ਸ਼ਹੀਦ-ਏ-ਆਜਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢਿਆ ਗਿਆ ਕੈਂਡਲ ਲਾਇਟ ਮਾਰਚ

 ਰੈਡ ਆਰਟਸ,ਪੰਜਾਬ ਸੰਸਥਾਂ ਵੱਲੋਂ ਕੀਤਾ ਗਿਆ ਨਾਟਕ “ਛਿਪਣ ਤੋਂ ਪਹਿਲਾ” ਦਾ ਮੰਚਨ

ਮੋਹਾਲੀ (ਐੱਮ ਕੇ ਸ਼ਾਇਨਾ)। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ (Shaheed Bhagat Singh) ਦੇ 115ਵੇਂ ਜਨਮ ਦਿਹਾੜੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ ਨਗਰ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਪੂਰਾ ਦਿਨ ਵੱਖ-ਵੱਖ ਸਕੂਲਾਂ,ਕਾਲਜ਼ਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸੇ ਕੜ੍ਹੀ ਤਹਿਤ ਸ਼ਾਮ ਨੂੰ ਸ਼ਹਿਰ ਦੇ ਸੈਕਟਰ 68 ਵਿੱਚ ਸਥਿਤ ਸਿਟੀ ਪਾਰਕ ਵਿਖੇ ਇੱਕ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਵਿਭਾਗਾਂ, ਸ਼ਹਿਰ ਵਾਸੀਆਂ, ਵਿਦਿਆਰਥੀਆਂ ਅਤੇ ਐਨ.ਜੀ.ਓਜ਼ ਦੇ ਵਲੰਟਰੀਆਂ ਵੱਲੋਂ ਸ਼ਹੀਦ-ਏ-ਆਜਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੈਂਡਲ ਲਾਇਟ ਮਾਰਚ ਕੱਢਿਆ ਗਿਆ ਜੋ ਕਿ ਸਿਟੀ ਪਾਰਕ ਦੇ ਵਿੱਚ ਬਣੇ ਓਪਨ ਏਅਰ ਥੀਏਟਰ ਵਿਖੇ ਜਾ ਕੇ ਖਤਮ ਹੋਇਆ ।

ਇਸ ਉਪਰੰਤ ਓਪਨ ਏਅਰ ਥਿਏਟਰ ਵਿਖੇ ਸ਼ਹੀਦ-ਏ-ਆਜਮ ਦੀ ਜੀਵਨੀ, ਉਨ੍ਹਾਂ ਵੱਲੋਂ ਆਜ਼ਾਦੀ ਸ਼ੰਘਰਸ਼ ਵਿੱਚ ਪਾਏ ਯੋਗਦਾਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪੇਸ਼ਕਾਰੀ ਕਰਦੇ ਨਾਟਕ “ਛਿਪਣ ਤੋਂ ਪਹਿਲਾ” ਦਾ ਮੰਚਨ ਸੰਸਥਾਂ ਰੈੱਡ ਆਰਟਸ,ਪੰਜਾਬ ਵੱਲੋਂ ਕੀਤਾ ਗਿਆ । ਇਸ ਸਮਾਗਮ ਵਿੱਚ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ ਜਦਕਿ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ,ਐਸ.ਐਸ.ਪੀ ਸ੍ਰੀ ਵਿਵੇਕ ਸ਼ੀਲ ਸੋਨੀ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਨਵਜੋਤ ਕੌਰ ਦੇ ਨਾਲ ਨਾਲ ਪਤਵੰਤੇ, ਸ਼ਹਿਰ ਨਿਵਾਸੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਇਸ ਮੌਕੇ ਸ਼ਹੀਦੇ ਆਜ਼ਮ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਦੇਸ਼ ਲਈ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਹਾਸਲ ਕਰ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇਨ੍ਹਾਂ ਸਿਰਲੱਥ ਯੋਧਿਆ ਦੀ ਸੋਚ ਅਤੇ ਸਿਖਿਆਵਾਂ ਨੂੰ ਕਾਇਮ ਰੱਖਣਾ ਸਾਡੇ ਸਾਰਿਆ ਦੀ ਜਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਅੱਜ ਪੂਰਾ ਭਾਰਤ ਆਜ਼ਾਦੀ ਲਈ ਸਿਰਫ 23 ਸਾਲ ਦੀ ਉਮਰ ਵਿੱਚ ਫਾਸੀ ਦਾ ਰੱਸਾ ਚੁੰਮਣ ਵਾਲੇ ਸ. ਭਗਤ ਸਿੰਘ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਉਨ੍ਹਾਂ ਇਸ ਮੌਕੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਹਵਾਈ ਅੱਡਾ ਕਰਨ ਬਦਲੇ ਕੇਂਦਰ ਦੀ ਸਰਕਾਰ ਦਾ ਧੰਨਵਾਦ ਵੀ ਕੀਤਾ ।

ਰੈੱਡ ਆਰਟਸ,ਪੰਜਾਬ ਸੰਸਥਾਂ ਵੱਲੋਂ ਨਾਟਕ “ਛਿਪਣ ਤੋਂ ਪਹਿਲਾ” ਦੀ ਪੇਸ਼ਕਾਰੀ ਕੀਤੀ ਗਈ ਜਿਸ ਦੇ ਡਾਇਰੈਕਟਰ ਦੀਪਕ ਨਿਆਜ ਸਨ ਜਦਕਿ ਇਸ ਨੂੰ ਲੇਖਕ ਦਵਿੰਦਰ ਦਮਨ ਵੱਲੋਂ ਲਿਖਿਆ ਗਿਆ ਸੀ । ਨਾਟਕ ਵਿੱਚ ਭਗਤ ਸਿੰਘ ਦੀ ਭੂਮਿਕਾ ਦੀਪਕ ਨਿਆਜ ਵੱਲ਼ੋਂ ਨਿਭਾਈ ਗਈ ਜਦਕਿ ਤਰਲੋਚਨ ਮਹਿਸ਼ਵਰੀ, ਅਮਨ, ਦਿਲਬਰ, ਖੁਸ਼ਪ੍ਰੀਤ ਵੱਲ਼ੋਂ ਵੀ ਨਾਟਕ ਵਿੱਚ ਅਹਿਮ ਭੂਮਕਾਵਾ ਨਿਭਾਈਆਂ ਗਈਆਂ । ਬੱਲੀ ਬਲਜੀਤ ਵੱਲ਼ੋਂ ਪਿੱਠਵਰਤੀ ਗਾਇਕ ਵਜੋਂ ਸੇਵਾਵਾ ਨਿਭਾਈਆਂ ਗਈਆਂ । ਇਸ ਨਾਟਕ ਦੇ ਸੰਯੋਜਕ ਸਨ ਬਾਲ ਮੁਕੰਦ ਸ਼ਰਮਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪੂਜਾ ਐਸ.ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਵਨੀਤ ਕੌਰ,ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ,ਸਹਾਇਕ ਡਾਇਰੈਕਟਰ (ਨੋਡਲ ਅਫ਼ਸਰ) ਯੁਵਕ ਸੇਵਾਵਾਂ ਡਾ.ਮਲਕੀਤ ਸਿੰਘ ਮਾਨ, ਨਹਿਰੂ ਯੁਵਾ ਕੇਂਦਰ, ਜ਼ਿਲ੍ਹਾ ਰੈੱਡ ਕਰਾਸ,ਯੁਵਕ ਸੇਵਾਵਾਂ, ਸਾਈਕਲ ਕਲੱਬ, ਸੰਸਥਾਵਾਂ ਅਤੇ ਵੱਖ ਵੱਖ ਸਕੂਲਾ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ