ਪੈਟਰੋਲ ਪੰਪ ਦੇ ਕਰਿੰਦੇ ਤੋਂ ਲੱਖਾਂ ਦੀ ਨਗਦੀ ਖੋਹਣ ਦੇ ਮਾਮਲੇ ‘ਚ ਦੋ ਕਾਬੂ

0
Case Taking, Millions Cash, Petrol Pump, Two Arrested

ਨਕਦੀ ਤੇ ਮੋਟਰਸਾਈਕਲ ਸਮੇਤ ਹੋਰ ਸਮਾਨ ਵੀ ਬਰਾਮਦ

ਤਰੁਣ ਕੁਮਾਰ ਸ਼ਰਮਾ, ਨਾਭਾ

ਬੀਤੇ ਮਹੀਨੇ ਨਾਭਾ ਦੇ ਰਿਲਾਇੰਸ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਦੀ ਹੋਈ ਖੋਹ ਦੇ ਮਾਮਲੇ ‘ਚ ਨਾਭਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 22 ਅਕਤੂਬਰ ਨੂੰ ਦੋ ਅਣਪਛਾਤੇ ਲੁਟੇਰੇ ਬੈਂਕ ‘ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਦੇ ਸਿਰ ‘ਤੇ ਲੋਹੇ ਦੀ ਰਾਡ ਮਾਰ ਕੇ 10 ਲੱਖ 45 ਹਜ਼ਾਰ ਰੁਪਏ ਖੋਹ ਕੇ ਲੈ ਗਏ ਸਨ। ਇਸ ਸਬੰਧੀ ਨਾਭਾ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 379 ਬੀ, 382, 34 ਆÂਪੀਸੀ ਅਧੀਨ ਮੁਕੱਦਮਾ ਨੰਬਰ 108 ਦਰਜ਼ ਕਰਕੇ ਮਾਮਲੇ ਦੀ ਜੋਰ ਸ਼ੋਰ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਸੀ।

ਮਾਮਲੇ ਦੇ ਸਪੱਸ਼ਟੀਕਰਨ ਸਬੰਧੀ ਨਾਭਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੋਤਵਾਲੀ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਤੇ ਸੀਆਈਏ ਸਟਾਫ ਨਾਭਾ ਦੇ ਇੰਚਾਰਜ਼ ਗੁਰਮੀਤ ਸਿੰਘ ਵੱਲੋਂ ਮਾਮਲੇ ਦੀ ਸਾਂਝੇ ਤੌਰ ‘ਤੇ ਕੀਤੀ ਜਾਂਚ, ਸੀਸੀਟੀਵੀ ਕੈਮਰਿਆਂ ਤੇ ਵੀਡੀਓ ਕਲਿੱਪਾਂ ਦੀ ਮੱਦਦ ਤੇ ਪੈਟਰੋਲ ਪੰਪ ਮਾਲਕ ਸੰਦੀਪ ਬਾਂਸਲ ਦੀ ਸ਼ਨਾਖਤ ਨਾਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਮਾਮਲੇ ਦੀ 10.45 ਲੱਖ ਦੀ ਰਕਮ, ਪੈਨਕਾਰਡ, ਬੈਂਕ ਵਾਊਚਰ, ਵਰਤਿਆ ਗਿਆ ਮੋਟਰਸਾਈਕਲ ਤੇ ਲੋਹੇ ਦੀ ਰਾੜ ਬਰਾਮਦ ਕੀਤੀ ਗਈ ਹੈ।

ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਦੀ ਪਹਿਚਾਣ 30 ਸਾਲ ਦੇ ਹਰਵਿੰਦਰ ਸਿੰਘ ਉਰਫ ਛੋਟੂ ਪੁੱਤਰ ਬੰਤ ਸਿੰਘ ਨੰਬਰਦਾਰ ਵਾਸੀ ਪਿੰਡ ਅਲੋਹਰਾਂ ਕਲਾਂ ਅਤੇ 22 ਸਾਲ ਦੇ ਹਰਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਛੰਨਾ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਪਹਿਲਾਂ ਤੋਂ ਹੀ ਪੈਟਰੋਲ ਪੰਪ ਦੇ ਕੈਸ਼ ਜਮ੍ਹਾ ਹੋਣ ਦੀ ਪ੍ਰਕਿਰਿਆ ਦੀ ਰੇਕੀ ਕਰਦਾ ਆ ਰਿਹਾ ਸੀ। ਇੱਕ ਮਹੀਨਾ ਪਹਿਲਾਂ ਵੀ ਉਸ ਨੇ ਆਪਣੇ ਪੁਰਾਣੇ ਸਾਥੀਆਂ ਨਾਲ ਖੋਹ ਦੀ ਘਟਨਾ ਨੂੰ ਅੰਜਾਮ ਦੇਣਾ ਚਾਹਿਆ ਸੀ ਪਰੰਤੂ ਉਸ ਦੇ ਸਾਥੀਆਂ ਦੇ ਲੇਟ ਹੋਣ ਕਾਰਨ ਉਹ ਖੋਹ ਕਰਨ ‘ਚ ਅਸਫਲ ਰਿਹਾ।

ਇਸ ਵਾਰ ਇਨ੍ਹਾਂ ਨੇ ਦੁਸਹਿਰੇ ਦੇ ਦਿਨ ਮੋਟਰਸਾਈਕਲ ਖਰੀਦ ਲਿਆ ਸੀ, ਜਿਸ ਦੀ ਅਗਲੀ ਨੰਬਰ ਪਲੇਟ ‘ਤੇ ਕੱਪੜਾ ਤੇ ਪਿਛਲੀ ਨੰਬਰ ਪਲੇਟ ਨੂੰ ਉਤਾਰ ਦਿੱਤਾ ਗਿਆ ਸੀ। ਆਪਣੀ ਪਹਿਚਾਣ ਛੁਪਾਉਣ ਲਈ ਖੋਹ ਵਾਲੇ ਦਿਨ ਦੋਵਾਂ ਨੇ ਮੂੰਹ ‘ਤੇ ਕੱਪੜੇ ਬੰਨ੍ਹ ਲਏ ਸਨ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਹਰਵਿੰਦਰ ਸਿੰਘ ਨਸ਼ੇ ਕਰਨ ਦਾ ਆਦੀ ਸੀ, ਜਿਸ ‘ਤੇ ਰੱਖੜਾ ਮਾਲਵਾ ਆਈਟੀਆਈ ਵਿਖੇ ਇੱਕ ਗਰੁੱਪ ਲੜਾਈ ਕਾਰਨ ਪਹਿਲਾਂ ਹੀ ਕਤਲ ਦਾ ਮੁਕੱਦਮਾ ਦਰਜ਼ ਹੈ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਡੀਐੱਸਪੀ ਦਵਿੰਦਰ ਅੱਤਰੀ, ਇੰਸਪੈਕਟਰ ਸੁਖਰਾਜ ਸਿੰਘ, ਐੱਸਆਈ ਗੁਰਮੀਤ ਸਿੰਘ ਆਦਿ ਵੀ ਮੌਜੂਦ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।