ਹੁਣ ਨਹੀਂ ਲੱੱਗਦੀ ਸ਼ਨਿੱਚਰਵਾਰ ਨੂੰ ਸਕੂਲਾਂ ’ਚ ਬੱਚਿਆਂ ਦੀ ਸਭਾ

Children's Meetings

ਹੁਣ ਨਹੀਂ ਲੱੱਗਦੀ ਸ਼ਨਿੱਚਰਵਾਰ ਨੂੰ ਸਕੂਲਾਂ ’ਚ ਬੱਚਿਆਂ ਦੀ ਸਭਾ

ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਵਿਚ ਪੜ੍ਹਨ-ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਦਾ ਵੀ ਵਕਤ ਵੀ ਨਿਰਧਾਰਿਤ ਹੋਇਆ ਕਰਦਾ ਸੀ ਹਫ਼ਤੇ ਦੇ ਛੇਕੜਲੇ ਦਿਨ (ਜਿਹੜਾ ਕਿ ਆਮ ਤੌਰ ’ਤੇ ਸ਼ਨਿੱਚਰਵਾਰ ਹੁੰਦਾ ਸੀ) ਕੁਝ ਪੀਰੀਅਡ ਰਾਖਵੇਂ ਰੱਖ ਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਸੇ ਹਾਲ ਜਾਂ ਪੰਡਾਲ ਵਿਚ ਇਕੱਠੇ ਕਰ ਲਿਆ ਜਾਂਦਾ ਸੀ ਇਸ ਇਕੱਠ ਨੂੰ ਬਾਲ-ਸਭਾ ਦਾ ਨਾਂਅ ਦਿੱਤਾ ਜਾਂਦਾ ਸੀ ਜਿਸ ਵਿਚ ਵਿਦਿਆਰਥੀਆਂ ਨੂੰ ਆਪਾ ਪ੍ਰਗਟਾਉਣ/ਚਮਕਾਉਣ ਦੇ ਮੌਕੇ ਪ੍ਰਾਪਤ ਹੁੰਦੇ ਸਨ ਇਸ ਬਾਲ ਸਭਾ ਵਿਚ ਸਕੂਲ ਦੇ ਅਧਿਆਪਕਾਂ ਦੀ ਨਾ ਸਿਰਫ਼ ਸਰਗਰਮ ਭਾਗੀਦਾਰੀ ਹੀ ਹੁੰਦੀ ਸੀ ਸਗੋਂ ਕੁੱਝ ਰਚਨਾਤਮਿਕ ਅਤੇ ਕਲਾਤਮਿਕ ਸੋਚ ਵਾਲੇ ਅਧਿਆਪਕਾਂ ਵੱਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਵੀ ਕੀਤਾ ਜਾਂਦਾ ਸੀ l

ਸਕੂਲ ਵਿਚ ਨਿਯਮਿਤ ਰੂਪ ਵਿਚ ਲਾਈ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਮਨਪ੍ਰਚਾਵੇ ਦਾ ਸਬੱਬ ਬਣਦੀ ਸੀ, ਉੱਥੇ ਵਿਦਿਆਰਥੀਆਂ ਦੀ ਸਿਰਜਣਾਤਮਕ ਤੇ ਕਲਾਤਮਿਕ ਪਹੁੰਚ ਨੂੰ ਉਭਾਰਨ, ਨਿਖਾਰਨ ਅਤੇ ਸੰਵਾਰਨ ਵਿਚ ਵੀ ਵਿਸ਼ੇਸ਼ ਸਹਾਈ ਹੁੰਦੀ ਸੀ ਇਸ ਸਭਾ ਰਾਹੀਂ ਵਿਲੱਖਣ ਪ੍ਰਤਿਭਾ ਵਾਲੇ ਵਿਦਿਅਰਥੀਆਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜਾਂਦਾ ਸੀ ਜਿਹੜਾ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਕੇ ਉਨ੍ਹਾਂ ਦੁਆਰਾ ਮਿਥੀ ਹੋਈ ਮੰਜ਼ਿਲ ਦੇ ਨਜ਼ਦੀਕ ਲੈ ਜਾਂਦਾ ਸੀ l

ਜੇਕਰ ਰਸਮੀ ਸਿੱਖਿਆ ਦੇ ਉਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਉਦੇਸ਼ ਕੇਵਲ ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਆਪਕ ਪੈਦਾ ਕਰਨਾ ਹੀ ਨਹੀਂ ਸਗੋਂ ਅਜਿਹੇ ਕਲਾਕਾਰ, ਸਾਹਿਤਕਾਰ ਤੇ ਬੁਲਾਰੇ ਪੈਦਾ ਕਰਨਾ ਵੀ ਹੈ ਜੋ ਆਪਣੀ ਅਗਾਂਹਵਧੂ ਸੋਚਣੀ, ਲੇਖਣੀ ਤੇ ਬੋਲਣੀ ਨਾਲ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਅਮੀਰ ਬਣਾ ਸਕਣ ਕਾਫੀ ਹੱਦ ਇਹ ਅਮੀਰੀ ਵੀ ਸਕੂਲ ਦੀ ਬਾਲ-ਸਭਾ ਦੀ ਹੀ ਦੇਣ ਰਹੀ ਹੈ ਜਦੋਂ ਕਦੇ ਸਥਾਪਿਤ/ਕਾਮਯਾਬ ਕਲਾਕਾਰਾਂ ਵਿਸ਼ੇਸ਼ ਕਰਕੇ ਗਾਇਕਾਂ ਜਾਂ ਅਭਿਨੇਤਾਵਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਉਹ ਵੀ ਆਪਣੀ ਸਥਾਪਤੀ/ਕਾਮਯਾਬੀ ਦਾ ਬਹੁਤਾ ਸਿਹਰਾ ਪੜ੍ਹਾਈ ਦੌਰਾਨ ਸਕੂਲ ਵਿਚ ਲੱਗਣ ਵਾਲੀ ਬਾਲ ਸਭਾ ਨੂੰ ਹੀ ਦਿੰਦੇ ਹਨ l

ਸਕੂਲ ਦੁਆਰਾ ਨਿਯਮਿਤ ਰੂਪ ਵਿਚ ਕੀਤੀ ਜਾਣ ਵਾਲੀ ਬਾਲ-ਸਭਾ ਜਿੱਥੇ ਵਿਦਿਆਰਥੀ ਨੂੰ ਆਪਣਿਆਂ ਵਿਚ ਆਪਣੀ ਗੱਲ ਕਹਿ ਕੇ ਮਾਣ ਮਹਿਸੂਸ ਕਰਵਾਉਂਦੀ ਸੀ, ਉੱਥੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਕੇ ਬਿਗਾਨਿਆਂ (ਬਾਹਰਲੇ ਵਿਸ਼ਾਲ ਇਕੱਠਾਂ) ਦੇ ਸਨਮੁੱਖ ਹੋਣ ਦੇ ਸਮਰੱਥ ਵੀ ਬਣਾਉਂਦੀ ਸੀ ਇਸ ਸਭਾ ਵਿਚ ਹੀ ਪਹਿਲਾਂ ਸਕੂਲ ਦੇ ਗੁਣਵਾਨ ਬੱਚਿਆਂ ਨੂੰ ਤਲਾਸ਼ਿਆ ਜਾਂਦਾ ਸੀ ਤੇ ਇਸ ਤਲਾਸ਼ੀ ਤੋਂ ਬਾਅਦ ਯੋਗ ਅਧਿਆਪਕਾਂ ਦੁਆਰਾ ਤਰਾਸ਼ਿਆ ਜਾਂਦਾ ਸੀ ਇਸ ਤਰ੍ਹਾਂ ਸਕੂਲ-ਸਭਾਵਾਂ ਵਿਚੋਂ ਤਲਾਸ਼ੇ ਤੇ ਅਧਿਆਪਕਾਂ ਦੁਆਰੇ ਤਰਾਸ਼ੇ ਵਿਦਿਆਰਥੀ ਜ਼ਿੰਦਗੀ ਵਿਚ ਕਈ ਵੱਡ-ਅਕਾਰੀਆਂ ਤੇ ਨਿਆਰੀਆਂ ਪ੍ਰਾਪਤੀ ਦੇ ਹੱਕਦਾਰ ਬਣ ਜਾਂਦੇ ਸਨ l

ਸਕੂਲ ਦੀ ਬਾਲ-ਸਭਾ ਦਾ ਇੱਕ ਹਾਸਲ ਇਹ ਵੀ ਰਿਹਾ ਹੈ ਕਿ ਇਹ ਵਿਦਿਆਰਥੀਆਂ ਵਿਚਲੀ ਹਫ਼ਤਾ ਭਰ (ਜੋ ਅਕਸਰ ਬੋਝਲ ਤੇ ਔਖਿਆਲੇ ਪਾਠਕ੍ਰਮ ਕਰਕੇ ਪੈਦਾ ਹੁੰਦੀ ਹੈ) ਦੀ ਉਕਤਾਹਟ ਨੂੰ ਕੁਝ ਸਮੇਂ ਲਈ ਰੌਚਿਕ ਤੇ ਹੁਸੀਨ ਪਲਾਂ ਵਿਚ ਬਦਲ ਦਿੰਦੀ ਸੀ ਇਸ ਸਭਾ ਵਿਚ ਹਾਜ਼ਰੀ ਭਰ ਕੇ ਸਕੂਲ ਦੇ ਪਾੜ੍ਹੇ-ਪਾੜ੍ਹੀਆਂ ਆਪਣੇ-ਆਪ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਸਨ ਇਹ ਤਾਜ਼ਗੀ ਉਨ੍ਹਾਂ ਨੂੰ ਅਗਲੇ ਹਫ਼ਤੇ ਲੱਗਣ ਵਾਲੀਆਂ ਜਮਾਤਾਂ ਵਿਚ ਗਿਆਨ-ਵਿਗਿਆਨ ਦੀਆਂ ਗੱਲਾਂ ਨੂੰ ਸੁਣਨ ਤੇ ਸਮਝਣ ਲਈ ਊਰਜਾ ਪ੍ਰਦਾਨ ਕਰਦੀ ਸੀ ਇਸ ਊਰਜਾ ਦੀ ਬਾਦੌਲਤ ਹੀ ਉਹ ਵਿੱਦਿਆ ਨੂੰ ਵਿਚਾਰਨ ਅਤੇ ਪਰਉਪਕਾਰਨ ਲਈ ਤੱਤਪਰ ਰਹਿੰਦੇ ਸਨ l

ਸਕੂਲ ਦੀ ਬਾਲ-ਸਭਾ ਵਿਦਿਆਰਥੀ ਵਰਗ ਨੂੰ ਇੱਕ ਅਪਣੱਤਮਈ ਮਾਹੌਲ ਪ੍ਰਾਦਾਨ ਕਰਦੀ ਸੀ ਜਿਹੜਾ ਉਨ੍ਹਾਂ ਦੇ ਬਿਆਨਾਤਮਿਕ ਅਤੇ ਪ੍ਰਦਰਸ਼ਨਾਤਮਿਕ ਪੱਖ ਨੂੰ ਮਜ਼ਬੂਤ ਕਰਦਾ ਸੀ ਇਹ ਪੱਖ ਜਿੱਥੇ ਉਨ੍ਹਾਂ ਦੇ ਸਤਿਕਾਰ ਵਿਚ ਵਾਧਾ ਕਰਦਾ ਸੀ, ਉੱਥੇ ਉਨ੍ਹਾਂ ਦੀ ਪਹਿਚਾਣ ਨੂੰ ਵੀ ਅੱਡਰਿਉਂਦਾ ਸੀ ਇਸ ਅੱਡਰੀ ਪਹਿਚਾਣ ਸਦਕਾ ਹੀ ਉਹ ਸਕੂਲ ਵੱਲੋਂ ਦਿੱਤੀਆਂ ਜਾਂਦੀਆਂ ਕਈ ਰਿਆਇਤਾਂ/ਸਹੂਲਤਾਂ ਦੇ ਭਾਗੀਦਾਰ ਵੀ ਬਣ ਜਾਂਦੇ ਸਨl

ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀ ਵੀ ਆਮ ਤੌਰ ’ਤੇ ਸਕੂਲ ਵਿਚ ਲਗਾਤਾਰਤਾ ਨਾਲ ਲਾਈ ਜਾਣ ਵਾਲੀ ਬਾਲ- ਸਭਾ ਦੀ ਹੀ ਪੈਦਾਵਾਰ ਹੁੰਦੇ ਸਨ ਜੋ ਇਨ੍ਹਾਂ ਮੁਕਾਬਲਿਆਂ ’ਚ ਆਪਣੀਆਂ ਬਿਹਤਰੀਨ ਪੇਸ਼ਕਾਰੀਆਂ ਲਈ ਮਾਣ-ਸਨਮਾਨ ਹਾਸਲ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਸਨl

ਇਸ ਸਭਾ ’ਚੋਂ ਲੱਗੀ ਹੋਈ ਜਾਗ ਹੀ ਵਿਦਿਆਰਥੀਆਂ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ-ਮੇਲਿਆਂ ਵਿਚ ਸ਼ਲਾਘਾਯੋਗ ਭੂਮਿਕਾ ਅਦਾ ਕਰਨ ਦੇ ਕਾਬਲ ਬਣਾ ਦਿੰਦੀ ਸੀ ਅਤੇ ਉਹ ਟਰਾਫੀਆਂ, ਸ਼ੀਲਡਾਂ ਤੇ ਮੈਡਲਾਂ ਨਾਲ ਨਿਵਾਜੇ ਜਾਂਦੇ ਸਨ ਅਜੋਕੇ ਸਮੇਂ ਸਕੂਲਾਂ (ਵਿਸ਼ੇਸ਼ ਕਰਕੇ ਸਰਕਾਰੀ) ਵਿਚ ਬਾਲ-ਸਭਾ ਦਾ ਰਿਵਾਜ ਬਿਲਕੁਲ ਖਤਮ ਹੋ ਕੇ ਰਹਿ ਗਿਆ ਹੈ ਹੁਣ ਸਕੂਲ ਦੀ ਸਮਾਂ-ਸਾਰਣੀ ਵਿਚ ਇਸ ਸਭਾ ਦੀ ਕੋਈ ਵਿਸ਼ੇਸ਼ ਵਿਵਸਥਾ ਨਹੀਂ ਕੀਤੀ ਜਾਂਦੀ ਅਧਿਆਪਕ ਗ਼ੈਰ-ਵਿੱਦਿਅਕ ਕੰਮਾਂ ਦੇ ਬੋਝ ਥੱਲੇ ਦੱਬੇ ਹੋਏ ਹਨ ਤੇ ਵਿਦਿਆਰਥੀ ਨਵੀਂ ਟੈਕਨਾਲੋਜੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ ਇਸ ਤਰ੍ਹਾਂ ਦੇ ਅਣਸੁਖਾਵੇਂ ਤੇ ਘੁੱਟਵੇਂ ਮਾਹੌਲ ਵਿਚ ਭਲਾ ਕੋਈ ਸਕੂਲ ਕਲਾਕਾਰ, ਨਾਟਕਕਾਰ ਤੇ ਸਾਹਿਤਕਾਰ ਕਿਵੇਂ ਪੈਦਾ ਕਰ ਸਕਦਾ ਹੈ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ