ਪੰਜਾਬ

ਕੈਪਟਨ ਦੇ ਗੜ੍ਹ ‘ਚ ਅਧਿਆਪਕਾਂ ਦਾ ਹੱਲਾ ਬੋਲ ਅੱਜ

Captain, Garrison, Teachers

ਸ਼ਹਿਰ ਅੰਦਰ ਧਾਰਾ 144 ਲਾਗੂ, ਬਸੰਤ ਪੰਚਮੀ ਦਾ ਤਿਉਹਾਰ ਤੇ ਰੈਲੀ ਪੁਲਿਸ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਅੰਦਰ 10 ਫਰਵਰੀ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਸਬੰਧਹ ਪਟਿਆਲਾ ਪੁਲਿਸ-ਪ੍ਰਸ਼ਾਸਨ ਦੇ ਹੱਥ-ਪੈਰ ਫੁੱਲੇ ਹੋਏ ਹਨ। ਰੈਲੀ ਨੂੰ ਦੇਖਦਿਆਂ ਜਿੱਥੇ ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਉੱਥੇ ਹੀ ਕੱਲ੍ਹ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੋਣ ਕਰਕੇ ਪੁਲਿਸ ਲਈ ਵੱਡੀ ਸਿਰਦਰਦੀ ਪੈਦਾ ਹੋ ਗਈ ਹੈ। ਦੱਸਣਯੋਗ ਹੈ ਕਿ ਬਸੰਤ ਪੰਚਮੀ ਦੇ ਤਿਉਹਾਰ ਵਾਲੇ ਦਿਨ ਵੱਡੀ ਗਿਣਤੀ ਲੋਕ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕ ਆਗੂਆਂ ਨਾਲ 10ਵੀਂ ਵਾਰ ਮੀਟਿੰਗ ਕਰਨ ਤੋਂ ਪਾਸਾ ਵੱਟ ਲਿਆ ਗਿਆ ਸੀ, ਜਿਸ ਕਾਰਨ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਿਸੇ ਵੀ ਤਣ ਪੱਤਣ ਨਹੀਂ ਲੱਗਿਆ। ਇਸ ਤੋਂ ਬਾਅਦ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ 10 ਫਰਵਰੀ ਨੂੰ ਮਹਾਂ ਰੈਲੀ ਦਾ ਐਲਾਨ ਕਰ ਦਿੱਤਾ ਗਿਆ । ਇਸ ਰੈਲੀ ਦੀ ਸਫਲਤਾ ਲਈ ਅਧਿਆਪਕਾਂ ਵੱਲੋਂ ਆਪਣੀਆਂ ਵੱਖ ਵੱਖ ਕਮੇਟੀਆਂ ਵੀ ਨਿਯੁਕਤ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧੀ ਆਪਣੀ ਰਣਨੀਤੀ ਵੀ ਤਹਿ ਕਰ ਲਈ ਗਈ ਹੈ।
ਉਂਜ ਪੁਲਿਸ ਵੱਲੋਂ ਅਧਿਆਪਕ ਆਗੂ ਹਰਦੀਪ ਸਿੰਘ ਟੋਡਰਪੁਰ ਦੇ ਘਰ ਦੇਰ ਰਾਤ ਪੁੱਜ ਕੇ ਸ਼ਹਿਰ ਅੰਦਰ ਧਾਰਾ 144 ਲੱਗੀ ਹੋਣ ਦਾ ਵਾਸਤਾ ਵੀ ਪਾਇਆ ਗਿਆ ਹੈ ਅਤੇ ਉਸ ਨੂੰ ਕਿਹਾ ਗਿਆ ਹੈ ਕਿ ਉਹ ਰੈਲੀ ਤੋਂ ਦੜ ਵੱਟ ਲੈਣ। ਅਧਿਆਪਕ ਆਗੂਆਂ  ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ, ਮਨੌਜ ਘਈ, ਪ੍ਰਵੀਨ ਕੁਮਾਰ,ਅਨੂਪ ਸ਼ਰਮਾ ਕਹਿਣਾ ਹੈ ਕਿ ਵੱਖ-ਵੱਖ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਿਆਂ ਕਰਨ ਦੀ ਥਾਂ ਦਹਾਕਿਆਂ ਤੋਂ ਕੱਚੇ ਰੱਖ ਕੇ ਸੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਵੱਲੋਂ ਚੁਣ ਕੇ ਭੇਜਿਆ ਮੁੱਖ ਮੰਤਰੀ ਮੰਗਾਂ ਸਬੰਧੀ ਅਧਿਆਪਕਾਂ ਨਾਲ ਗੱਲਬਾਤ ਕਰਨ ਤੋਂ ਪਿੱਛੇ ਹਟਕੇ ਜ਼ਮਹੂਰੀਅਤ ਦੀ ਥਾਂ ਤਾਨਾਸ਼ਾਹੀ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਰੈਲੀ ਸਬੰਧੀ ਭਾਵੇਂ ਪੁਲਿਸ-ਪ੍ਰਸ਼ਾਸਨ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਧਾਰਾ 144 ਲਾਗੂ ਹੋਣ ਕਾਰਨ ਉਹ ਰੈਲੀ ਨਹੀਂ ਕਰ ਸਕਦੇ। ਉਨ੍ਹਾਂ ਵੱਲੋਂ ਬਿਨਾ ਪ੍ਰਵਾਨਗੀ ਤੋਂ ਵੀ ਰੈਲੀ ਨਾ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ, ਪਰ ਅਧਿਆਪਕ ਕੱਲ ਦੀ ਰੈਲੀ ਤੋਂ ਪਿੱਛੇ ਨਹੀਂ ਹਟਣਗੇ। ਇੱਧਰ ਪੁਲਿਸ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਗਈ ਹੈ, ਕਿਉਂਕਿ ਬਸੰਤ ਪੰਚਮੀ ਦਾ ਤਿਉਹਾਰ ਹੋਣ ਕਾਰਨ ਵੱਡੀ ਗਿਣਤੀ ਸ਼ਰਧਾਲੂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ, ਜਿਸ ਕਾਰਨ ਸ਼ਹਿਰ ਦੀ ਟਰੈਫਿਕ ਸਿਸਟਮ ਠੱਪ ਹੋ ਸਕਦਾ ਹੈ।
ਸੂਤਰਾਂ ਅਨੁਸਾਰ ਅਧਿਆਪਕਾਂ ਵੱਲੋਂ ਆਪਣੇ ਪ੍ਰਦਰਸ਼ਨ ਵਾਲੀ ਲੋਕੇਸ਼ਨ ਦਾ ਵੀ ਬਦਲਾਅ ਕੀਤਾ ਗਿਆ ਹੈ । ਪੁਲਿਸ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ ਕਿਉਂਕਿ 10 ਫਰਵਰੀ ਦਾ ਦਿਨ ਪੁਲਿਸ ਲਈ ਵੱਡਾ ਪਰਖ ਵਾਲਾ ਦਿਨ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top