ਬਦਲਦਾ ਖਾਣ-ਪਾਨ ਕਿਡਨੀ ਲਈ ਸਭ ਤੋਂ ਵੱਡੀ ਸਮੱਸਿਆ

ਬਦਲਦੇ ਲਾਈਫ਼ ਸਟਾਈਲ ਨਾਲ ਦੂਜੀਆਂ ਬਿਮਾਰੀਆਂ ਦੇ ਨਾਲ-ਨਾਲ ਕਿਡਨੀ ਖ਼ਰਾਬ ਹੋਣ ਦੇ ਮਾਮਲੇ ਵੀ ਵਧ ਰਹੇ ਹਨ ਇੱਕ ਵਾਰ ਕਿਡਨੀ ਦੀ ਬਿਮਾਰੀ ਹੋ ਗਈ ਤਾਂ ਜ਼ਿਆਦਾਤਰ ਲੋਕ ਜ਼ਿੰਦਗੀ ਤੋਂ ਹਤਾਸ਼ ਹੋ ਜਾਂਦੇ ਹਨ, ਜਦੋਂ ਕਿ ਸੱਚ ਇਹ ਹੈ ਕਿ ਜੇਕਰ ਸਹੀ ਤਰੀਕੇ ਨਾਲ ਇਲਾਜ ਕਰਾਇਆ ਜਾਵੇ ਅਤੇ ਪੂਰੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਕਿਡਨੀ ਖ਼ਰਾਬ ਹੋਣ ਤੋਂ ਬਾਅਦ ਵੀ ਮਰੀਜ਼ ਲੰਮੀ ਤੰਦਰੁਸਤ ਜ਼ਿੰਦਗੀ ਜੀ ਸਕਦਾ ਹੈ

ਕਿਡਨੀ ਦੀ ਸਮੱਸਿਆ ਅਕਸਰ ਲੋਕਾਂ ਦੀਆਂ ਬਦਲਦੀਆਂ ਆਦਤਾਂ ਅਤੇ ਲਾਪਰਵਾਹੀ ਦੀ ਵਜ੍ਹਾ ਨਾਲ ਹੁੰਦੀ ਹੈ ਕਿਡਨੀ ਬਿਮਾਰੀ ਦੇ ਕੁਝ ਲੱਛਣ ਹਨ, ਜਿਨ੍ਹਾਂ ਵਿੱਚ ਪੈਰਾਂ ਅਤੇ ਅੱਖਾਂ ਦੇ ਹੇਠਾਂ ਸੋਜ, ਚੱਲਣ ‘ਤੇ ਜਲਦੀ ਥਕਾਨ ਅਤੇ ਸਾਹ ਫੁੱਲਣਾ, ਰਾਤ ਨੂੰ ਵਾਰ-ਵਾਰ ਪੇਸ਼ਾਬ ਲਈ ਉੱਠਣਾ, ਭੁੱਖ ਨਾ ਲੱਗਣਾ ਅਤੇ ਹਾਜ਼ਮਾ ਠੀਕ ਨਾ ਰਹਿਣਾ, ਖੂਨ ਦੀ ਕਮੀ ਨਾਲ ਸਰੀਰ ਪੀਲਾ ਪੈਣਾ ਹੈ, ਪਰ ਅਕਸਰ ਲੋਕ ਕਿਡਨੀ ਬਿਮਾਰੀ ਦੇ ਇਨ੍ਹਾਂ ਲੱਛਣਾਂ ਨੂੰ ਅਣਦੇਖਿਆ ਕਰ ਦਿੰਦੇ ਹਨ, ਜਿਸ ਕਰਕੇ ਕਿਡਨੀ ਬਿਮਾਰੀ ਦਾ ਬਹੁਤ ਦੇਰੀ ਨਾਲ ਪਤਾ ਲੱਗਦਾ ਹੈ, ਜਿਸ ਕਾਰਨ ਇਹ ਬਿਮਾਰੀ ਅਕਸਰ ਕਿਡਨੀ ਟਰਾਂਸਪਲਾਂਟ ਤੱਕ ਪਹੁੰਚ ਜਾਂਦੀ ਹੈ

ਕਿਡਨੀ ਬਿਮਾਰੀ ਦੀ ਪਹਿਲੀ ਸਟੇਜ ਵਿੱਚ ਪੇਸ਼ਾਬ ਵਿੱਚ ਕੁੱਝ ਗੜਬੜੀ ਪਤਾ ਲੱਗਦੀ ਹੈ ਪਰ ਕ੍ਰਿਏਟਨਿਨ ਅਤੇ ਈਜੀਐਫਆਰ (ਗਲੋਮੇਰੁਲਰ ਫਿਲਟਰੇਸ਼ਨ ਰੇਟ) ਇੱਕੋ ਜਿਹਾ ਹੁੰਦਾ ਹੈ ਈਜੀਐਫਆਰ ਤੋਂ ਪਤਾ ਲੱਗਦਾ ਹੈ ਕਿ ਕਿਡਨੀ ਕਿੰਨਾ ਫਿਲਟਰ ਕਰ ਪਾ ਰਹੀ ਹੈ, ਉੱਥੇ ਹੀ ਦੂਜੀ ਸਟੇਜ ਵਿੱਚ ਈਜੀਐਫਆਰ 90-60 ਦੇ ਵਿੱਚ ਹੁੰਦਾ ਹੈ ਪਰ ਕ੍ਰਿਏਟਨਿਨ ਇੱਕੋ-ਜਿਹਾ ਹੀ ਰਹਿੰਦਾ ਹੈ ਇਸ ਸਟੇਜ ਵਿੱਚ ਵੀ ਪੇਸ਼ਾਬ ਦੀ ਜਾਂਚ ਵਿੱਚ ਪ੍ਰੋਟੀਨ ਜ਼ਿਆਦਾ ਹੋਣ ਦੇ ਸੰਕੇਤ ਮਿਲਣ ਲੱਗਦੇ ਹਨ ਸ਼ੂਗਰ ਜਾਂ ਹਾਈ ਬੀ.ਪੀ. ਰਹਿਣ ਲੱਗਦਾ ਹੈ ਤੀਜੀ ਸਟੇਜ ਵਿੱਚ ਈਜੀਐਫਆਰ 60-30 ਦੇ ਵਿੱਚ ਹੋਣ ਲੱਗਦਾ ਹੈ,

ਉੱਥੇ ਹੀ ਕ੍ਰਿਏਟਨਿਨ ਵੀ ਵਧਣ ਲੱਗਦਾ ਹੈ ਇਸ ਸਟੇਜ ਵਿੱਚ ਕਿਡਨੀ ਰੋਗ ਦੇ ਲੱਛਣ ਸਾਹਮਣੇ ਆਉਣ ਲੱਗਦੇ ਹਨ ਅਨੀਮੀਆ ਹੋ ਸਕਦਾ ਹੈ ਬਲੱਡ ਟੇਸਟ ਵਿੱਚ ਯੂਰੀਆ ਜ਼ਿਆਦਾ ਆ ਸਕਦਾ ਹੈ ਸਰੀਰ ਵਿੱਚ ਖੁਰਕ ਹੁੰਦੀ ਹੈ ਇੱਥੇ ਮਰੀਜ਼ ਨੂੰ ਡਾਕਟਰ ਤੋਂ ਸਲਾਹ ਲੈ ਕੇ ਆਪਣਾ ਲਾਈਫ ਸਟਾਈਲ ਸੁਧਾਰਨਾ ਚਾਹੀਦਾ ਹੈ ਚੌਥੀ ਸਟੇਜ ਵਿੱਚ ਈਜੀਐਫਆਰ 30-15 ਦੇ ਵਿੱਚ ਹੁੰਦਾ ਹੈ ਅਤੇ ਕ੍ਰਿਏਟਨਿਨ ਵੀ 2-4 ਦੇ ਵਿੱਚ ਹੋਣ ਲੱਗਦਾ ਹੈ

ਇਹ ਉਹ ਸਟੇਜ ਹੈ, ਜਦੋਂ ਮਰੀਜ਼ ਨੂੰ ਆਪਣੀ ਡਾਈਟ ਅਤੇ ਲਾਈਫ ਸਟਾਈਲ ਵਿੱਚ ਜ਼ਬਰਦਸਤ ਸੁਧਾਰ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਡਾਇਲਸਿਸ ਜਾਂ ਟਰਾਂਸਪਲਾਂਟ ਦੀ ਸਟੇਜ ਜਲਦੀ ਆ ਸਕਦੀ ਹੈ ਇਸ ਵਿੱਚ ਮਰੀਜ਼ ਜਲਦੀ ਥੱਕਣ ਲੱਗਦਾ ਹੈ ਸਰੀਰ ਵਿੱਚ ਕਿਤੇ ਸੋਜ ਆ ਸਕਦੀ ਹੈ ਆਖਰੀ ਅਤੇ ਪੰਜਵੀਂ ਸਟੇਜ ਵਿੱਚ ਈਜੀਐਫਆਰ 15 ਤੋਂ ਘੱਟ ਹੋ ਜਾਂਦਾ ਹੈ ਤੇ ਕ੍ਰਿਏਟਨਿਨ 4-5 ਜਾਂ ਉਸਤੋਂ ਜ਼ਿਆਦਾ ਹੋ ਜਾਂਦਾ ਹੈ ਫਿਰ ਮਰੀਜ ਲਈ ਡਾਇਲਸਿਸ ਜਾਂ ਟਰਾਂਸਪਲਾਂਟ ਜ਼ਰੂਰੀ ਹੋ ਜਾਂਦਾ ਹੈ ਸ਼ੁਰੂਆਤੀ ਸਟੇਜ ਵਿੱਚ ਕਿਡਨੀ ਦੀ ਬਿਮਾਰੀ ਨੂੰ ਫੜਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਦੋਨਾਂ ਕਿਡਨੀਆਂ ਦੇ ਕਰੀਬ 60 ਫੀਸਦੀ ਖ਼ਰਾਬ ਹੋਣ ਤੋਂ ਬਾਅਦ ਹੀ ਖੂਨ ਵਿੱਚ ਕ੍ਰਿਏਟਨਿਨ ਵਧਣਾ ਸ਼ੁਰੂ ਹੁੰਦਾ ਹੈ

ਕਿਡਨੀ ਦਾ ਇਲਾਜ ਸੰਭਵ:

ਕਿਡਨੀ ਦੀ ਬਿਮਾਰੀ ਦੇ ਇਲਾਜ ਨੂੰ ਮੈਡੀਕਲ ਭਾਸ਼ਾ ਵਿੱਚ ਰੀਨਲ ਰਿਪਲੇਸਮੈਂਟ ਥੈਰੇਪੀ ਕਹਿੰਦੇ ਹਨ ਕਿਡਨੀ ਖ਼ਰਾਬ ਹੋਣ ‘ਤੇ ਫਾਇਨਲ ਇਲਾਜ ਤਾਂ ਟਰਾਂਸਪਲਾਂਟ ਹੀ ਹੈ, ਪਰੰਤੂ ਇਸਦੇ ਲਈ ਕਿਡਨੀ ਡੋਨਰ ਮਿਲਣਾ ਮੁਸ਼ਕਿਲ ਹੈ, ਇਸ ਲਈ ਇਸਦਾ ਟੈਂਪਰੇਰੀ ਹੱਲ ਡਾਇਲਸਿਸ ਹੈ ਇਹ ਲਗਾਤਾਰ ਚੱਲਣ ਵਾਲਾ ਪ੍ਰੋਸੈੱਸ ਹੈ ਅਤੇ ਕਾਫ਼ੀ ਮਹਿੰਗਾ ਹੈ ਖੂਨ ਨੂੰ ਸਾਫ਼ ਕਰਨ ਅਤੇ ਇਸ ਵਿੱਚ ਵਧ ਰਹੇ ਜ਼ਹਿਰੀਲੇ ਪਦਾਰਥਾਂ ਨੂੰ ਮਸ਼ੀਨ ਦੇ ਜਰੀਏ ਬਾਹਰ ਕੱਢਣਾ ਹੀ ਡਾਇਲਸਿਸ ਹੈ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ ਦੀ ਹਫਤੇ ਵਿੱਚ 8 ਤੋਂ 12 ਘੰਟੇ ਡਾਇਲਸਿਸ ਹੋਣੀ ਚਾਹੀਦੀ ਹੈ

ਹਾਲਾਂਕਿ ਆਮ ਤੌਰ ‘ਤੇ ਇੱਕ ਵਾਰ ਵਿੱਚ ਚਾਰ ਘੰਟੇ ਦੀ ਡਾਇਲਸਿਸ ਹੁੰਦੀ ਹੈ, ਇਸ ਲਈ ਮਰੀਜ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਉਸ ਨੂੰ ਹਫਤੇ ਵਿੱਚ ਦੋ ਵਾਰ ਜਾਂ ਹਰ ਤੀਸਰੇ/ਦੂਜੇ ਦਿਨ ਡਾਇਲਸਿਸ ਕਰਾਉਣ ਦੀ ਸਲਾਹ ਦਿੰਦੇ ਹਨ ਮਰੀਜ਼ ਨੂੰ ਆਪਣੀ ਮਰਜ਼ੀ ਨਾਲ ਦੋ ਡਾਇਲਸਿਸ ਦੇ ਵਿੱਚ ਦਾ ਫਰਕ ਨਹੀਂ ਵਧਾਉਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਤੇ ਕਦੇ-ਕਦੇ ਵੱਡੀ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ ਅਤੇ ਮਰੀਜ਼ ਆਈਸੀਯੂ ਤੱਕ ਵਿੱਚ ਪਹੁੰਚ ਜਾਂਦਾ ਹੈ

ਡਾਇਲਸਿਸ ਕਰਾਉਣ ਵਾਲੇ ਮਰੀਜ਼ਾਂ ਨੂੰ ਮਹੀਨੇ ਵਿੱਚ ਘੱਟ ਤੋਂ ਘੱਟ ਇੱਕ ਵਾਰ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਸ ਜਾਂਚ ਨਾਲ ਮਰੀਜ਼ ਦੇ ਸਰੀਰ ਵਿੱਚ ਹੀਮੋਗਲੋਬਿਨ, ਬਲੱਡ ਯੂਰੀਆ, ਕ੍ਰਿਏਟਨਿਨ, ਪੋਟਾਸ਼ੀਅਮ, ਫਾਸਫੋਰਸ ਅਤੇ ਸੋਡੀਅਮ ਦੀ ਮਾਤਰਾ ਦਾ ਪਤਾ ਲੱਗਦਾ ਹੈ ਕਿਡਨੀ ਦੇ ਮਰੀਜ਼ਾਂ ਨੂੰ ਸਾਵਧਾਨੀਆਂ ਬਰਤਣਾ ਵੀ ਬੇਹੱਦ ਜਰੂਰੀ ਹੈ ਜਿਸ ਵਿੱਚ ਕਿਡਨੀ ਦੇ ਮਰੀਜ਼ ਨੂੰ ਡਾਇਟੀਸ਼ੀਅਨ ਨੂੰ ਵੀ ਜਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਬਿਮਾਰੀ ਵਿੱਚ ਖਾਣ-ਪੀਣ ਉੱਤੇ ਕੰਟਰੋਲ ਬਹੁਤ ਜ਼ਰੂਰੀ ਹੈ ਡਾਇਲਸਿਸ ਕਰਾਉਣ ਵਾਲੇ ਸ਼ਖਸ ਨੂੰ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਆਪਣੇ ਕਿਡਨੀ ਐਕਸਪਰਟ ਨਾਲ ਸਲਾਹ ਕਰਨਾ ਜ਼ਰੂਰੀ ਹੈ

10 ਆਮ ਆਦਤਾਂ, ਜੋ ਕਰਦੀਆਂ ਕਿਡਨੀ ਖ਼ਰਾਬ:

  • ਪੇਸ਼ਾਬ ਆਉਣ ‘ਤੇ ਕਰਨ ਨਹੀਂ ਜਾਣਾ
  • ਰੋਜ਼ 7-8 ਗਲਾਸ ਤੋਂ ਘੱਟ ਪਾਣੀ ਪੀਣਾ
  • ਬਹੁਤ ਜ਼ਿਆਦਾ ਲੂਣ ਖਾਣਾ
  • ਹਾਈ ਬੀ.ਪੀ. ਦੇ ਇਲਾਜ ‘ਚ ਲਾਪ੍ਰਵਾਹੀ ਵਰਤਣਾ
  • ਸ਼ੂਗਰ ਦੇ ਇਲਾਜ ਨੂੰ ਅਣਦੇਖਿਆ ਕਰਨਾ
  • ਮੀਟ ਖਾਣਾ
  • ਜ਼ਿਆਦਾ ਮਾਤਰਾ ਵਿੱਚ ਪੇਨਕਿਲਰ ਲੈਣਾ
  •  ਸ਼ਰਾਬ ਪੀਣਾ
  •  ਨਿਯਮਿਤ ਆਰਾਮ ਨਾ ਕਰਨਾ
  • ਸਾਫਟ ਡਰਿੰਕਸ ਤੇ ਸੋਢਾ ਜ਼ਿਆਦਾ ਲੈਣਾ

ਡਾ. ਜੇ. ਜੇ. ਸਿੰਘ, ਨੇਫਰਾਲਜਿਸਟ,
ਮੈਕਸ ਸੁਪਰਸਪੈਸ਼ੇਲਿਟੀ ਹਸਪਤਾਲ, ਬਠਿੰਡਾ