ਆਓ! ਮੀਂਹ ਦੇ ਪਾਣੀ ਨੂੰ ਸੰਭਾਲਣਾ ਸਿੱਖੀਏ

ਰਾਜਸਥਾਨ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀ ਪ੍ਰਚੀਨ ਕਲਾ: ਕੁੰਡ

ਰਾਜਸਥਾਨ ਦਾ ਥਾਰ ਮਾਰੂਥਲ ਖੇਤਰ ਪਾਣੀ ਦੀ ਵੱਡੀ ਕਿੱਲਤ ਵਾਲਾ ਖੇਤਰ ਹੈ। ਇਸ ਖੇਤਰ ਵਿੱਚ ਘੱਟ ਵਰਖ਼ਾ ਹੋਣ ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਇੱਥੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀਆਂ ਪ੍ਰਚੀਨ ਕਾਲ ਤੋਂ ਹੀ ਅਨੇਕ ਵਿਧੀਆਂ ਨੂੰ ਅਪਣਾਇਆ ਜਾ ਰਿਹਾ ਹੈ। ਇਨ੍ਹਾਂ ਵਿਧੀਆਂ ਵਿੱਚ ਹੀ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਕੁੰਡ ਵੀ ਬਣਾਏ ਜਾਂਦੇ ਹਨ। ਰਾਜਸਥਾਨ ਵਿੱਚ ਕਲਾ ਦੇ ਪ੍ਰੇਮੀ ਰਾਜਿਆਂ-ਮਹਾਰਾਜਿਆਂ, ਸੇਠ, ਸ਼ਾਹੂਕਾਰਾਂ ਨੇ ਆਪਣੇ ਪੁਰਖਿਆਂ ਦੀ ਯਾਦ ਵਿੱਚ ਵੀ ਅਜਿਹੇ ਕੁੰਡਾਂ ਦਾ ਨਿਰਮਾਣ ਕਰਵਾਇਆ ਹੈ। ਰਾਜਸਥਾਨ ਵਿੱਚ ਕੁੰਡ ਨਿਰਮਾਣ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਇਤਿਹਾਸਕਾਰਾਂ ਅਨੁਸਾਰ ਸਭ ਤੋਂ ਪਹਿਲਾ ਕੁੰਡ ਸੰਨ 1607 ਵਿੱਚ ਰਾਜਾ ਸੂਰ ਸਿੰਘ ਨੇ ਬਣਵਾਇਆ ਸੀ। ਜੋਧਪੁਰ ਦੇ ਮਹਿੰਦਰਗੜ੍ਹ ਕਿਲੇ ਵਿੱਚ ਵੀ ਸੰਨ 1759 ਵਿੱਚ ਮਹਾਰਾਜ ਉਦੈ ਸਿੰਘ ਨੇ ਅਜਿਹੇ ਕੁੰਡ ਦਾ ਨਿਰਮਾਣ ਕਰਵਾਇਆ ਸੀ।

ਸੰਨ 1895-96 ਵਿੱਚ ਮਹਾਂਕਾਲ ਦੇ ਸਮੇਂ ਅਜਿਹੇ ਕੁੰਡ ਵੱਡੇ ਪੱਧਰ ’ਤੇ ਬਣਾਏ ਗਏ ਸਨ। ਰਾਜਸਥਾਨ ਵਿੱਚ ਸਭ ਤੋਂ ਵੱਡਾ ਕੁੰਡ ਕਰੀਬ 350 ਸਾਲ ਪਹਿਲਾਂ ਜੈਪੁਰ ਦੇ ਜੈਗੜ੍ਹ ਕਿਲੇ ਵਿੱਚ ਬਣਵਾਇਆ ਗਿਆ। ਜਿਸ ਦੀ ਸਮਰੱਥਾ ਲਗਭਗ ਤਿੰਨ ਕਰੋੜ ਲੀਟਰ ਪਾਣੀ ਸੰਭਾਲਣ ਦੀ ਸੀ। ਰਾਜਸਥਾਨ ਦੇ ਬਹੁਤੇ ਖੇਤਰ ਵਿੱਚ ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੈ ਉਨ੍ਹਾਂ ਇਲਾਕਿਆਂ ਵਿੱਚ ਕੁੰਡਾਂ ਦਾ ਨਿਰਮਾਣ ਅੱਜ ਵੀ ਵੱਡੇ ਪੱਧਰ ’ਤੇ ਹੁੰਦਾ ਹੈ। ਇਹ ਕੁੰਡ ਵਿਅਕਤੀਗਤ ਜਾਂ ਸਾਂਝੇ ਪੱਧਰ ’ਤੇ ਬਣਾਏ ਜਾਂਦੇ ਹਨ। ਕਈ ਗਰੀਬ ਪਰਿਵਾਰ ਮਿਲ ਕੇ ਕੁੰਡ ਦਾ ਨਿਰਮਾਣ ਕਰ ਲੈਂਦੇ ਹਨ। ਸਾਂਝੇ ਕੁੰਡ ਪੰਚਾਇਤੀ ਜ਼ਮੀਨ ’ਤੇ ਬਣਾਏ ਜਾਂਦੇ ਹਨ। ਸਮਰੱਥ ਪਰਿਵਾਰ ਆਪਣੇ ਘਰਾਂ ਵਿੱਚ ਜਾਂ ਖੇਤਾਂ ਵਿੱਚ ਖੁਦ ਵੀ ਕੁੰਡਾਂ ਦਾ ਨਿਰਮਾਣ ਕਰਦੇ ਹਨ।

ਬਣਾਵਟ: ਕੁੰਡ ਧਰਤੀ ਵਿੱਚ ਬਣਾਇਆ ਜਾਣ ਵਾਲਾ ਇੱਕ ਤਰ੍ਹਾਂ ਦਾ ਖੂਹ ਹੁੰਦਾ ਹੈ। ਇਸ ਦੇ ਆਸ-ਪਾਸ ਦੇ ਖੇਤਰ ਨੂੰ ਕੁੰਡ ਵੱਲ ਢਾਲੂ ਰੱਖਿਆ ਜਾਂਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਸਾਨੀ ਨਾਲ ਕੁੰਡ ਵੱਲ ਆ ਸਕੇ। ਕੁੰਡ ਵਿੱਚ ਤਿੰਨ-ਚਾਰ ਵੱਡੇ ਸੁਰਾਖ਼ ਰੱਖੇ ਜਾਂਦੇ ਹਨ ਜਿਨ੍ਹਾਂ ਰਾਹੀਂ ਵਰਖ਼ਾ ਦਾ ਪਾਣੀ ਕੁੰਡ ’ਚ ਪ੍ਰਵੇਸ਼ ਕਰਦਾ ਹੈ। ਇਨ੍ਹਾਂ ਸੁਰਾਖ਼ਾਂ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਜਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਪਾਣੀ ਨਾਲ ਮਿੱਟੀ ਤੇ ਹੋਰ ਕੱਖ ਅੰਦਰ ਨਾ ਜਾ ਸਕੇ।

ਇੱਕ ਪਾਸੇ ਪਾਣੀ ਦੀ ਨਿਕਾਸੀ ਲਈ ਛੋਟਾ ਗੇਟ ਬਣਾਇਆ ਜਾਂਦਾ ਹੈ ਤਾਂ ਕਿ ਪਾਣੀ ਜ਼ਿਆਦਾ ਭਰ ਜਾਣ ਤੋਂ ਬਾਅਦ ਬਾਹਰ ਨਿੱਕਲ ਸਕੇ। ਕੁੰਡ ਵਿੱਚੋਂ ਪਾਣੀ ਕੱਢਣ ਲਈ ਕੁੰਡ ਦੀ ਛੱਤ ’ਤੇ ਇੱਕ ਛੋਟਾ ਜਿਹਾ ਢੱਕਣ ਲਾਇਆ ਜਾਂਦਾ ਹੈ ਜਿਸ ਨੂੰ ਖੋਲ੍ਹ ਕੇ ਬਾਲਟੀ ਤੇ ਰੱਸੇ ਦੀ ਸਹਾਇਤਾ ਨਾਲ ਪਾਣੀ ਬਾਹਰ ਕੱਢਿਆ ਜਾਂਦਾ ਹੈ। ਕੁੰਡ ਦੇ ਮੂੰਹ ’ਤੇ ਚੂਨੇ ਦੇ ਪੱਥਰ ਜਾਂ ਸੀਮਿੰਟ ਦੀ ਪੱਕੀ ਲੇਪ ਕੀਤੀ ਜਾਂਦੀ ਹੈ।

ਰਾਜਸਥਾਨ ਦੇ ਜੈਪੁਰ, ਜੋਧਪੁਰ, ਬਾੜਮੇਰ, ਜੈਸਲਮੇਰ, ਚੁਰੂ, ਨਾਗੌਰ, ਬੀਕਾਨੇਰ ਸਮੇਤ ਅਨੇਕ ਜ਼ਿਲ੍ਹਿਆਂ ਵਿੱਚ ਇਹ ਕੁੰਡ ਵੱਡੀ ਗਿਣਤੀ ਵਿੱਚ ਬਣੇ ਹੋਏ ਹਨ। ਇਨ੍ਹਾਂ ਕੁੰਡਾਂ ਨੂੰ ਬਹੁਤ ਹੀ ਵਧੀਆ ਤਕਨੀਕ ਨਾਲ ਬਣਾਇਆ ਜਾਂਦਾ ਹੈ ਤਾਂ ਕਿ ਮੀਂਹ ਦਾ ਪਾਣੀ ਬਿਲਕੁਲ ਵੀ ਖਰਾਬ ਨਾ ਹੋਵੇ। ਵਰਖ਼ਾ ਇਨ੍ਹਾਂ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਅਤੇ ਮਾਨਸੂਨ ਰੁੱਤ ਦਾ ਇੱਥੋਂ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ।

ਉਂਜ ਤਾਂ ਰਾਜਸਥਾਨ ਦੇ ਪੇਂਡੂ ਇਲਾਕਿਆਂ ਵਿੱਚ ਲੋਕਾਂ ਵੱਲੋਂ ਆਪਣੇ ਖੇਤਾਂ ਅਤੇ ਘਰਾਂ ਵਿੱਚ ਬਣਾਏ ਗਏ ਕੁੰਡਾਂ ਦੀ ਸਾਫ਼-ਸਫ਼ਾਈ ਦਾ ਧਿਆਨ ਪੂਰਾ ਸਾਲ ਹੀ ਰੱਖਿਆ ਜਾਂਦਾ ਹੈ ਪਰ ਅੱਜ-ਕੱਲ੍ਹ ਮਾਨਸੂਨ ਦੀ ਰੁੱਤ ਵਿੱਚ ਇਨ੍ਹਾਂ ਕੁੰਡਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਅਤੇ ਇਨ੍ਹਾਂ ਕੁੰਡਾਂ ਦੀ ਚਾਰ-ਚੁਫੇਰੇ ਸਫ਼ਾਈ ਕਰਨ ਦੇ ਨਾਲ-ਨਾਲ ਹੀ ਕੁੰਡਾਂ ਨੂੰ ਅੰਦਰੋਂ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਕਾਰਨ ਵਰਖ਼ਾ ਦੇ ਦਿਨਾਂ ਵਿੱਚ ਕੁੰਡਾਂ ਵਿੱਚ ਜਮ੍ਹਾ ਕੀਤਾ ਗਿਆ ਪਾਣੀ ਖਰਾਬ ਨਾ ਹੋਵੇ। ਕੁੰਡ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਨ੍ਹਾਂ ਕੁੰਡਾਂ ਵਿੱਚ ਸੀਮਤ ਮਾਤਰਾ ਵਿੱਚ ਫਟਕੜੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਇਸ ਪਾਣੀ ਦੀ ਵਰਤੋਂ ਰਾਜਸਥਾਨ ਦੇ ਪੇਂਡੂ ਇਲਾਕਿਆਂ ਵਿੱਚ ਪੂਰਾ-ਪੂਰਾ ਸਾਲ ਤੱਕ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਕੁੰਡਾਂ ਦੇ ਇਸ ਪਾਣੀ ਨਾਲ ਥੋੜ੍ਹੀ-ਬਹੁਤੀ ਖੇਤੀ ਵੀ ਕੀਤੀ ਜਾਂਦੀ ਹੈ। ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਖੁਦ ਕੁੰਡ ਦਾ ਨਿਰਮਾਣ ਨਹੀਂ ਕਰਵਾ ਸਕਦੇ ਉਨ੍ਹਾਂ ਕਿਸਾਨਾਂ ਨੂੰ ਰਾਜਸਥਾਨ ਸਰਕਾਰ ਵੱਲੋਂ ਕੁੰਡ ਬਣਾਉਣ ਲਈ ਆਰਥਿਕ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਰਾਜਸਥਾਨ ਸਰਕਾਰ ਦੇ ਆਦੇਸ਼ ਅਨੁਸਾਰ ਇਸ ਯੋਜਨਾ ਦਾ ਪੂਰਾ ਵੇਰਵਾ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਕੋਲ ਹੁੰਦਾ ਹੈ। ਰਾਜਸਥਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੁੰਡ ਨਿਰਮਾਣ ਯੋਜਨਾ ਦਾ ਮੁੱਖ ਮਕਸਦ ਸੂਬੇ ਵਿੱਚ ਅਜਿਹੇ ਪੇਂਡੂ ਇਲਾਕਿਆਂ ਜਿਨ੍ਹਾਂ ਵਿੱਚ ਵਰਖ਼ਾ ਘੱਟ ਹੁੰਦੀ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਆਉਂਦੀ ਹੈ ਉਨ੍ਹਾਂ ਖੇਤਰਾਂ ਵਿੱਚ ਪਾਣੀ ਸਬੰਧੀ ਸਮੱਸਿਆ ਨੂੰ ਦੂਰ ਕਰਨਾ ਹੈ।

ਰਾਜਸਥਾਨ ਦੇ ਅਜਿਹੇ ਖੇਤਰ ਵਿੱਚ ਜਾ ਕੇ ਆਮ ਲੋਕਾਂ ਨੂੰ ਪਾਣੀ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਜਿੱਥੇ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਧਰਤੀ ਹੇਠਲੇ ਪਾਣੀ ਜਾਂ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਬਿਲਕੁਲ ਵੀ ਨਹੀ ਕੀਤੀ ਜਾਂਦੀ, ਉੱਥੇ ਹੀ ਰਾਜਸਥਾਨ ਦੇ ਅਜਿਹੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਮੀਂਹ ਦੇ ਪਾਣੀ ਦੀ ਸੰਭਾਲ ਬਹੁਤ ਹੀ ਵਧੀਆ ਢੰਗ ਨਾਲ ਕਰਦੇ ਹਨ। ਪੰਜਾਬ, ਹਰਿਆਣਾ ਸਹਿਤ ਦੇਸ਼ ਦੇ ਜਿਨ੍ਹਾਂ ਸੂਬਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਉਨ੍ਹਾਂ ਸੂਬਿਆਂ ਵਿੱਚ ਵੀ ਆਮ ਲੋਕ ਜੇਕਰ ਜਾਗਰੂਕ ਹੋ ਕੇ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਕਰਨ ਲਈ ਅਜਿਹੇ ਕੁੰਡਾਂ ਦਾ ਨਿਰਮਾਣ ਕਰਨ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਸਾਬਤ ਹੋਵੇਗੀ।
ਜਗਤਾਰ ਸਮਾਲਸਰ, ਐਲਨਾਬਾਦ, ਸਰਸਾ
ਮੋ. 94670-95953

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ