ਬਦਲਿਆ ਰੰਗ

ਬਦਲਿਆ ਰੰਗ
ਨਾ ਹੀ ਚਿੜੀਆਂ ਨਾ ਆਲ੍ਹਣੇ ਨਾ ਰੁੱਖ ਨੇ,
ਨਾ ਹੀ ਘਰ ਨਾ ਉਹ ਪਿੰਡ ਨਾ ਹੀ ਸੁੱਖ ਨੇ,
ਨਾ ਹੀ ਆਲੇ ਨਾ ਕੋਈ ਤੇਲ ਵਾਲੇ ਦੀਵੇ ਉਏ,
ਨਾ ਹੀ ਜੱਟ ਕੋਈ ਜ਼ਮੀਨ ਹੁਣ ਰੱਖਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ

ਨਾ ਹੀ ਤੀਆਂ ਨਾ ਕੋਈ ਪੀਂਘ ਨਾ ਪੰਘੂੜੇ ਨੇ,
ਨਾ ਹੀ ਪਾਥੀਆਂ ਨਾ ਚੁੱਲ੍ਹੇ ਨਾ ਹੀ ਮੂਹੜੇ ਨੇ,
ਨਾ ਹੀ ਸੱਥ ਨਾ ਸਿਆਣੇ ਦੀ ਕੋਈ ਸੁਣਦਾ,
ਨਾ ਹੀ ਹਲ਼ ਨਾ ਕੋਈ ਬਲਦਾਂ ਨੂੰ ਹੱਕਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ

ਨਾ ਹੀ ਸੱਗੀ ਨਾ ਕੋਈ ਟਿੱਕਾ ਨਾ ਪਰਾਂਦਾ ਏ,
ਨਾ ਹੀ ਸੋਚ ਚੰਗੀ ਨਾ ਹੀ ਕੋਈ ਬਣਾਂਦਾ ਏ,
ਨਾ ਹੀ ਸੂਟ ਨਾ ਕੋਈ ਸਿਰ ਹੁਣ ਢੱਕਦਾ,
ਨਾ ਹੀ ਚਰਖੇ ਨਾ ਪੂਣੀਆਂ ਕੋਈ ਕੱਤਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ

ਨਾ ਹੀ ‘ਢਿੱਲੋਂ’ ਹੁਣ ਉਹ ਪੁਰਾਣੇ ਗੀਤ ਨੇ,
ਨਾ ਹੀ ਸੁਰ ਨਾ ਆਵਾਜ਼ ਨਾ ਸੰਗੀਤ ਨੇ,
ਨਾ ਹੀ ਮਿਹਨਤਾਂ ਦਾ ਮੁੱਲ ਕੋਈ ਪਾਉਂਦਾ ਏ,
ਨਾ ਹੀ ਗੱਭਰੂ ਕੋਈ ਸਿਹਤ ਵੱਲ ਤੱਕਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ
ਨਵਕਰਨ ਸਿੰਘ ਢਿੱਲੋਂ ਭਾਗਸਰ
ਮੋ. 89685-53343

   ਸ਼ੀਸ਼ਾ
ਉਸਨੂੰ ਅੱਜ ਦਿਖਾਇਆ ਸ਼ੀਸ਼ਾ, ਤਲਖ਼ ਗਿਆ ਸੀ,
ਮੇਰੇ ਗਲ ਨੂੰ ਆਇਆ, ਸ਼ੀਸ਼ਾ ਤਲਖ਼ ਗਿਆ ਸੀ

ਸੱਚ  ਹਮੇਸ਼ਾ  ਬਣਦਾ ਮੁਸ਼ਕਲ, ਵੇਖ  ਲਿਆ  ਹੈ,
ਮੈਨੂੰ  ਹੀ ਫੁਰਮਾਇਆ, ਸ਼ੀਸ਼ਾ ਤਲਖ਼ ਗਿਆ ਸੀ

ਮੇਰੇ  ਹੋਠੀਂ  ਤਾਲਾ  ਲਾਵਣ,  ਖਾਤਰ   ਹੀ  ਤਾਂ,
ਉਸਨੇ ਝੱਜੂ ਪਾਇਆ, ਸ਼ੀਸ਼ਾ ਤਲਖ਼ ਗਿਆ ਸੀ

ਜੇਕਰ ਦੁਸ਼ਮਣ ਕਰਨੇ  ਚਾਹੁੰਦਾ, ਮਿੱਤਰ ਬੇਲੀ,
ਸਾਹਵੇਂ ਆਣ ਖੜ੍ਹਾਇਆ, ਸ਼ੀਸ਼ਾ ਤਲਖ਼ ਗਿਆ ਸੀ

ਭੁੱਖਾ ਨਾ ਸਨਮਾਨਾਂ ਦਾ, ਜੋ ਅਕਸਰ  ਕਹਿੰਦਾ ,
ਰਹਿੰਦੈ ਖੁਦ ਲਲਚਾਇਆ, ਸ਼ੀਸ਼ਾ ਤਲਖ਼ ਗਿਆ ਸੀ

ਧੂੜ  ਸਮੇਂ  ਦੀ ਧੁੰਧਲਾ  ਕੀਤਾ,  ਅਕਸ਼ ਤਿਰਾ ਜਦ,
ਮੈਂ  ਤੈਨੂੰ  ਚਮਕਾਇਆ , ਸ਼ੀਸ਼ਾ  ਤਲਖ਼  ਗਿਆ ਸੀ

‘ਬੋਪਾਰਾਏ’  ਨਾਲ  ਬਰਾਬਰ  ਖੜ੍ਹਿਆ   ਜਿਸਦੇ,
ਅੱਜ ਹੈ ਕੌਣ ਕਹਾਇਆ, ਸ਼ੀਸ਼ਾ ਤਲਖ਼ ਗਿਆ ਸੀ
ਭੁਪਿੰਦਰ ਸਿੰਘ ਬੋਪਾਰਾਏ, ਸੰਗਰੂਰ
ਮੋ. 98550-91442

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।