ਸਸਤੀ ਬਿਜਲੀ, ਦਰੁਸਤ ਫੈਸਲਾ

0
170

ਸਸਤੀ ਬਿਜਲੀ, ਦਰੁਸਤ ਫੈਸਲਾ

ਆਖਰ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਰੇਟਾਂ ’ਚ ਕਟੌਤੀ ਕਰਕੇ ਸੂਬੇ ਦੀ ਜਨਤਾ ਨੂੰ ਖਾਸ ਕਰਕੇ ਨਿਮਨ ਮੱਧ ਵਰਗ ਤੇ ਗਰੀਬ ਵਰਗ ਨੂੰ ਰਾਹਤ ਦਿੱਤੀ ਹੈ ਇਹ ਫੈਸਲਾ ਸਾਢੇ ਚਾਰ ਸਾਲ ਪਹਿਲਾਂ ਹੀ ਹੋਣਾ ਚਾਹੀਦਾ ਸੀ ਇਹ ਤਾਂ ਸਪੱਸ਼ਟ ਹੀ ਹੈ ਕਿ ਫੈਸਲੇ ਪਿੱਛੇ ਸਰਕਾਰ ਦੀ ਵੱਡੀ ਮਜ਼ਬੂਰੀ ਆ ਰਹੀਆਂ ਵਿਧਾਨ ਸਭਾ ਚੋਣਾਂ ਹਨ ਫ਼ਿਰ ਵੀ ਇਸ ਫੈਸਲੇ ਨੂੰ ਵੱਡਾ ਤੇ ਦਮਦਾਰ ਫੈਸਲਾ ਮੰਨਿਆ ਜਾਵੇਗਾ ਜਿਸ ਦੀ ਜਨਤਾ ਨੂੰ ਖਾਸ ਜ਼ਰੂਰਤ ਸੀ ਦੇਸ਼ ’ਚ ਸਭ ਤੋਂ ਮਹਿੰਗੀ ਬਿਜਲੀ ਵਾਲਾ ਸੂਬਾ ਹੋਣ ਕਾਰਨ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੋਰ ਲੋਕ ਭਲਾਈ ਦੀਆਂ ਸਕੀਮਾਂ ਦੇ ਚੱਲਦਿਆਂ ਬਿਜਲੀ ਦੀਆਂ ਦਰਾਂ ਇੰਨੀਆਂ ਉੱਚੀਆਂ ਹੋਣੀਆਂ ਤਰਕਸੰਗਤ ਨਹੀਂ ਸਨ

ਸੂਬੇ ’ਚ ਸਸਤਾ ਰਾਸ਼ਨ, ਬਿਜਲੀ ਤੇ ਪਾਣੀ ਦੇ ਬਕਾਏ ਦੀ ਮਾਫ਼ੀ ਵਰਗੇ ਫੈਸਲਿਆਂ ਦੇ ਬਰਾਬਰ ਮਹਿੰਗੀ ਬਿਜਲੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਗਰੀਬਾਂ ਨੂੰ ਸਸਤਾ ਰਾਸ਼ਨ ਤੇ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਵਰਗੀ ਸਹੂਲਤ ਦੇਣ ਵਾਲੀ ਸਰਕਾਰ ਤੋਂ ਮਹਿੰਗੀ ਬਿਜਲੀ ਦੀ ਆਸ ਨਹੀਂ ਰੱਖੀ ਜਾ ਸਕਦੀ ਇਹ ਵੀ ਜ਼ਰੂਰੀ ਹੈ ਕਿ ਸੂਬਾ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਲਿਆਉਣ ਲਈ ਵੈਟ ਦੀ ਦਰ ਘਟਾਵੇ ਇਸ ਵੇਲੇ ਪੰਜਾਬ ’ਚ ਡੀਜ਼ਲ ਤੇ ਪੈਟਰੋਲ ’ਤੇ ਤਰਤੀਬਵਾਰ 16 ਫੀਸਦੀ ਤੇ 23 ਫੀਸਦੀ ਵੈਟ ਹੈ ਭਾਵੇਂ ਤੇਲ ਕੀਮਤਾਂ ’ਚ ਵਾਧੇ ਲਈ ਕੇਂਦਰ ਸਰਕਾਰ ਦੇ ਟੈਕਸ ਵੀ ਵੱਡਾ ਕਾਰਨ ਹਨ ਤੇ ਪੰਜਾਬ ’ਚ ਸੱਤਾਧਾਰੀ ਪਾਰਟੀ ਕਾਂਗਰਸ ਤੇਲ ਕੀਮਤਾਂ ਲਈ ਕੇਂਦਰ ਖਿਲਾਫ਼ ਮੁਜ਼ਾਹਰੇ ਵੀ ਕਰ ਰਹੀ ਹੈ

ਪਰ ਇੱਥੇ ਸੂਬਾ ਸਰਕਾਰ ਆਪਣੀ ਜਿੰਮੇਵਾਰੀ ਤੋਂ ਵੀ ਨਹੀਂ ਭੱਜ ਸਕਦੀ ਪੰਜਾਬ ਦੀ ਕਾਂਗਰਸ ਸਰਕਾਰ ਖੁਦ ਵੀ ਵੈਟ ਘਟਾ ਕੇ ਜਨਤਾ ਨੂੰ ਤੇਲ ਕੀਮਤਾਂ ’ਚ ਕੁਝ ਰਾਹਤ ਦੇ ਸਕਦੀ ਹੈ ਕਿਸਾਨਾਂ ਦਾ ਦੋ ਲੱਖ ਤੱਕ ਕਰਜ਼ਾ ਮੁਆਫ਼ੀ ਵਰਗੇ ਫੈਸਲੇ ਲੈਣ ਦੇ ਸਮਰੱਥ ਸਰਕਾਰ ਨੂੰ ਮਹਿੰਗਾਈ ਦਾ ਮਸਲਾ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਵਿਚਾਰਨਾ ਚਾਹੀਦਾ ਹੈ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਜ਼ਰੂਰੀ ਚੀਜਾਂ ਦੀ ਮਹਿੰਗਾਈ ਦਾ ਕਾਰਨ ਬਣ ਰਿਹਾ ਹੈ ਡੀਜ਼ਲ ਦੇ ਰੇਟ ਵਧਣ ਨਾਲ ਮਾਲ ਭਾੜਾ ਵਧ ਰਿਹਾ ਹੈ

ਜਿਸ ਨਾਲ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ’ਚ ਜਾਣ ਵਾਲੀਆਂ ਵਸਤੂਆਂ ਦੇ ਰੇਟ ਵਧ ਰਹੇ ਹਨ ਅਜਿਹੇ ਹਾਲਾਤਾਂ ’ਚ ਜਨਤਾ ਨੂੰ ਰਾਹਤ ਦੇਣ ਲਈ ਬਿਜਲੀ ਦੇ ਨਾਲ-ਨਾਲ ਤੇਲ ਕੀਮਤਾਂ ’ਚ ਵੀ ਕਟੌਤੀ ਕਰਨੀ ਪਵੇਗੀ ਇਹ ਵੀ ਜ਼ਰੂਰੀ ਹੈ ਕਿ ਸਰਕਾਰ ਖੁਦ ਆਪਣੇ ਖਰਚਿਆਂ ’ਚ ਕਟੌਤੀ ਕਰੇ ਤਾਂ ਕਿ ਖਜ਼ਾਨੇ ’ਤੇ ਵਾਧੂ ਬੋਝ ਤੋਂ ਬਚਿਆ ਜਾਵੇ ਚੋਣਾਂ ਦਾ ਵਰ੍ਹਾ ਹੋਣ ਕਾਰਨ ਸਿਆਸੀ ਸਰਗਰਮੀਆਂ ਵਧ ਰਹੀਆਂ ਹਨ ਜਿਸ ਨਾਲ ਸਰਕਾਰੀ ਖਰਚੇ ਵੀ ਵਧਦੇ ਹਨ ਅਸਲ ’ਚ ਸਿਆਸਤ ’ਚ ਤਿਆਗ ਤੇ ਸਾਦਗੀ ਸਮੇਂ ਦੀ ਵੱਡੀ ਜ਼ਰੂਰਤ ਹੈ ਵੀਆਈਪੀ ਕਲਚਰ ਦੇ ਖਾਤਮੇ ਦੀਆਂ ਗੱਲਾਂ ਕਾਫ਼ੀ ਹੁੰਦੀਆਂ ਹਨ ਪਰ ਅਮਲ ਘੱਟ ਹੁੰਦਾ ਹੈ ਜਨਤਾ ਲਈ ਖਰਚੇ ਘੱਟ ਕਰਨ ਦੀ ਮਿਸਾਲ ਸਾਹਮਣੇ ਆਉਣੀ ਜ਼ਰੂਰੀ ਹੈ ਉਂਜ ਵੀ ਸੰਚਾਰ ਤਕਨੀਕ ’ਚ ਵਾਧੇ ਨਾਲ ਖਰਚੇ ਘਟਾਉਣੇ ਔਖੇ ਨਹੀਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ