ਅਮਰਿੰਦਰ ਵੱਲੋਂ ਬਿਜਲੀ ਵਿਭਾਗ ਦੀਆਂ ਫਾਈਲਾਂ ਪਾਸ, ਨਹੀਂ ਹੁਣ ਲੋੜ ਸਿੱਧੂ ਦੀ !

Captan Amarinder, Files Passage, Power Department, Sidhu

ਵਿਭਾਗ ਦੀਆਂ ਪੈਂਡਿੰਗ ਚਲ ਰਹੀਆਂ ਸਨ 2 ਫਾਈਲਾਂ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਕਰ ਦਿੱਤਾ ਐ ਪਾਸ

ਬਿਜਲੀ ਦੀ ਸਪਲਾਈ ਅਤੇ ਖਪਤ ਬਾਰੇ ਮੁੱਖ ਮੰਤਰੀ ਨੇ ਅਧਿਕਾਰੀਆਂ ਤੋਂ ਲਈ ਜਾਣਕਾਰੀ, ਦਿੱਤੇ ਆਦੇਸ਼

ਅਸ਼ਵਨੀ ਚਾਵਲਾ, ਚੰਡੀਗੜ੍ਹ

ਬਿਜਲੀ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੀ ਹੁਣ ਵਿਭਾਗ ਨੂੰ ਜ਼ਰੂਰਤ ਹੀ ਨਹੀਂ ਹੈ! ਕਿਉਂਕਿ ਵਿਭਾਗ ਨੂੰ ਚਲਾਉਣ ਲਈ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਾ ਸਿਰਫ਼ ਅੱਗੇ ਆ ਚੁੱਕੇ ਹਨ, ਸਗੋਂ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੋ ਫਾਈਲਾਂ ‘ਤੇ ਵੀ ਆਪਣੇ ਦਸਤਖ਼ਤ ਕਰਕੇ ਉਨ੍ਹਾਂ ਨੂੰ ਪਾਸ ਕਰ ਦਿੱਤਾ ਹੈ। ਜਿਸ ਨਾਲ ਹੀ ਬਿਜਲੀ ਵਿਭਾਗ ਦੀ ਨਾ ਸਿਰਫ਼ ਜ਼ਰੂਰਤ ਪੂਰੀ ਹੋ ਗਈ ਹੈ, ਸਗੋਂ ਹੁਣ ਵਿਭਾਗੀ ਮੰਤਰੀ ਨਵਜੋਤ ਸਿੱਧੂ ਦੀ ਘਾਟ ਵੀ ਵਿਭਾਗ ਨੂੰ ਰੜਕ ਨਹੀਂ ਰਹੀ ਹੈ। ਹੁਣ ਨਵਜੋਤ ਸਿੱਧੂ ਵਿਭਾਗ ਦਾ ਕੰਮ ਕਾਜ ਸੰਭਾਲਨ ਜਾਂ ਫਿਰ ਨਾ ਸੰਭਾਲਨ, ਵਿਭਾਗ ਦੇ ਅਧਿਕਾਰੀ ਸਿੱਧੇ ਮੁੱਖ ਮੰਤਰੀ ਅਮਰਿੰਦਰ ਸਿੰਘ ਰਾਹੀਂ ਆਪਣਾ ਕੰਮ ਚਲਾਉਣ ਲੱਗ ਪਏ ਹਨ।

ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਭਾਗੀ ਮੰਤਰੀ ਦਾ ਇੰਤਜ਼ਾਰ ਕਰ ਰਹੀਆਂ ਨਾ ਸਿਰਫ਼ ਦੋ ਫਾਈਲਾਂ ਨੂੰ ਪਾਸ ਕੀਤਾ ਹੈ, ਸਗੋਂ ਵਿਭਾਗ ਦੇ ਅਧਿਕਾਰੀਆਂ ਤੋਂ ਬਿਜਲੀ ਦੀ ਸਪਲਾਈ ਅਤੇ ਖਪਤ ਬਾਰੇ ਵੀ ਜਾਣਕਾਰੀ ਲਈ ਹੈ। ਇਸ ਨਾਲ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 8 ਘੰਟੇ ਦੀ ਬਿਜਲੀ ਸਪਲਾਈ ਅਤੇ ਸ਼ਹਿਰੀ ਇਲਾਕੇ ਵਿੱਚ ਬਿਜਲੀ ਦੀ ਕਿਸੇ ਵੀ ਹਾਲਤ ਵਿੱਚ ਘਾਟ ਨਹੀਂ ਹੋਣ ਦੇ ਆਦੇਸ਼ ਦਿੱਤੇ ਹਨ।

ਜਾਣਕਾਰੀ ਅਨੁਸਾਰ ਪਿਛਲੀ 6 ਜੂਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਈ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿੱਚ ਰੱਦੋ ਬਦਲ ਕਰਦੇ ਹੋਏ ਨਵੇਂ ਵਿਭਾਗਾਂ ਦੀ ਅਲਾਟਮੈਂਟ ਕਰ ਦਿੱਤੀ ਸੀ। ਇਸ ਨਾਲ ਹੀ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਲੈਂਦੇ ਹੋਏ ਬਿਜਲੀ ਵਿਭਾਗ ਦਿੱਤਾ ਗਿਆ ਸੀ। ਨਵਜੋਤ ਸਿੱਧੂ ਬਿਜਲੀ ਵਿਭਾਗ ਮਿਲਣ ਤੋਂ ਬਾਅਦ ਕਾਫ਼ੀ ਨਰਾਜ ਚੱਲ ਰਹੇ ਹਨ ਅਤੇ ਉਨਾਂ ਨੇ ਇਸ ਸਬੰਧੀ ਦਿੱਲੀ ਹਾਈ ਕਮਾਨ ਨੂੰ ਤੱਕ ਸ਼ਿਕਾਇਤ ਕੀਤੀ ਪਰ ਹੁਣ ਤੱਕ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੀ ਸੁਣਵਾਈ ਨਹੀਂ ਹੋਈ। ਜਿਸ ਕਾਰਨ ਉਹ ਬਿਜਲੀ ਵਿਭਾਗ ਦਾ ਕਾਰਜ਼ਭਾਰ ਵੀ ਨਹੀਂ ਸੰਭਾਲ ਰਹੇ ਹਨ।

ਬਿਜਲੀ ਵਿਭਾਗ ਵਿੱਚ ਮੰਤਰੀ ਦੇ ਪੱਧਰ ਦਾ ਕੋਈ ਜਿਆਦਾ ਕੰਮਕਾਜ ਵੀ ਨਹੀਂ ਹੁੰਦਾ ਹੈ, ਕਿਉਂਕਿ ਨਿਗਮੀ ਕਰਨ ਦੇ ਕਾਰਨ ਚੇਅਰਮੈਨ ਹੀ ਸਾਰਾ ਕੰਮ ਖ਼ੁਦ ਆਪਣੇ ਪੱਧਰ ‘ਤੇ ਕਰਦਾ ਹੈ। ਮਹੀਨੇ ਵਿੱਚ ਇੱਕ- ਦੋ ਵਾਰ ਹੀ ਕੋਈ ਫਾਈਲ ਪਾਸ ਕਰਨ ਲਈ ਵਿਭਾਗੀ ਮੰਤਰੀ ਕੋਲ ਪੁੱਜਦੀ ਹੈ। ਪਿਛਲੇ ਕੁਝ ਦਿਨਾਂ ਤੋਂ ਵਿਭਾਗੀ ਮੰਤਰੀ ਨਵਜੋਤ ਸਿੱਧੂ ਦਾ ਦੋ ਫਾਈਲਾਂ ਪਾਸ ਹੋਣ ਲਈ ਇੰਤਜ਼ਾਰ ਕਰ ਰਹੀਆਂ ਸਨ ਪਰ ਸਿੱਧੂ ਵਿਭਾਗ ਦਾ ਕਾਰਜ਼ਭਾਰ ਨਹੀਂ ਸੰਭਾਲ ਰਹੇ ਸਨ। ਇਨਾਂ ਦੋਹੇ ਫਾਈਲਾਂ ਨੂੰ ਜਲਦ ਹੀ ਪਾਸ ਕਰਵਾਉਣਾ ਜਰੂਰੀ ਸੀ, ਜਿਸ ਕਾਰਨ ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਇਨਾਂ ਫਾਈਲਾਂ ਨੂੰ ਆਪਣੀ ਸਹਿਮਤੀ ਦਿੰਦੇ ਹੋਏ ਪਾਸ ਕਰ ਦਿੱਤਾ ਹੈ।

ਦਿੱਲੀ ਵਿਖੇ ਇੰਤਜ਼ਾਰ ‘ਚ ਸਿੱਧੂ, ਰਾਹੁਲ ਗਾਂਧੀ ਨਹੀਂ ਦੇ ਰਹੇ ਸਮਾਂ

ਦਿੱਲੀ ਵਿਖੇ ਪਿਛਲੇ 2 ਦਿਨਾਂ ਤੋਂ ਨਵਜੋਤ ਸਿੱਧੂ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਇੰਤਜ਼ਾਰ ਕਰ ਰਹੇ ਹਨ ਪਰ ਰਾਹੁਲ ਗਾਂਧੀ ਵੱਲੋਂ ਅਜੇ ਤੱਕ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ ਹੈ। ਨਵਜੋਤ ਸਿੱਧੂ ਦਿੱਲੀ ਵਿਖੇ ਆਪਣੇ ਅਮਰਿੰਦਰ ਸਿੰਘ ਨਾਲ ਚਲ ਰਹੇ ਵਿਵਾਦ ਕਾਰਨ ਹੀ ਮੁੜ ਤੋਂ ਗਏ ਹਨ। ਸਿੱਧੂ ਨੂੰ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਦੇ ਦਖ਼ਲ ਤੋਂ ਬਾਅਦ ਅਮਰਿੰਦਰ ਸਿੰਘ ਨੂੰ ਸਿੱਧੂ ਦੇ ਅੱਗੇ ਝੁਕਣਾ ਪਵੇਗਾ ਪਰ ਇੰਜ ਨਹੀਂ ਹੋ ਪਾ ਰਿਹਾ ਹੈ ਅਤੇ ਅਮਰਿੰਦਰ ਸਿੰਘ ਵੱਲੋਂ ਲਏ ਗਏ ਫੈਸਲਿਆਂ ‘ਤੇ ਸਿੱਧੂ ਨੂੰ ਅਮਲ ਕਰਨ ਦੀ ਹੀ ਹਿਦਾਇਤ ਹੋ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।