ਆਪਾਂ ਤਾਂ ਕਾਲਜੋਂ ਸਿੱਧਾ ਖੇਤ ਨੂੰ ਜਾਂਦੇ ਹੁੰਦੇ ਸੀ

0
College, Field

ਬਿੰਦਰ ਸਿੰਘ ਖੁੱਡੀ ਕਲਾਂ

ਪਿੰਡ ਦੇ ਸਰਕਾਰੀ ਸਕੂਲ ਤੋਂ ਸਾਰੀ ਜਮਾਤ ‘ਚੋਂ ਅੱਵਲ ਰਹਿ ਕੇ ਦਸਵੀਂ ਜਮਾਤ ਕਰਨ ਉਪਰੰਤ ਐੱਸ. ਡੀ. ਕਾਲਜ ਬਰਨਾਲਾ ਵਿਖੇ ਪਲੱਸ ਵਨ ਨਾਨ ਮੈਡੀਕਲ ‘ਚ ਦਾਖਲਾ ਲੈ ਲਿਆ। ਪਿੰਡੋਂ ਕਾਲਜ ‘ਚ ਦਾਖਲਾ ਲੈਣ ਵਾਲਾ ਮੈਂ ਇਕੱਲਾ ਹੀ ਸੀ। ਸਾਰਾ ਮਾਹੌਲ ਬਦਲਿਆ-ਬਦਲਿਆ ਲੱਗੇ, ਨਾ ਪੁਰਾਣੇ ਸਾਥੀ ਨਾ ਪੁਰਾਣੇ ਅਧਿਆਪਕ ਅਤੇ ਨਾ ਹੀ ਅਧਿਆਪਕਾਂ ਦੀ ਘੂਰ-ਘੱਪ। ਪੜ੍ਹਨਾ ਹੈ ਪੜ੍ਹੋ ਨਹੀਂ ਪੜ੍ਹਨਾ ਤਾਂ ਥੋਡੀ ਮਰਜ਼ੀ। ਸ਼ਹਿਰ ਦਾ ਕਾਲਜ ਮੇਰੇ ਪਿੰਡੋਂ ਤਕਰੀਬਨ ਪੰਜ ਕੁ ਕਿਲੋਮੀਟਰ ਦੀ ਦੂਰੀ ‘ਤੇ ਸੀ।

ਬੱਸ ਸਰਵਿਸ ਸਾਡੇ ਪਿੰਡ ਨੂੰ ਆਜ਼ਾਦੀ ਤੋਂ ਬਾਅਦ ਅੱਜ ਤੱਕ ਨਸੀਬ ਨਹੀਂ ਹੋਈ। ਉਨ੍ਹੀਂ ਦਿਨੀਂ ਜਗਾੜੂ ਘੜੁੱਕੇ ਲੋਕਾਂ ਦੀ ਆਵਾਜਾਈ ਦਾ ਮੁੱਖ ਸਾਧਨ ਸਨ ਤੇ ਅੱਜ-ਕੱਲ੍ਹ ਥ੍ਰੀ ਵ੍ਹੀਲਰ ਮੁੱਖ ਸਾਧਨ ਹਨ। ਪਰ ਇਨ੍ਹਾਂ ਦੇ ਆਉਣ-ਜਾਣ ਦਾ ਸਮਾਂ ਨਾ ਉਦੋਂ ਨਿਸ਼ਚਿਤ ਸੀ ਅਤੇ ਨਾ ਅੱਜ। ਮੈਂ ਸਾਈਕਲ ‘ਤੇ ਕਾਲਜ ਆਉਂਦਾ ਹੁੰਦਾ ਸੀ। ਮੈਂ ਇਕੱਲਾ ਨਹੀਂ ਕਾਲਜ ਦੇ ਹੋਰ ਵੀ ਬਹੁਤੇ ਮੁੰਡੇ-ਕੁੜੀਆਂ ਆਪੋ-ਆਪਣੇ ਸਾਈਕਲਾਂ ‘ਤੇ ਜਾਂ ਫਿਰ ਬੱਸ ‘ਤੇ ਕਾਲਜ ਆਉਂਦੇ ਹੁੰਦੇ ਸਨ। ਸਕੂਟਰ ਜਾਂ ਮੋਟਰਸਾਈਕਲ ‘ਤੇ ਤਾਂ ਸਿਰਫ ਅਧਿਆਪਕ ਆਉਂਦੇ ਸਨ।

ਉਨ੍ਹੀਂ ਦਿਨੀਂ ਕਾਲਜ ‘ਚ ਵਿਦਿਆਰਥੀ ਯੂਨੀਅਨਾਂ ਦਾ ਬੜਾ ਦਬਦਬਾ ਹੁੰਦਾ ਸੀ। ਪਹਿਲਾਂ ਪੰਜਾਬ ਸਟੂਡੈਂਟ ਯੂਨੀਅਨ ਦਾ ਜ਼ੋਰ ਸੀ ਅਤੇ ਜਦੋਂ ਅਸੀਂ ਕਾਲਜ ‘ਚ ਦਾਖਲ਼ਾ ਲਿਆ ਤਾਂ ਉਸ ਸਮੇਂ ਤੱਕ ਮਾਨ ਗਰੁੱਪ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਰਾਬਰ ਦੇ ਉਭਾਰ ‘ਤੇ ਆ ਗਏ ਸਨ। ਉਨ੍ਹੀਂ ਦਿਨੀਂ ਕਾਲਜਾਂ ਵਿੱਚ ਹੜਤਾਲਾਂ ਵੀ ਬਹੁਤ ਹੁੰਦੀਆਂ ਸਨ। ਮਸਾਂ ਇੱਕ ਜਾਂ ਦੋ ਪੀਰੀਅਡ ਲੱਗਣੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰਿਆਂ ਅਤੇ ਜਾਂ ਫਿਰ ਜੈਕਾਰਿਆਂ ਦੀਆਂ ਆਵਾਜ਼ਾਂ ਜਮਾਤਾਂ ਵੱਲ ਵਧਣ ਲੱਗਦੀਆਂ। ਜਥੇਬੰਦੀ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਅਧਿਆਪਕਾਂ ਨੇ ਜਮਾਤਾਂ ਵਿੱਚੇ ਛੱਡ ਦੇਣੀਆਂ।

ਬਾਹਰ ਆ ਕੇ ਪਤਾ ਲੱਗਣਾ ਕਿ ਅੱਜ ਕਿਸ ਗੱਲੋਂ ਹੜਤਾਲ ਹੋਈ ਹੈ। ਬਹੁਤੇ ਮਾਮਲੇ ਬੱਸਾਂ ਨਾਲ ਸਬੰਧਿਤ ਹੁੰਦੇ ਸਨ। ਕਦੇ ਬੱਸ ਵਾਲਿਆਂ ਨੇ ਪਿੰਡ ਖੜ੍ਹੇ ਕਾਲਜੀਏਟ ਮੁੰਡੇ-ਕੁੜੀਆਂ ਨੂੰ ਨਾ ਚੜ੍ਹਾਉਣਾ ਅਤੇ ਜਾਂ ਫਿਰ ਕਦੇ ਕਾਲਜ ਦੇ ਗੇਟ ਸਾਹਮਣੇ ਨਾ ਉਤਾਰਨਾ। ਕਦੇ-ਕਦੇ ਜਬਰਦਸਤੀ ਟਿਕਟ ਕੱਟਣ ਦਾ ਜਾਂ ਫਿਰ ਕੰਡਕਟਰ ਵਗੈਰਾ ਵੱਲੋਂ ਕਾਲਜ ਪੜ੍ਹਨ ਆਉਂਦੀ ਕਿਸੇ ਕੁੜੀ ਨਾਲ ਸ਼ਰਾਰਤਬਾਜ਼ੀ ਦਾ ਮਾਮਲਾ ਵੀ ਹੁੰਦਾ ਸੀ। ਪੇਪਰਾਂ ਦੇ ਨੇੜੇ ਲੈਕਚਰ ਸ਼ਾਰਟ ਹੋਣ ਦੇ ਜਾਂ ਫਿਰ ਹੋਰ ਦਾਖਲਿਆਂ ਆਦਿ ਨਾਲ ਸਬੰਧਿਤ ਮੁੱਦੇ ਹੁੰਦੇ ਸਨ। ਬੱਸ ਕੰਡਕਟਰਾਂ ਨਾਲ ਤਾਂ ਜਥੇਬੰਦੀ ਵਾਲੇ ਬਹੁਤਾ ਕਸੂਤਾ ਨਿਬੇੜਾ ਕਰਦੇ ਹੁੰਦੇ ਸਨ। ਕਸੂਰਵਾਰ ਸਮਝੇ ਜਾਣ ਵਾਲੇ ਕੰਡਕਟਰ ਨੂੰ ਗੇਟ ਤੋਂ ਕੁੱਟਦੇ ਲਿਆਉਂਦੇ ਅਤੇ ਕਾਲਜ ਦੇ ਵਿਹੜੇ ‘ਚ ਬਣੀ ਸਟੇਜ ‘ਤੇ ਖੜ੍ਹਾ ਕੇ ਮੁਆਫੀ ਮੰਗਵਾਉਣੀ ਨਿੱਤ ਦਾ ਹੀ ਕੰਮ ਸੀ।

ਇਸ ਤਰ੍ਹਾਂ ਦੇ ਮੁੱਦਿਆਂ ‘ਤੇ ਹੜਤਾਲ ਦੌਰਾਨ ਬਹੁਤੇ ਮੁੰਡੇ ਘੰਟਾ ਦੋ ਘੰਟੇ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿਨੇਮੇ ‘ਚ ਫਿਲਮ ਵੇਖਣ ਜਾ ਵੜਦੇ ਜਾਂ ਸ਼ਹਿਰ ‘ਚ ਅਵਾਰਾਗਰਦੀ ਕਰਦੇ ਰਹਿੰਦੇ। ਕਈ ਵਾਰ ਤਾਂ ਸ਼ਰਾਰਤੀ ਮੁੰਡੇ ਫਿਲਮ ਵੇਖਣ ਦੇ ਮਾਰੇ ਵੀ ਯੂਨੀਅਨ ਵਾਲਿਆਂ ਤੋਂ ਹੜਤਾਲ ਕਰਵਾ ਲੈਂਦੇ ਸਨ। ਪਰ ਮੈਂ ਯੂਨੀਅਨ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਉਪਰੰਤ ਸਿੱਧਾ ਘਰ ਨੂੰ ਆ ਜਾਂਦਾ ਤੇ ਘਰੋਂ ਚਾਹ-ਪਾਣੀ ਪੀ ਕੇ ਸਿੱਧਾ ਖੇਤ ਚਲਿਆ ਜਾਣਾ। ਉਨ੍ਹੀਂ ਦਿਨੀਂ ਘਰ ਦੇ ਤਕਰੀਬਨ ਸਾਰੇ ਮੈਂਬਰ ਹੀ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਹੁੰਦੇ ਸਨ। ਜੇਕਰ ਖੇਤ ਨਰਮਾ-ਕਪਾਹ ਚੁਗਦੇ ਹੋਣਾ ਤਾਂ ਮੈਂ ਵੀ ਨਾਲ ਈ ਝੋਲੀ ਬੰਨ੍ਹ ਨਰਮਾ ਕਪਾਹ ਚੁਗਣ ਲੱਗ ਜਾਣਾ। ਕਈ ਵਾਰ ਨਾਲ ਦੇ ਸਾਥੀਆਂ ਨੇ ਸਿਨੇਮੇ ਜਾਣ ਲਈ ਜ਼ੋਰ ਪਾਉਣਾ ਪਰ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਪਿੰਡ ਖਿਸਕ ਜਾਣਾ। ਉਨ੍ਹੀਂ ਦਿਨੀਂ ਚਮਕੀਲੇ ਦੀ ਗਾਇਕੀ ਬੜੀ ਸਿਖਰਾਂ ‘ਤੇ ਸੀ। ਬਰਨਾਲੇ ਟਰੱਕ ਯੂਨੀਅਨ ਵਿੱਚ ਚਮਕੀਲੇ ਦਾ ਅਖਾੜਾ ਲੱਗਣਾ ਸੀ। ਕਾਲਜ ‘ਚ ਮੁੰਡਿਆਂ ਨੇ ਯੂਨੀਅਨ ਵਾਲਿਆਂ ਤੋਂ ਕਹਿ ਕੇ ਹੜਤਾਲ ਕਰਵਾ ਲਈ ਅਤੇ ਸਾਰੀ ਮੰਡੀਰ ਚਮਕੀਲੇ ਦੇ ਅਖਾੜੇ ਦੀ ਸ਼ੋਭਾ ਵਧਾਉਣ ਆ ਬੈਠੀ। ਪਰ ਮੈਂ ਆਪਣੀ ਆਦਤ ਮੁਤਾਬਿਕ ਸਿੱਧਾ ਖੇਤ ਪੁੱਜ ਗਿਆ।

ਕਣਕ ਦੀਆਂ ਵਾਢੀਆਂ ਦੌਰਾਨ ਆਮ ਤੌਰ ‘ਤੇ ਕਾਲਜ ‘ਚ ਛੁੱਟੀਆਂ ਈ ਹੁੰਦੀਆਂ ਸਨ। ਮੈਂ ਸਾਰੀ ਵਾਢੀ ਵੀ ਪਿਤਾ ਅਤੇ ਚਾਚੇ ਦੇ ਨਾਲ ਈ ਕਰਵਾਉਣੀ। ਪਿਤਾ ਜੀ ਦਿਹਾੜੀਏ ਬੜੇ ਘੱਟ ਲਿਆਉਂਦੇ ਸਨ ਅਸੀਂ ਖੁਦ ਹੀ ਕਈ-ਕਈ ਦਿਨ ਵਾਢੀ ਕਰਕੇ ਸਾਰਾ ਕੰਮ ਨਿਬੇੜ ਲੈਣਾ। ਤੂੜੀ ਵੀ ਅਸੀਂ ਇੱਕ ਬਲਦ ਵਾਲੀ ਰੇਹੜੀ ਨਾਲ ਈ ਢੋਹਣੀ ਕਦੇ-ਕਦੇ ਖੱਚਰ ਰੇਹੜੇ ਵਾਲੇ ਤੋਂ ਇੱਕ-ਦੋ ਗੇੜੇ ਕਿਰਾਏ ‘ਤੇ ਲਵਾ ਲੈਣੇ। ਕਾਲਜ ਤੋਂ ਬਾਅਦ ਪ੍ਰੋਫੈਸ਼ਨਲ ਯੋਗਤਾ ਲਈ ਨਾਭੇ ਦਾਖਲਾ ਲਿਆ ਤਾਂ ਉੱਥੇ ਵੀ ਸਕੂਲਾਂ ਦੇ ਸ਼ਡਿਊਲ ਅਨੁਸਾਰ ਵਾਢੀਆਂ ਦੀਆਂ ਛੁੱਟੀਆਂ ਹੋ ਗਈਆਂ ਅਤੇ ਆਪਾਂ ਸਾਰੀ ਵਾਢੀ ਫਿਰ ਨਾਲ ਕਰਵਾਈ। ਛੁੱਟੀ ਵਾਲੇ ਦਿਨ ਵੀ ਜਿਆਦਾਤਰ ਖੇਤ ਈ ਰਹਿਣਾ। ਸਰਦੀਆਂ ਦੇ ਦਿਨਾਂ ‘ਚ ਬੰਬੀ ਚਲਾ ਕਣਕਾਂ ਨੂੰ ਪਾਣੀ ਵੀ ਲਾਈ ਜਾਣਾ ਅਤੇ ਨਾਲੋ-ਨਾਲ ਪੜ੍ਹਾਈ ਵੀ ਕਰੀ ਜਾਣੀ। ਜਦੋਂ ਅੱਜ-ਕੱਲ੍ਹ ਦੇ ਮੁੰਡਿਆਂ ਵੱਲ ਵੇਖੀਦਾ ਹੈ ਤਾਂ ਬੜੀ ਨਿਰਾਸ਼ਾ ਪੱਲੇ ਪੈਂਦੀ ਹੈ। ਕੰਮ ਸੱਭਿਆਚਾਰ ਦਾ ਤਾਂ ਜਿਵੇਂ ਭੋਗ ਹੀ ਪੈ ਗਿਆ ਹੈ। ਨੌਜਵਾਨਾਂ ਦਾ ਖੇਤਾਂ ‘ਚ ਦਿਲ ਈ ਲੱਗਣੋਂ ਹਟ ਗਿਐ। ਜਿੱਧਰ ਵੇਖੋ ਮੋਬਾਈਲ ਨਾਲ ਚਿੰਬੜੇ ਨੌਜਵਾਨ ਨਜ਼ਰੀਂ ਪੈਂਦੇ ਹਨ। ਮਾਪਿਆਂ ਦੀਆਂ ਅੱਖਾਂ ‘ਚ ਘੱਟਾ ਪਾ ਕੇ ਟੋਲੀਆਂ ਦੀਆਂ ਟੋਲੀਆਂ ਮੁੰਡੇ-ਕੁੜੀਆਂ ਬਾਜ਼ਾਰਾਂ ‘ਚ ਫਿਰਦੇ ਆਮ ਵੇਖੇ ਜਾ ਸਕਦੇ ਹਨ। ਕੋਈ ਵੱਡੇ-ਛੋਟੇ ਦੀ ਹਯਾ ਨਹੀਂ ਰਹੀ। ਪੁਰਾਣੇ ਸਮਿਆਂ ‘ਚ ਪਿੰਡ ਦੇ ਹਰ ਵੱਡੇ ਦਾ ਮਾਪਿਆਂ ਜਿੰਨਾ ਹੀ ਡਰ ਹੁੰਦਾ ਸੀ। ਪਰ ਹੁਣ ਤਾਂ ਬੱਚੇ ਮਾਪਿਆਂ ਤੋਂ ਨਹੀਂ ਡਰਦੇ। ਰਹਿ-ਰਹਿ ਕੇ ਯਾਦ ਆਉਂਦੈ ਆਪਣਾ ਪੁਰਾਣਾ ਸਮਾਂ।

ਸ਼ਕਤੀ ਨਗਰ, ਬਰਨਾਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।