‘ਟਕਸਾਲੀ’ ਕਾਂਗਰਸੀ ਰਹਿ ’ਗੇ ਪਿੱਛੇ, 8-10 ਸਾਲ ਪਹਿਲਾਂ ਆਏ ਸਿੱਧੂ-ਚੰਨੀ ਮੁੱਖ ਮੰਤਰੀ ਦੀ ਦੌੜ ’ਚ ਅੱਗੇ

Sidhu-Channi, Sidhu & Channi

ਲਾਲ ਸਿੰਘ, ਰਾਜਿੰਦਰ ਕੌਰ ਭੱਠਲ, ਪ੍ਰਤਾਪ ਬਾਜਵਾ, ਸੁਨੀਲ ਜਾਖੜ ਅਤੇ ਬ੍ਰਹਮ ਮਹਿੰਦਰਾਂ ਬਾਰੇ ਨਹੀਂ ਚਰਚਾ

  • 40 ਸਾਲ ਪੁਰਾਣੇ ਸ਼ਮਸ਼ੇਰ ਦੂਲੋਂ ਅਤੇ ਅੰਬਿਕਾ ਸੋਨੀ ਤੋਂ ਇਲਾਵਾ ਮਹਿੰਦਰ ਕੇਪੀ ਵੀ ਕਾਂਗਰਸ ਪਾਰਟੀ ’ਚ 

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਜਾਂ ਫਿਰ ਮੁੱਖ ਮੰਤਰੀ ਕਿਹੜਾ ਬਣੇਗਾ। ਇਸ ਸਬੰਧੀ ਕਾਂਗਰਸ ਪਾਰਟੀ ਵਿੱਚ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਿੱਚ ਹੀ ਦੌੜ ਲੱਗੀ ਹੋਈ ਹੈ। ਪਹਿਲੀ ਕਤਾਰ ਵਿੱਚ ਤੇਜ਼ੀ ਨਾਲ ਦੌੜ ਰਹੇ ਇਹ ਦੋਵੇਂ ਮੁੱਖ ਮੰਤਰੀ ਦੇ ਚਿਹਰੇ ਸਿਰਫ਼ 8-10 ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਆਏ ਹਨ ਅਤੇ ਹੁਣ ਇੱਕ ਵਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਚੁੱਕਿਆ ਹੈ ਅਤੇ ਮੁੜ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ , ਦੂਜਾ ਨਵਜੋਤ ਸਿੱਧੂ ਮੁੱਖ ਮੰਤਰੀ (Sidhu & Channi ) ਦੀ ਦੌੜ ਵਿੱਚ ਆਪਣੇ ਆਪ ਨੂੰ ਸਭ ਤੋਂ ਅੱਗੇ ਰੱਖ ਕੇ ਚੱਲ ਰਿਹਾ ਹੈ ਅਤੇ ਪਾਰਟੀ ਪ੍ਰਧਾਨ ਵੀ ਬਣ ਚੁੱਕਿਆ ਹੈ।

ਇਸ ਮੁੱਖ ਮੰਤਰੀ ਦੀ ਦੌੜ ਵਿੱਚ ਸਿਰਫ਼ 6-7 ਸਾਲ ਪਹਿਲਾਂ ਹੀ ਕਾਂਗਰਸ ’ਚ ਸ਼ਾਮਲ ਹੋਏ ਦੋਵਾਂ ਲੀਡਰਾਂ ਦੇਖਿਆ ਜਾ ਰਿਹਾ ਹੈ ਪਰ ਉਨ੍ਹਾਂ ‘ਟਕਸਾਲੀ’ ਕਾਂਗਰਸੀ ਲੀਡਰਾਂ ਬਾਰੇ ਕੋਈ ਨਹੀਂ ਸੋਚ ਰਿਹਾ ਹੈ ਜਾਂ ਫਿਰ ਇੰਝ ਕਹੀਏ ਕਿ ਉਹ ਦੌੜ ਵਿੱਚ ਹੀ ਨਹੀਂ ਹਨ, ਜਿਹੜੇ ਕਿ ਕਾਂਗਰਸ ਪਾਰਟੀ ਵਿੱਚ ਪਿਛਲੇ 40 ਤੋਂ 50 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਕਦੇ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਹੀ ਨਹੀਂ ਗਏ ਹਨ। ਕੁਝ ਇਹੋ ਜਿਹੇ ਲੀਡਰ ਵੀ ਹਨ, ਜਿਨ੍ਹਾਂ ਦੇ ਮਾਪਿਆਂ ਨੇ ਵੀ ਕਾਂਗਰਸ ਪਾਰਟੀ ਵਿੱਚ ਹੀ ਕੰਮ ਕਰਦੇ ਹੋਏ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਨ੍ਹਾਂ ਦੇ ਪੁੱਤਰ ਬਤੌਰ ‘ਟਕਸਾਲੀ’ ਕਾਂਗਰਸੀ ਇਸ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ ਪਰ ਉਨ੍ਹਾਂ ਨੂੰ ਵੀ ਇਸ ਦੌੜ ਵਿੱਚੋਂ ਬਾਹਰ ਰੱਖਿਆ ਜਾ ਰਿਹਾ ਹੈ।  Sidhu & Channi

ਮਹਿਲਾਵਾਂ ਵਿੱਚ ਰਾਜਿੰਦਰ ਕੌਰ ਭੱਠਲ ਅਤੇ ਅੰਬਿਕਾ ਸੋਨੀ ਦਾ ਇਤਿਹਾਸ ਹੀ ਕਾਂਗਰਸੀ ਪਰਿਵਾਰ ਰਿਹਾ (Sidhu & Channi )

ਮਹਿਲਾਵਾਂ ਵਿੱਚ ਰਾਜਿੰਦਰ ਕੌਰ ਭੱਠਲ ਅਤੇ ਅੰਬਿਕਾ ਸੋਨੀ ਦਾ ਇਤਿਹਾਸ ਹੀ ਕਾਂਗਰਸੀ ਪਰਿਵਾਰ ਰਿਹਾ ਹੈ। ਰਾਜਿੰਦਰ ਕੌਰ ਭੱਠਲ ਇੱਕ ਵਾਰ ਮੁੱਖ ਮੰਤਰੀ ਅਤੇ ਇੱਕ ਵਾਰ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ ਪਰ ਉਨ੍ਹਾਂ ਬਾਰੇ ਕੋਈ ਚਰਚਾ ਹੀ ਨਹੀਂ ਕਰਦਾ ਹੈ ਕਿ ਉਨ੍ਹਾਂ ਨੂੰ ਸੰਭਾਵੀ ਮੁੱਖ ਮੰਤਰੀ ਦੀ ਦੌੜ ਵਿੱਚ ਰੱਖਿਆ ਜਾਵੇ।

ਇਸ ਤਰੀਕੇ ਨਾਲ ਹੀ ਅੰਬਿਕਾ ਸੋਨੀ ਪੰਜਾਬ ਨਾਲ ਤਾਲੁਕਾਤ ਰੱਖਦੇ ਹੋਏ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਕਾਂਗਰਸ ਪਾਰਟੀ ਦੇ ਨਾਂਅ ਕਰ ਦਿੱਤੀ ਹੈ ਪਰ ਉਨ੍ਹਾਂ ਦਾ ਜਿਕਰ ਮੁੱਖ ਮੰਤਰੀ ਬਾਰੇ ਨਹੀਂ ਆਇਆ ਹੈ ਅਤੇ ਉਹ ਬਤੌਰ ਟਕਸਾਲੀ ਕਾਂਗਰਸੀ ਇਸ ਸਮੇਂ ਗਾਂਧੀ ਪਰਿਵਾਰ ਦੇ ਸਭ ਤੋਂ ਨਜਦੀਕੀ ਹਨ, ਫਿਰ ਵੀ ਉਨਾਂ ਦਾ ਨਾਅ ਚਰਚਾ ਤੱਕ ਵਿੱਚ ਨਹੀਂ ਹੈ। ਇਥੇ ਹੀ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦਾ ਨਾਂਅ ਕੋਈ ਵੀ ਲੈਣਾ ਨਹੀਂ ਚਾਹੁੰਦਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਤਾਂ ਦੂਰ ਦੀ ਗੱਲ, ਉਨ੍ਹਾਂ ਬਾਰੇ ਚਰਚਾ ਤੱਕ ਨਹੀਂ ਕੀਤੀ ਜਾ ਰਹੀ ਹੈ। ਪ੍ਰਤਾਪ ਬਾਜਵਾ ਵੀ ਟਕਸਾਲੀ ਕਾਂਗਰਸੀ ਹਨ।

ਮਾਰਗ ਦਰਸ਼ਕ ਬਣ ਕੇ ਰਹਿ ’ਗੇ ਸ਼ਮਸ਼ੇਰ ਦੂਲੋਂ

ਸ਼ਮਸ਼ੇਰ ਸਿੰਘ ਦੂਲੋਂ ਕਾਂਗਰਸ ਪਾਰਟੀ ਦੇ ਸਭ ਤੋਂ ਪੁਰਾਣੇ ਲੀਡਰਾਂ ਵਿੱਚ ਆਉਂਦੇ ਹਨ ਅਤੇ ਉਹ ਰਾਜ ਸਭਾ ਮੈਂਬਰ ਦੇ ਨਾਲ ਹੀ 2 ਵਾਰ ਖੰਨਾ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਅਤੇ ਸੂਬਾ ਪ੍ਰਧਾਨਗੀ ਵੀ ਸੰਭਾਲਦੇ ਹੋਏ ਕਾਂਗਰਸ ਲਈ ਕੰਮ ਕੀਤਾ ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਕਰਨਾ ਤਾਂ ਦੂਰ, ਉਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ।

ਸ਼ਮਸ਼ੇਰ ਦੂਲੋਂ ਕਾਂਗਰਸ ਪਾਰਟੀ ਵਿੱਚ ਉਸ ਤਰੀਕੇ ਦੇ ਮਾਰਗ ਦਰਸ਼ਕ ਬਣ ਕੇ ਰਹਿ ਗਏ ਹਨ, ਜਿਨ੍ਹਾਂ ਦੇ ਦੱਸੇ ਰਸਤੇ ’ਤੇ ਕੋਈ ਚੱਲਣ ਨੂੰ ਵੀ ਤਿਆਰ ਨਹੀਂ ਹੈ। ਸ਼ਮਸ਼ੇਰ ਦੂਲੋਂ ਕੋਲ ਤਜ਼ਰਬਾ ਤਾਂ ਜ਼ਰੂਰ ਹੈ ਪਰ ਮੁੱਖ ਮੰਤਰੀ ਦੀ ਦੌੜ ਤੋਂ ਬਾਹਰ ਹਨ।

ਕਦੇ ਸੁਨੀਲ ਜਾਖੜ (Sunil Jakhar) ਨੂੰ ਵਿਰਾਸਤ ਦੇਣ ਦੀ ਹੁੰਦੀ ਸੀ ਗੱਲ

ਕਾਂਗਰਸ ਪਾਰਟੀ ਦੇ ਸੀਨੀਅਰ ਦਿੱਗਜ਼ ਲੀਡਰਾਂ ਵਿੱਚ ਸੁਨੀਲ ਜਾਖੜ ਸ਼ਾਮਲ ਹਨ ਅਤੇ ਅਮਰਿੰਦਰ ਸਿੰਘ ਵੱਲੋਂ ਚੋਣ ਰੈਲੀਆਂ ਦੌਰਾਨ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਜਦੋਂ ਉਹ ਸਿਆਸਤ ਵਿੱਚੋਂ ਸਨਿਆਸ ਲੈਣਗੇ ਤਾਂ ਮੁੱਖ ਮੰਤਰੀ ਦੀ ਵਿਰਾਸਤ ਨੂੰ ਸੁਨੀਲ ਜਾਖੜ ਸੰਭਾਲਨਗੇ। ਅਮਰਿੰਦਰ ਸਿੰਘ ਦਾ ਕਿਹਾ ਸੱਚ ਵੀ ਹੋਣ ਜਾ ਰਿਹਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਵੀ ਬਣਾਇਆ ਜਾ ਰਿਹਾ ਸੀ ਪਰ ਹਿੰਦੂ ਕਾਰਡ ਨੇ ਖੇਡ ਖ਼ਰਾਬ ਕੀਤੀ ਤਾਂ ਹੁਣ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਦੌੜ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਲਾਲ ਸਿੰਘ ਅਤੇ ਬ੍ਰਹਮ ਮਹਿੰਦਰਾ ਬਣੇ ਸਨਿਆਸੀ, ਨਹੀਂ ਮਿਲੀ ਕੁਰਸੀ

(Lal Singh) ਲਾਲ ਸਿੰਘ ਅਤੇ ਬ੍ਰਹਮ ਮਹਿੰਦਰਾ ਕਾਂਗਰਸ ਪਾਰਟੀ ਦੇ ਵੱਡੇ ਦਿੱਗਜ਼ ਲੀਡਰਾਂ ਦੇ ਨਾਲ ਟਕਸਾਲੀ ਕਾਂਗਰਸੀਆਂ ਦੀ ਲਾਈਨ ਵਿੱਚ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਇਨ੍ਹਾਂ ਦੋਵਾਂ ਲੀਡਰਾਂ ਨੂੰ ਕਦੇ ਸਰਕਾਰ ਵਿੱਚ ਵੱਡਾ ਅਹੁਦਾ ਮਿਲਣ ਦੀ ਆਸ ਸੀ ਪਰ ਇਹ ਦੋਵੇਂ ਵੱਡੇ ਅਹੁਦੇ ਦੀ ਆਸ ਨਾਲ ਹੀ ਸਨਿਆਸੀ ਬਣ ਗਏ ਅਤੇ ਟਿਕਟ ਨਾ ਲੈਂਦੇ ਹੋਏ ਸਿਆਸਤ ਵਿੱਚੋਂ ਹੀ ਬਾਹਰ ਹੋ ਗਏ।

ਇਨ੍ਹਾਂ ਨੂੰ ਮੁੱਖ ਮੰਤਰੀ ਤਾਂ ਦੂਰ ਉਪ ਮੁੱਖ ਮੰਤਰੀ ਤੱਕ ਨਹੀਂ ਬਣਾਇਆ ਗਿਆ। ਬ੍ਰਹਮ ਮਹਿੰਦਰਾਂ ਨੂੰ ਮੁੱਖ ਮੰਤਰੀ ਬਣਾਏ ਜਾਣ ਸਬੰਧੀ ਐਲਾਨ ਵੀ ਕਰ ਦਿੱਤਾ ਗਿਆ ਸੀ ਪਰ ਆਖਰੀ ਮੌਕੇ ਉਨ੍ਹਾਂ ਦਾ ਨਾਅ ਕੱਟ ਦਿੱਤਾ ਗਿਆ, ਜਦੋਂਕਿ ਮੁੱਖ ਮੰਤਰੀ ਦਾ ਚੇਹਰਾ ਬਣਾਉਣਾ ਤਾਂ ਦੂਰ ਦੀ ਗੱਲ ਹੈ।

ਚੰਨੀ 10 ਤਾਂ ਸਿੱੱਧੂ 6 ਸਾਲ ਪਹਿਲਾਂ ਪਾਰਟੀ ’ਚ ਆਏ, ਖੁੱਲ੍ਹ ’ਗੀ ਲਾਟਰੀ (Sidhu & Channi)

ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵਿੱਚ 10 ਸਾਲ ਪਹਿਲਾਂ ਹੀ ਸ਼ਾਮਲ ਹੋਏ ਸਨ ਅਤੇ 2007 ਵਿੱਚ ਚਰਨਜੀਤ ਸਿੰਘ ਚੰਨੀ ਵੱਲੋਂ ਆਜ਼ਾਦ ਚੋਣ ਲੜਦੇ ਹੋਏ 5 ਸਾਲ ਤੱਕ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਹੀ ਭੁਗਤਦੇ ਆਏ ਪਰ 2012 ਦੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਤੋਂ ਬਾਅਦ 2015 ਵਿੱਚ ਉਹ ਵਿਰੋਧੀ ਧਿਰ ਦੇ ਆਗੂ ਬਣੇ ਤਾਂ 2021 ਵਿੱਚ ਮੰਤਰੀ ਵੀ ਬਣ ਗਏ।

ਚਰਨਜੀਤ ਸਿੰਘ ਚੰਨੀ ਦੀ ਤਰ੍ਹਾਂ ਨਵਜੋਤ ਸਿੱਧੂ ਦੀ ਵੀ ਲਾਟਰੀ ਖੁੱਲ੍ਹ ਗਈ ਹੈ। ਨਵਜੋਤ ਸਿੱੱਧੂ ਕਾਂਗਰਸ ਪਾਰਟੀ ਵਿੱਚ 2016 ਦੌਰਾਨ ਸ਼ਾਮਲ ਹੋਏ ਸਨ ਅਤੇ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਮੰਤਰੀ ਬਣੇ ਅਤੇ ਹੁਣ ਕਾਂਗਰਸ ਪ੍ਰਧਾਨ ਬਣਨ ਦੇ ਨਾਲ ਹੀ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ