ਕੁੱਲ ਜਹਾਨ

ਸੀਬੀਆਈ ਦੇ ਅਫ਼ਸਰ ਵੀ ਵਿਕਦੇ ਹਨ!

CBI, Officials, Selling

ਸੀਬੀਆਈ ਸੱਤਾ ਵਿਰੋਧੀ ਆਗੂਆਂ ਨੂੰ ਡਰਾਉਣ ਦੇ ਲਈ ਵਰਤੀ ਜਾਂਦੀ ਹੈ ਇਹ ਦੋਸ਼ ਇਸ ‘ਤੇ ਆਏ ਦਿਨ ਦੇ ਹਨ, ਤਦੇ ਇਸ ਨੂੰ ‘ਸਰਕਾਰ ਦਾ ਤੋਤਾ’ ਕਿਹਾ ਗਿਆ ਹੈ ਪਰ ਹੁਣ ਸੀਬੀਆਈ ਦੇ ਦੋ ਸੀਨੀਅਰ ਅਫਸਰਾਂ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦਰਮਿਆਨ ਛਿੜੀ ਜੰਗ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਭ੍ਰਿਸ਼ਟ ਵੀ ਹੈ ਤੇ ਇਸ ਦੇ ਵੱਡੇ ਤੋਂ ਵੱਡੇ ਅਫ਼ਸਰ ਵਿਕ ਵੀ ਸਕਦੇ ਹਨ, ਪਰ ਸ਼ਰਤ ਇਹ ਹੈ ਕਿ ਕੋਈ ਕੀਮਤ ਚੰਗੀ ਦੇ ਦੇਵੇ।

ਉਂਜ ਵੀ ਆਏ ਦਿਨ ਸੀਬੀਆਈ ਨੂੰ ਕੰਮ ਨਾ ਕਰਨ ਲਈ ਅਦਾਲਤ ਦੀ ਝਾੜ  ਲੱਗਦੀ ਹੀ ਰਹਿੰਦੀ ਹੈ। ਦੇਸ਼ ਦੀ ਉੱਚ ਜਾਂਚ ਏਜੰਸੀ ਦਾ ਇਹ ਹਾਲ ਹੈ ਤਾਂ ਇਸ ਦੇਸ਼ ‘ਚ ਨਿਆਂ ਦੀ ਉਮੀਦ ਹੁਣ ਕਿਸ ਤੋਂ ਕੀਤੀ ਜਾਵੇ? ਇਹ ਇੱਕ ਸਵਾਲ ਖੜ੍ਹਾ ਹੋ ਗਿਆ ਹੈ ਇੱਥੇ ਸਾਫ਼ ਕਰ ਦੇਣਾ ਚਾਹੀਦਾ ਹੈ ਕਿ ਸੀਬੀਆਈ ‘ਚ ਭ੍ਰਿਸ਼ਟਾਚਾਰ ਦੇ ਹੋਰ ਵੀ ਮਾਮਲੇ ਮਿਲ ਸਕਦੇ ਹਨ, ਜੇ ਕੇਂਦਰ ਸਰਕਾਰ ਇਮਾਨਦਾਰੀ ਨਾਲ ਇਸ ਸੰਸਥਾ ਦੀ ਛਾਣਬੀਣ ਕਰੇ।

ਪੈਸਿਆਂ ਦੇ ਲੈਣ-ਦੇਣ ਤੋਂ ਇਲਾਵਾ ਇਸ ਦੇ ਅਫ਼ਸਰ ਫਿਰਕੂ ਸੋਚ, ਜਾਤੀਵਾਦ, ਖੇਤਰਵਾਦ, ਭਾਈ-ਭਤੀਜਾਵਾਦ, ਸਿਆਸੀ ਆਗੂਆਂ ਨਾਲ ਗੰਢਤੁੱਪ ‘ਚ ਵੀ ਸ਼ਾਮਲ ਪਾਏ ਜਾ ਸਕਦੇ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਦਾ ਮਾਮਲਾ ਵੀ ਸੀਬੀਆਈ ਦੀਆਂ ਕਾਲੀਆਂ ਕਰਤੂਤਾਂ ਨਾਲ ਭਰਿਆ ਮਿਲੇਗਾ ਜੇਕਰ ਉਸ ਦੀ ਵੀ ਨਵੇਂ ਸਿਰੇ ਤੋਂ ਜਾਂਚ ਹੋਵੇ। ਡੇਰਾ ਸੱਚਾ ਸੌਦਾ ਦੇ ਮਾਮਲੇ ‘ਚ ਡੇਰਾ ਸ਼ਰਧਾਲੂ ਇੱਕ ਨਹੀਂ ਅਨੇਕ ਵਾਰ ਇਹ ਦੋਸ਼ ਲਾ ਚੁੱਕੇ ਹਨ ਕਿ ਸੀਬੀਆਈ ਉਨ੍ਹਾਂ ਨੂੰ ਜਾਣ-ਬੁਝ ਕੇ ਫਸਾ ਰਹੀ ਹੈ ਤੇ ਸਾਰਾ ਮਾਮਲਾ ਰਾਜਨੀਤੀ, ਬਲੈਕਮੇਲਿੰਗ ਦੀ ਸਾਜ਼ਿਸ਼ ਹੈ ਜੋ ਨਸ਼ਾ ਮਾਫ਼ੀਆ ਤੇ ਸਮਾਜ ਵਿਰੋਧੀ ਤੱਤ ਪੂਜਨੀਕ ਗੁਰੂ ਜੀ ਵਿਰੁੱਧ ਘੜ ਰਹੇ ਹਨ।

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਇਨਸਾਫ਼ ਤਾਂ ਕੀ ਦਿਵਾਉਣਾ ਸੀ ਉਲਟਾ ਉਨ੍ਹਾਂ ‘ਤੇ ਹੀ ਮੁਕੱਦਮੇ ਦਰਜ ਕਰਵਾ ਦਿੱਤੇ ਗਏ। ਪੂਜਨੀਕ ਗੁਰੂ ਜੀ ਦੇ ਹੱਕ ‘ਚ ਕੇਸ ਦੇਖ ਰਹੇ ਉਨ੍ਹਾਂ ਦੇ ਵਕੀਲ ਵੀ ਇਹ ਕਈ ਵਾਰੀ ਕਹਿ ਚੁੱਕੇ ਹਨ ਕਿ ਸੀਬੀਆਈ ਨੇ ਜਾਂਚ ਨਾਲ ਜੁੜੇ ਕਈ ਤੱਥਾਂ ਨੂੰ ਛੁਪਾ ਲਿਆ ਤਾਂ ਕਿ ਫੈਸਲਾ ਗੁਰੂ ਜੀ ਦੇ ਵਿਰੁੱਧ ਹੋਵੇ। ਉਕਤ ਇੱਕ ਮਾਮਲਾ ਹੈ, ਅਜਿਹੇ ਪਤਾ ਨਹੀਂ ਕਿੰਨੇ ਮਾਮਲੇ ਹੋਣਗੇ ਜੋ ਸੀਬੀਆਈ ‘ਚ ਫੈਲੇ ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਅਦਾਲਤ ਨੂੰ ਗੁੰਮਰਾਹ ਕਰ ਗਏ ਹੋਣਗੇ, ਇਸ ਦਾ ਪੂਰਾ ਪਤਾ ਉਦੋਂ ਚੱਲ ਸਕਦਾ ਹੈ ਜੇਕਰ ਇਸ ਦੀ ਜਾਂਚ ਹੋਵੇ ਤੇ ਪੀੜਤਾਂ ਦੀ ਸੁਣੀ ਜਾਵੇ।

ਸੀਬੀਆਈ ‘ਚ ਫੈਲੇ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਵਾਲੇ ਅਧਿਕਾਰੀ ਵੀ ਸੀਬੀਆਈ ਤੋਂ ਲਏ ਜਾ ਰਹੇ ਹਨ, ਇਹ ਦੂਜੀ ਵੱਡੀ ਗਲਤੀ ਸਰਕਾਰ ਕਰ ਰਹੀ ਹੈ। ਸੀਬੀਆਈ ‘ਚ ਹਾਲੇ ਜੋ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਉਸ ਦੀ ਜਾਂਚ ਸੀਬੀਆਈ ਜਾਂ ਪੁਲਿਸ ਤੋਂ ਇਲਾਵਾ ਕਿਸੇ ਹੋਰ ਤੋਂ ਕਰਵਾਈ ਜਾਵੇ, ਉਹ ਸਾਬਕਾ ਜੱਜ ਹੋ ਸਕਦੇ ਹਨ, ਕੋਈ ਕਮਿਸ਼ਨ ਗਠਿਤ ਕੀਤਾ ਜਾ ਸਕਦਾ ਹੈ। ਆਮ ਦੇਸ਼ ਵਾਸੀਆਂ ਨੂੰ ਭਾਵੇਂ ਸੀਬੀਆਈ ਦੇ ਭ੍ਰਿਸ਼ਟਾਚਾਰ ਦਾ ਹੁਣ ਪਤਾ ਚੱਲਿਆ ਹੋਵੇ ਪਰ ਦੱਸਣ ਵਾਲੇ ਦੱਸ ਰਹੇ ਹਨ ਕਿ ਇਹ ਸਭ ਠੀਕ ਉਵੇਂ ਹੀ ਹੈ ਜਿਵੇਂ ਸੂਬਾ ਪੁਲਿਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ‘ਚ ਫੈਲਿਆ ਭ੍ਰਿਸ਼ਟਾਚਾਰ ਹੈ।

ਸਰਕਾਰ ਵੀ ਸੀਬੀਆਈ ਦੇ ਮਾਮਲੇ ‘ਤੇ ਗਲਤੀਆਂ ਕਰ ਰਹੀ ਹੈ ਤੇ ਸੀਬੀਆਈ ਦੇ ਭ੍ਰਿਸ਼ਟਾਚਾਰ ‘ਤੇ ਨਿਕਲ ਰਹੀਆਂ ਖਬਰਾਂ ਨੂੰ ‘ਜੂਸੀ ਮਸਾਲਾ’ ਦੱਸ ਕੇ ਮਾਮਲੇ ਨੂੰ ਹਲਕਾ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇਸ਼ ਦੇ ਵਿਰੁੱਧ ਬਹੁਤ ਜ਼ਿਆਦਾ ਤਾਕਤਵਰ ਹੋ ਚੁੱਕਾ ਹੈ ਕਿਉਂਕਿ ਜਿਨ੍ਹਾਂ ਅਦਾਰਿਆਂ ‘ਤੇ ਭ੍ਰਿਸ਼ਟਾਚਾਰ ਮਿਟਾਉਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ ਉਹੀ ਉਸ ਨੂੰ ਮੋਢਿਆਂ ‘ਤੇ ਢੋਹਣ ‘ਚ ਲੱਗੇ ਹੋਏ ਹਨ। ਦੇਸ਼ ਦਾ ਪ੍ਰਸ਼ਾਸਨਿਕ ਤਾਣਾ-ਬਾਣਾ ਭ੍ਰਿਸ਼ਟਾਚਾਰ ਦੀ ਇਸ ਅਮਰਵੇਲ ਦੀ ਜਕੜ ਤੋਂ ਕਿਵੇਂ ਅਜ਼ਾਦ ਹੋ ਸਕੇਗਾ, ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇੱਕ ਗੰਭੀਰ ਚੁਣੌਤੀ ਹੈ। ਵਰਤਮਾਨ ਪੀੜ੍ਹੀ ਭ੍ਰਿਸ਼ਟਾਚਾਰ ਦੀ ਲੜਾਈ ਦੇ ਸਾਹਮਣੇ ਬੇਵੱਸ ਹੈ ਇਸ ‘ਚ ਕੋਈ ਦੋ ਰਾਏ ਨਹੀਂ।

ਸੰਪਾਦਕੀ ਟਿੱਪਣੀ : ਪ੍ਰਕਾਸ਼ ਸਿੰਘ ਸਰਵਾਰਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top