Uncategorized

ਈਵੀਐੱਮ ‘ਤੇ ਨਜ਼ਰ ਆਏਗੀ ਉਮੀਦਵਾਰ ਦੀ ਫੋਟੋ ਪਰ ਨਹੀਂ ਜੋੜ ਸਕਣਗੇ ਹੱਥ

Candidature, EVM, Candidate

ਨਾਵਾਂ ਕਾਰਨ ਨਾ ਆਏ ਪਰੇਸ਼ਾਨੀ, ਇਸ ਲਈ ਪਹਿਲੀਵਾਰ ਈਵੀਐੱਮ ‘ਤੇ ਲੱਗੇਗੀ ਫੋਟੋ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਵਿੱਚ ਇੱਕੋ ਨਾਂਅ ਵਾਲੇ ਇੱਕ ਤੋਂ ਵੱਧ ਉਮੀਦਵਾਰਾਂ ਦੇ ਕਾਰਨ ਵੋਟਰ ਉਲਝਣ ਵਿੱਚ ਨਾ ਫਸ ਸਕਣ, ਇਸ ਲਈ ਈਵੀਐੱਮ ਮਸ਼ੀਨ ‘ਤੇ ਪਹਿਲੀਵਾਰ ਉਮੀਦਵਾਰ ਦੀ ਫੋਟੋ ਲੱਗਣ ਜਾ ਰਹੀ ਹੈ ਤਾਂ ਕਿ ਵੋਟਰ ਫੋਟੋ ਦੀ ਪਹਿਚਾਣ ਕਰਦੇ ਹੋਏ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਸਕਣ ਪਰ ਇਸ ਫੋਟੋ ਨੂੰ ਲਗਾਉਣ ਸਬੰਧੀ ਵੀ ਚੋਣ ਕਮਿਸ਼ਨ ਨੇ ਕਈ ਤਰ੍ਹਾਂ ਦੇ ਨਿਯਮ ਬਣਾ ਦਿੱਤੇ ਹਨ, ਜਿਸ ਅਨੁਸਾਰ ਕੋਈ ਉਮੀਦਵਾਰ ਨਾ ਹੀ ਫੋਟੋ ਵਿੱਚ ਹੱਥ ਜੋੜ ਸਕੇਗਾ ਤੇ ਨਾ ਹੀ ਕੋਈ ਜਿਆਦਾ ਰੰਗ ਰੰਗੀਲੀ ਫੋਟੋ ਦਿੱਤੀ ਜਾ ਸਕਦੀ ਹੈ। ਈਵੀਐੱਮ ‘ਤੇ ਲਗਾਉਣ ਲਈ ਸਾਫ਼ ਸੁਥਰੀ ਤੇ ਸਾਦੀ ਫੋਟੋ ਦੇਣੀ ਹੋਏਗੀ।

ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਉਮੀਦਵਾਰ ਦੀਆਂ ਕੁਝ ਵੋਟਾਂ ਨੂੰ ਖਰਾਬ ਕਰਨ ਲਈ ਹਰ ਵਿਰੋਧੀ ਪਾਰਟੀ ਉਮੀਦਵਾਰ ਦੇ ਨਾਂਅ ਨਾਲ ਮਿਲਦੇ ਜੁਲਦੇ ਨਾਂਅ ਦੇ ਉਮੀਦਵਾਰ ਨੂੰ ਆਜ਼ਾਦ ਤੌਰ ‘ਤੇ ਚੋਣ ਮੈਦਾਨ ਵਿੱਚ ਖੜ੍ਹੇ ਕਰ ਦਿੰਦੇ ਸਨ, ਜਿਸ ਕਾਰਨ ਕੁਝ ਵੋਟਰ ਇੱਕੋ ਜਿਹੇ ਨਾਂਅ ਹੋਣ ਕਾਰਨ ਉਲਝਣ ਵਿੱਚ ਫਸਦੇ ਹੋਏ ਨਾ ਚਾਹੁੰਦੇ ਹੋਏ ਵੀ ਗਲਤੀ ਨਾਲ ਆਪਣੇ ਪਸੰਦ ਵਾਲੇ ਉਮੀਦਵਾਰ ਦੀ ਥਾਂ ‘ਤੇ ਕਿਸੇ ਹੋਰ ਉਮੀਦਵਾਰ ਨੂੰ ਹੀ ਵੋਟ ਦੇ ਕੇ ਆ ਜਾਂਦੇ ਸਨ।

ਇਸ ਸਬੰਧੀ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਵੀ ਲਗਾਤਾਰ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਵਿਰੋਧੀ ਉਨ੍ਹਾਂ ਨੂੰ ਹਰਾਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਾਫ਼ੀ ਮਿਲਣ ਤੋਂ ਬਾਅਦ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਈਵੀਐੱਮ ਮਸ਼ੀਨ ‘ਤੇ ਉਮੀਦਵਾਰ ਦੀ ਫੋਟੋ ਲਗਾਉਣ ਦਾ ਫੈਸਲਾ ਚੋਣ ਕਮਿਸ਼ਨ ਨੇ ਕਰ ਲਿਆ ਹੈ।
ਹਰ ਉਮੀਦਵਾਰ ਨੂੰ ਫਾਰਮ ਦੇ ਨਾਲ ਹੀ ਇੱਕ ਫੋਟੋ ਵੀ ਦੇਣੀ ਹੋਵੇਗੀ ਤੇ ਉਸ ਫੋਟੋ ਦਾ ਸ਼ਾਇਦ 2.5 ਸੇਮੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ ਤੇ ਫੋਟੋ 3 ਮਹੀਨੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਫੋਟੋ ਜ਼ਿਆਦਾ ਰੰਗਦਾਰ ਹੋਣ ਦੀ ਥਾਂ ‘ਤੇ ਸਫ਼ੈਦ ਰੰਗ ਵਿੱਚ ਹੋਣੀ ਚਾਹੀਦੀ ਹੈ ਅਤੇ ਫੋਟੋ ਦੀ ਬੈਕਗਰਾਊਂਡ ਡਾਰਕ ਰੰਗ ਦੀ ਬਜਾਇ ਹਲਕੇ ਰੰਗ ‘ਚ ਹੋਣੀ ਚਾਹੀਦੀ ਹੈ। ਇਸ ਨਾਲ ਹੀ ਉਮੀਦਵਾਰ ਦੀ ਫੋਟੋ ਵਿੱਚ ਚਿਹਰਾ ਸਾਫ਼ ਦਿਖਾਈ ਦੇਣ ਦੇ ਨਾਲ ਹੀ ਹੱਥ ਨਹੀਂ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਆਪਣੀ ਹੱਥ ਜੋੜ ਕੇ ਵੋਟ ਮੰਗਣ ਵਾਲੀ ਫੋਟੋ ਨਾ ਦੇ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top