ਮੁੱਖ ਮੰਤਰੀ ਨੇ ਵਿਕਾਸ ਦੇ ਨਾਂਅ ‘ਤੇ ਮੰਗੀਆਂ ਵੋਟਾਂ

12 ਜਨਵਰੀ ਨੂੰ ਕਰਨਗੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ
ਮੇਵਾ ਸਿੰਘ ਲੰਬੀ,  
ਵਿਧਾਨ ਸਭਾ ਹਲਕਾ ਲੰਬੀ ਤੇ ਅਕਾਲੀ-ਭਾਜਪਾ ਉਮੀਦਵਾਰ ਦੇ ਮੌਜ਼ੂਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਹਲਕਾ ਲੰਬੀ ਦੇ ਪਿੰਡਾਂ ਧੌਲਾ, ਥਰਾਜਵਾਲਾ, ਲਾਲਬਾਈ, ਮਾਨ ਤੇ ਚੰਨੂੰ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲੰਬੀ ਹਲਕੇ ‘ਚ ਕੀਤਾ ਇੱਕ-ਇੱਕ ਕੰਮ ਲੋਕਾਂ ਨੂੰ ਗਿਣਾਇਆ।
ਇਸ ਦੌਰਾਨ ਜਦੋਂ ਮੁੱਖ ਮੰਤਰੀ ਲਾਲਬਾਈ ਪਿੰਡ ਵਿਚ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜਿਕਰ ਕਰ ਰਹੇ ਸਨ ਤਾਂ ਸੱਤਾਧਿਰ ਨਾਲ ਸਬੰਧਤ ਕੁਝ ਲੋਕਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ‘ਚ ਸਾਡਾ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਨਾ ਤਾਂ ਉਨ੍ਹਾਂ ਦੇ ਘਰਾਂ ਅੰਦਰ ਲੈਟਰੀਨਾਂ ਬਣੀਆਂ ਹਨ, ਨਾ ਹੀ ਉਨ੍ਹਾਂ ਨੂੰ ਪਿਛਲੇ ਦਿਨੀਂ ਸਰਕਾਰ ਵੱਲੋਂ ਪੁਰਾਣੇ ਮਕਾਨਾਂ ਦੀ ਮੁਰਮੰਤ ਵਾਸਤੇ ਦਿੱਤੇ ਗਏ 15-15 ਹਜ਼ਾਰ ਦੇ ਚੈੱਕ ਹੀ ਮਿਲੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਆਸੇ-ਪਾਸੇ ਰਹਿਣ ਵਾਲਿਆਂ ਨੇ ਸਾਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝੇ ਹੀ ਕਰ ਰੱਖਿਆ ਹੈ।
ਇਸ ‘ਤੇ ਮੁੱਖ ਮੰਤਰੀ ਨੇ ਉਕਤ ਨੂੰ ਕਿਹਾ ਕਿ ਜਿਸਦਾ ਜੋ ਵੀ ਕੰਮ ਬਕਾਇਆ ਹੈ, ਜੇਕਰ ਤੀਸਰੀ ਵਾਰ ਸਰਕਾਰ ਬਣ ਗਈ ਤਾਂ ਜ਼ਰੂਰ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਹਲਕਾ ਲੰਬੀ ਤੋਂ ਅਕਾਲੀ-ਭਾਜਪਾ ਉਮੀਦਵਾਰ ਨੇ ਕਿਹਾ ਕਿ 12 ਜਨਵਰੀ ਨੂੰ ਉਹ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ।