ਹੈ ਕਿ ਸਰਕਾਰਾਂ ਨੂੰ ਇਸ ਫੈਸਲਾ ਬਾਰੇ ਮੁੜ ਪੜਚੋਲ ਕਰਨੀ ਚਾਹੀਦੀ ਹੈ

ਦਸਵੀਂ ਦੇ ਪੇਪਰ ਰੱਦ ਕਰਨਾ ਮੰਦਭਾਗਾ ਫੈਸਲਾ : ਜਗਜੀਤ ਸਿੰਘ

ਇਸ ਮਸਲੇ ’ਤੇ ਗੱਲਬਾਤ ਕਰਦਿਆਂ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਨੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਫੈਸਲਾ ਬਹੁਤ ਹੀ ਮੰਦਭਾਗਾ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਹੈ ਉਨ੍ਹਾਂ ਕਿਹਾ ਕਿ ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਵਿਦਿਆਰਥੀ ਜੀਵਨ ਦੀਆਂ ਬਹੁਤ ਹੀ ਅਹਿਮ ਕਲਾਸਾਂ ਹੁੰਦੀਆਂ ਹਨ , ਜਿਨ੍ਹਾਂ ਤੋਂ ਬਾਅਦ ਵਿਦਿਆਰਥੀ ਦੇ ਕੈਰੀਅਰ ਵਿੱਚ ਵੱਡਾ ਮੋੜਾ ਆਉਂਦਾ ਹੈ ਅਤੇ ਸਮੁੱਚੀ ਜ਼ਿੰਦਗੀ ਇਨ੍ਹਾਂ ਸਾਲਾਂ ’ਤੇ ਨਿਰਭਰ ਹੁੰਦੀ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ, ਸਕੂਲਾਂ ਨੂੰ ਇਸ ਦੀ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ

ਇਸ ਤੋਂ ਇਲਾਵਾ ਆਨ ਲਾਈਨ ਵੀ ਪ੍ਰੀਖਿਆ ਲਈ ਜਾ ਸਕਦੀ ਹੈ ਜੇਕਰ ਬੱਚੇ ਨੂੰ ਬਗੈਰ ਤਿਆਰੀ ਤੋਂ ਅੱਗੇ ਕਲਾਸਾਂ ਵਿੱਚ ਪ੍ਰਮੋਟ ਕਰ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਗਲੀਆਂ ਕਲਾਸਾਂ ਵਿੱਚ ਇਸ ਦਾ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਖੋਲ੍ਹਣ ਦੇ ਮੁੱਦੇ ਸਬੰਧੀ ਪੰਜਾਬ ਅਤੇ ਹਰਿਆਣਾ ਦੇ ਸਕੂਲ ਮੁਖੀਆਂ ਦੀ ਇੱਕ ਮੀਟਿੰਗ 17 ਅਪਰੈਲ ਨੂੰ ਬੁਲਾਈ ਗਈ ਹੈ, ਇਹ ਮੀਟਿੰਗ ਜ਼ੂਮ ਐਪ ਦੇ ਜ਼ਰੀਏ ਹੋਵੇਗੀ ਉਨ੍ਹਾਂ ਕਿਹਾ ਇਸ ਮੀਟਿੰਗ ਵਿੱਚ ਸਕੂਲ ਸੰਚਾਲਕਾਂ ਵੱਲੋਂ ਜੋ ਫੈਸਲਾ ਲਿਆ ਜਾਵੇਗਾ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇਗਾ

ਪ੍ਰੀਖਿਆ ਰੱਦ ਕਰਨ ਦਾ ਫੈਸਲਾ ਵਿਦਿਆਰਥੀਆਂ ਦੇ ਭਵਿੱਖ ਲਈ ਮਾਰੂ ਸਾਬਤ ਹੋਵੇਗਾ : ਸ਼ਿਵ ਆਰੀਆ

ਜ਼ਿਲ੍ਹਾ ਸੰਗਰੂਰ ਦੇ ਨਾਮੀ ਵਿੱਦਿਅਕ ਅਦਾਰੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਇੰਜ: ਸ਼ਿਵ ਆਰੀਆ ਨੇ ਕਿਹਾ ਕਿ ਮੈਂ ਤਾਂ ਸਿਰਫ਼ ਉਨ੍ਹਾਂ ਹੁਸ਼ਿਆਰ ਤੇ ਕਾਬਲ ਵਿਦਿਆਰਥੀਆਂ ਬਾਰੇ ਸੋਚ ਰਿਹਾ ਹਾਂ ਕਿ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਕੀਤੀ ਅਤੇ ਆਪਣੀ ਕਾਬਲੀਅਤ ਦਿਖਾਉਣ ਲਈ ਦਿਨ-ਰਾਤ ਪੜ੍ਹਾਈ ਵਿੱਚ ਲੱਗੇ ਹੋਏ ਹਨ ਸਰਕਾਰ ਦੇ ਅਜਿਹੇ ਫੈਸਲਿਆਂ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲੇਗਾ ਅਤੇ ਉਹ ਵਿਦਿਆਰਥੀ ਵੀ ਉਨ੍ਹਾਂ ਦੇ ਨਾਲ ਹੀ ਅਗਲੀ ਸ਼੍ਰੇਣੀ ਵਿੱਚ ਸ਼ਾਮਲ ਹੋ ਜਾਣਗੇ,

ਜਿਹੜੇ ਕਦੇ ਵੀ ਪੜ੍ਹਾਈ ਲਈ ਇਕਾਗਰ ਨਹੀਂ ਰਹੇ ਸ੍ਰੀ ਆਰੀਆ ਨੇ ਕਿਹਾ ਕਿ ਮੁਕਾਬਲੇ ਜਾਂ ਪ੍ਰੀਖਿਆ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਬੇਸ਼ੱਕ ਸਰਕਾਰ ਵੱਲੋਂ ਲਾਕਡਾਊਨ ਵਿੱਚ ਸਕੂਲ ਤਾਂ ਬੰਦ ਕਰ ਦਿੱਤੇ ਗਏ ਸਨ ਪਰ ਹੁਣ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਵਿਦਿਆਰਥੀਆਂ ਲਈ ਆਉਣ ਵਾਲੇ ਭਵਿੱਖ ਲਈ ਮਾਰੂ ਸਾਬਤ ਹੋਵੇਗਾ

ਪ੍ਰੀਖਿਆ ਦਾ ਮੁਲਾਂਕਣ ਬੇਹੱਦ ਜ਼ਰੂਰੀ : ਦੇਵੀ ਦਿਆਲ ਸਟੇਟ ਐਵਾਰਡੀ ਅਧਿਆਪਕ

ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ ਨੇ ਕਿਹਾ ਕਿ ਪ੍ਰੀਖਿਆ ਕੋਈ ਵੀ ਹੋਵੇ, ਉਸ ਦਾ ਮੁਲਾਂਕਣ ਬੇਹੱਦ ਜ਼ਰੂਰੀ ਹੁੰਦੀ ਹੈ ਮੁਲਾਂਕਣ ਦੇ ਜ਼ਰੀਏ ਵਿਦਿਆਰਥੀਆਂ ਦੀ ਤਿਆਰੀ ਦਾ ਪਤਾ ਲੱਗਦਾ ਹੈ ਸਰਕਾਰ ਵੱਲੋਂ ਇਸ ਬਾਰੇ ਬਿਲਕੁਲ ਇੱਕ ਪਾਸੜ ਫੈਸਲਾ ਲਿਆ ਗਿਆ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਦੇਵੀ ਦਿਆਲ ਨੇ ਗੱਲਬਾਤ ਦੌਰਾਨ ਕਿਹਾ ਕਿ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਰੈਲੀਆਂ ਵਿੱਚ ਭਾਰੀ ਭੀੜ ਇਕੱਤਰ ਹੋ ਰਹੀ ਹੈ , ਜਿਸ ਵਿੱਚ ਪ੍ਰਧਾਨ ਮੰਤਰੀ ਖੁਦ ਸ਼ਾਮਲ ਹੋ ਰਹੇ ਹਨ

ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਵਿੱਚ ਵੱਡੀਆਂ ਭੀੜਾਂ ਹੋ ਰਹੀਆਂ ਹਨ ਪਰ ਸਕੂਲਾਂ ਨੂੰ ਬੰਦ ਕੀਤਾ ਜਾ ਰਿਹੈ ਉਨ੍ਹਾਂ ਕਿਹਾ ਕਿ ਬੱਚੇ ਦੀ ਪ੍ਰੀਖਿਆ ਬੇਹੱਦ ਜ਼ਰੂਰੀ ਹੈ, ਸਰਕਾਰ ਚਾਹੁੰਦੀ ਤਾਂ ਆਨ ਲਾਈਨ ਤਰੀਕੇ ਨਾਲ ਬੱਚਿਆਂ ਦੇ ਪੇਪਰ ਲੈ ਸਕਦੀ ਸੀ ਪਰ ਬੱਚਿਆਂ ਦੇ ਭਵਿੱਖ ਬਾਰੇ ਸਰਕਾਰ ਨੇ ਕੋਈ ਚੰਗਾ ਫੈਸਲਾ ਨਹੀਂ ਲਿਆ

ਸਰਕਾਰਾਂ ਦਾ ਇਹ ਫੈਸਲਾ ਵਿਦਿਆਰਥੀਆਂ ਨੂੰ ਅੰਧਕਾਰ ਵੱਲ ਧੱਕਣ ਵਾਲਾ : ਧਾਲੀਵਾਲ

ਸੰਗਰੂਰ ਦੇ ਫਾਰਚੂਨ ਕਾਨਵੈਂਟ ਸਕੂਲ ਦੇ ਚੇਅਰਮੈਨ ਪ੍ਰਤਾਪ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਮਿਹਨਤੀ ਅਤੇ ਹੇਠਲੇ ਪੱਧਰ ਦੇ ਆਮ ਵਿਦਿਆਰਥੀਆਂ ਵਿਚਾਲੇ ਪਾੜਾ ਖਤਮ ਹੋ ਗਿਆ ਹੈ, ਹੁਸ਼ਿਆਰ ਵਿਦਿਆਰਥੀਆਂ ਨੂੰ ਇਸ ਕਰਕੇ ਦੁਖੀ ਹੋਣਾ ਪੈ ਰਿਹਾ ਹੈ

ਧਾਲੀਵਾਲ ਨੇ ਕਿਹਾ ਕਿ ਸੂਬੇ ਦੇ ਪ੍ਰਾਈਵੇਟ ਸਕੂਲ ਏਨੇ ਸਮਰੱਥ ਹਨ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਦੇ ਪੇਪਰ ਲੈ ਸਕਦੇ ਹਨ ਪਰ ਸਰਕਾਰ ਵੱਲੋਂ ਸਕੂਲਾਂ ਵਾਲਿਆਂ ਨਾਲ ਸਰਕਾਰ ਵੱਲੋਂ ਇਸ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ ਕੁੱਲ ਮਿਲਾ ਕੇ ਸਰਕਾਰ ਦਾ ਇਹ ਫੈਸਲਾ ਵਿਦਿਆਰਥੀਆਂ ਨੂੰ ਹਨੇ੍ਹਰੇ ਵੱਲ ਧੱਕਣ ਵਾਲਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.