ਪੰਜਾਬ

ਰਿਜੋਰਟ ‘ਚ ਬਣੇ ਸਜਾਵਟੀ ਝਰਨੇ ‘ਚ ਡੁੱਬਣ ਕਾਰਨ ਬੱਚੇ ਦੀ ਮੌਤ

Child, Death, Sunk, Decorative, Waterfalls, Resort

ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ) | ਗਰੀਨ ਰਿਜੋਰਟ ਗੋਨਿਆਣਾ ਰੋਡ ਨੇੜੇ ਝੀਲ ਨੰਬਰ-3 ‘ਚ 2 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਪਰਨਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਨਿਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੇ ਪਰਿਵਾਰ ਸਮੇਤ ਉਕਤ ਗਰੀਨ ਰਿਜੋਰਟ ਵਿਖੇ ਹੋ ਰਹੇ ਵਿਆਹ ‘ਚ ਬਰਾਤੀ ਬਣ ਕੇ ਗਏ ਸਨ। ਜਿੱਥੇ ਰਿਜੋਰਟ ‘ਚ ਬਿਨਾ ਕਿਸੇ ਸੁਰੱਖਿਆ ਦਾ ਧਿਆਨ ਰੱਖਦਿਆਂ ਬਣਾਇਆ ਝਰਨੇ ਰੂਪੀ ਸਥਾਨ (ਆਰਟੀ-ਫਕੀਸ਼ਲ) ਜੋ ਕਿ ਲਗਭਗ ਢਾਈ ਫੁੱਟ ਡੂੰਘਾ ਹੈ, ਇਸ ਵਿੱਚ ਪਾਣੀ ਤੋਂ ਇਲਾਵਾ ਕੈਮੀਕਲ ਮਿਲਾ ਕੇ ਝੱਗ ਵੀ ਬਣੀ ਹੋਈ ਸੀ

ਜਿਸ ਨੂੰ ਵੇਖ ਕੇ ਉਕਤ ਬੱਚਾ ਉਸ ਵੱਲ ਅਕਰਸ਼ਤ ਹੋ ਕੇ ਉਧਰ ਚਲਾ ਗਿਆ ਤੇ ਵਿੱਚ ਡਿੱਗ ਪਿਆ। ਮਾਪਿਆਂ ਨੂੰ ਜਦ ਬੱਚਾ ਕਿਧਰੇ ਦਿਖਾਈ ਨਾ ਦਿੱਤਾ ਤਾਂ ਉਨ੍ਹਾਂ ਤਲਾਸ਼ ਸ਼ੁਰੂ ਕੀਤੀ। ਸ਼ੱਕ ਪੈਣ ‘ਤੇ ਉਕਤ ਝਰਨੇ ਵਿੱਚ ਪੈਦਾ ਹੋਈ ਝੱਗ ਨੂੰ ਪਾਸੇ ਹਟਾਇਆ ਗਿਆ ਤਾਂ ਬੱਚਾ ਉਸ ਵਿੱਚ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਤੁਰੰਤ ਮਾਪਿਆਂ ਨੇ ਇੱਕ ਨਿੱਜੀ ਹਸਪਤਾਲ ਵਿਖੇ ਮੁੱਢਲੀ ਸਹਾਇਤਾ ਉਪਰੰਤ ਬੱਚੇ ਨੂੰ ਆਦੇਸ਼ ਹਸਪਤਾਲ ਭੁੱਚੋ ‘ਚ ਇਲਾਜ ਵਾਸਤੇ ਦਾਖਲ ਕਰਵਾਇਆ, ਜਿੱਥੇ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਬੱਚੇ ਦੀ ਹਾਲਤ ਵੇਖਦਿਆਂ ਉਸ ਨੂੰ ਸੀਐੱਮਸੀ ਲੁਧਿਆਣਾ ਵਿਖੇ ਲੈ ਜਾਇਆ ਗਿਆ।

ਜਿੱਥੇ 5 ਦਿਨ ਦੇ ਇਲਾਜ ਉਪਰੰਤ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਮਪਿਆਂ ਦਾ ਕਹਿਣਾ ਹੈ ਕਿ ਯੋਗ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਅਣਹੋਂਦ ਤੇ ਕੈਮੀਕਲ ਯੁਕਤ ਪਾਣੀ ਬੱਚੇ ਦੇ ਅੰਦਰ ਜਾਣ ਕਾਰਨ ਉਸ ਦੀ ਮੌਤ ਦਾ ਕਾਰਨ ਬਣੇ। ਉਨ੍ਹਾਂ ਕਿਹਾ ਕਿ ਝੱਗ ਬਣਾਉਣ ਵਾਸਤੇ ਵਰਤੇ ਗਏ ਕੈਮੀਕਲ ਯੁਕਤ ਪਾਣੀ ਦੇ ਬੱਚੇ ਦੇ ਅੰਦਰ ਚਲੇ ਜਾਣ ‘ਤੇ ਅੰਦਰੋਂ ਖੂਨ ਆਉਣਾ ਸ਼ੁਰੂ ਹੋ ਗਿਆ ਜੋ ਉਸ ਬੱਚੇ ਦੀ ਮੌਤ ਦਾ ਕਾਰਨ ਬਣਿਆ। ਇਸ ਸਬੰਧੀ ਮਾਪਿਆਂ ਵੱਲੋਂ ਕਾਨੂੰਨੀ ਕਾਰਵਾਈ ਵਾਸਤੇ ਪੁਲਿਸ ਥਾਣਾ ਥਰਮਲ ਕਲੋਨੀ ਬਠਿੰਡਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਮਾਪਿਆਂ ਨੇ ਕਿਹਾ ਕਿ ਅਜਿਹੇ ਕਾਰਨਾਂ ਕਰਕੇ ਪਹਿਲਾਂ ਵੀ ਇਹ ਰਿਜੋਰਟ ਕਾਫੀ ਸਮਾਂ ਬੰਦ ਰਿਹਾ, ਪਰ ਫਿਰ ਵੀ ਸੁਰੱਖਿਆ ਪ੍ਰਬੰਧਾਂ ਪ੍ਰਤੀ ਲਾਪਰਵਾਹੀ ਵਰਤੀ ਗਈ ਜੋ ਸਾਡੇ ਬੱਚੇ ਦੀ ਅਣਹੋਣੀ ਮੌਤ ਦਾ ਕਾਰਨ ਬਣੀ। ਇਸ ਸਬੰਧੀ ਸੰਪਰਕ ਕਰਨ ‘ਤੇ ਪੁਲਿਸ ਥਾਣਾ ਥਰਮਲ ਕਲੋਨੀ ਬਠਿੰਡਾ ਦੇ ਮੁੱਖ ਅਫ਼ਸਰ ਰਛਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੈ ਤੇ ਬੱਚੇ ਦੇ ਪੋਸਟਮਾਰਟਮ ਸਬੰਧੀ ਰਿਪੋਰਟ ਆਉਣ ਉਪਰੰਤ ਮਾਪਿਆਂ ਦੇ ਬਿਆਨਾਂ ਮੁਤਾਬਿਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top