ਉਮੀਦਵਾਰਾਂ ਦੀਆਂ ਪਤਨੀਆਂ ਦੇ ਨਾਲ ਨੂੰਹਾਂ ਵੀ ਚੋਣ ਪ੍ਰਚਾਰ ’ਚ ਕੁੱਦੀਆਂ

Election Campaign Sachkahoon

ਆਪਣੇ-ਆਪਣੇ ਉਮੀਦਵਾਰ ਲਈ ਘਰ-ਘਰ ਕੀਤੀ ਜਾ ਰਹੀ ਐ ਪਹੁੰਚ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹਨ ਲਈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਰਗਰਮ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੋਟਰਾਂ ਦੇ ਘਰ-ਘਰ ਦਸਤਕ ਦਿੱਤੀ ਜਾ ਰਹੀ ਹੈ। ਉਮੀਦਵਾਰਾਂ ਦੀਆਂ ਪਤਨੀਆਂ ਅਤੇ ਨੂੰਹਾਂ ਵੀ ਚੋਣ ਪ੍ਰਚਾਰ (Election Campaign) ਵਿੱਚ ਕੁੱਦੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਹੋਰ ਪਰਿਵਾਰਕ ਮੈਂਬਰ ਵੀ ਆਪਣੇ ਉਮੀਦਵਾਰਾਂ ਲਈ ਪੂਰੀ ਵਾਹ ਲਗਾ ਰਹੇ ਹਨ।

ਪਤਨੀ ਵੱਲੋਂ ਆਪਣੇ ਪਤੀ ਲਈ ਅਤੇ ਨੂੰਹ ਵੱਲੋਂ ਸਹੁਰੇ ਲਈ ਮੰਗੀਆਂ ਜਾ ਰਹੀਆਂ ਨੇ ਵੋਟਾਂ

ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਅੱਠ ਵਿਧਾਨ ਸਭਾ ਹਲਕਿਆਂ ਅੰਦਰ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ (Election Campaign) ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਚੰਦੂਮਾਜਰਾ ਪਰਿਵਾਰ ਦੀਆਂ ਸੱਸਾਂ-ਨੂੰਹਾਂ ਚੋਣ ਪ੍ਰਚਾਰ ਵਿੱਚ ਡਟੀਆਂ ਹੋਈਆਂ ਹਨ। ਹਲਕਾ ਘਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਪਤਨੀ ਬਲਵਿੰਦਰ ਕੌਰ ਜਦਕਿ ਹਲਕਾ ਸਨੌਰ ਤੋਂ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦਮਾਜਰਾ ਦੀ ਪਤਨੀ ਨਵਪ੍ਰੀਤ ਕੌਰ ਵੀ ਚੋਣ ਪਿੜ੍ਹ ਵਿੱਚ ਨਿੱਤਰੀਆਂ ਹੋਈਆਂ ਹਨ।  ਇਨ੍ਹਾਂ ਵੱਲੋਂ ਰੋਜਾਨਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲਕੇ ਦੀਆਂ ਔਰਤਾਂ ਨਾਲ ਮੇਲ-ਮਿਲਾਪ ਕਰਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਘਨੌਰ ਤੋਂ ਹੀ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਪਤਨੀ ਅਮਰਜੀਤ ਕੌਰ ਅਤੇ ਉਨ੍ਹਾਂ ਦੀ ਨੂੰਹ ਪ੍ਰਨੀਤ ਕੌਰ ਵੀ ਲਗਾਤਾਰ ਹਲਕੇ ਵਿੱਚ ਵਿਚਰ ਰਹੀਆਂ ਹਨ। ਜਲਾਲਪੁਰ ਦੀ ਨੂੰਹ ਪਰਨੀਤ ਕੌਰ ਤਾਂ ਆਪਣੇ ਸਹੁਰੇ ਵੱਲੋਂ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਜਾ ਰਹੀ ਹੈ।

ਇਸ ਦੇ ਨਾਲ ਹੀ ਹਲਕਾ ਨਾਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ ਦੀ ਪਤਨੀ ਆਰਤੀ ਅਤੇ ਨੂੰਹ ਗੀਤਾਂਜਲੀ ਵੀ ਪ੍ਰਚਾਰ ਦਾ ਮੌਕਾ ਹੱਥੋਂ ਨਹੀਂ ਖੁੰਝਾ ਰਹੀ। ਇਨ੍ਹਾਂ ਵੱਲੋਂ ਰੋਜ਼ਾਨਾ ਹੀ ਸ਼ਾਮ ਤੱਕ ਆਪਣੇ ਪਤੀ ਅਤੇ ਸਹੁਰੇ ਲਈ ਘਰ-ਘਰ ਫੇਰੇ ਪਾਏ ਜਾ ਰਹੇ ਹਨ। ਹਲਕਾ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਹਲਕਾ ਸਨੌਰ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਚੋਣ ਪ੍ਰਚਾਰ ਵਿੱਚ ਉੱਤਰੀਆਂ ਹੋਈਆਂ ਹਨ। ਇਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਹਲਕਾ ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਪਤਨੀ ਵੀ ਆਪਣੇ ਪਤੀ ਦੇ ਹੱਕ ਵਿੱਚ ਡਟੀ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਉਮੀਦਵਾਰਾਂ ਦੀਆਂ ਪਤਨੀਆਂ ਵੀ ਆਪਣੇ ਪਤੀਆਂ ਲਈ ਘਰ-ਘਰ ਦਾ ਦਰਵਾਜਾਂ ਖੜਕਾ ਰਹੀਆਂ ਹਨ। ਕਈ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਰਿਸ਼ਤੇਦਾਰ ਵੀ ਉਨ੍ਹਾਂ ਦੇ ਹੱਕ ਵਿੱਚ ਡਟੇ ਹੋਏ ਹਨ। ਘਨੌਰ ਤੋਂ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਹਲਕੇ ਦੇ ਹਰੇਕ ਵਿਅਕਤੀ ਤੱਕ ਪਹੁਚ ਕਰਨਾ ਜ਼ਰੂਰੀ ਹੈ ਅਤੇ ਇਕੱਲੇ ਉਮੀਦਵਾਰ ਦਾ ਹਲਕੇ ਅੰਦਰ ਜਾਣਾ ਔਖਾ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਯੋਗਦਾਨ ਪਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ