ਘਾਹ ਤੇ ਮਜ਼ਬੂਰੀ

ਘਾਹ ਤੇ ਮਜ਼ਬੂਰੀ

ਅੱਜ ਮੈਨੂੰ ਰਸਤੇ ਵਿੱਚ ਉਸ ਨੂੰ ਵੇਖਦਿਆਂ ਤੀਜਾ ਦਿਨ ਹੋ ਗਿਆ ਸੀ। ਦਫਤਰ ਨੂੰ ਜਾਂਦਿਆਂ ਮੈਂ ਉਸ ਨੂੰ ਅਕਸਰ ਰੋਜ਼ ਵੇਖਦਾ ਸੀ। ਪਰ ਲੇਟ ਹੋ ਜਾਣ ਦੇ ਡਰ ਤੋਂ ਮੈਂ ਉਸ ਕੋਲ ਕੁਝ ਦੇਰ ਖਲੋ ਨਾ ਸਕਦਾ। ਰੋਜ਼ ਮਨ ਬਣਾਉਂਦਾ ਕਿ ਉਸ ਕੋਲ ਖਲੋਵਾਂ ਤੇ ਹਮਦਰਦੀ ਕਰਾਂ, ਕੋਈ ਮੱਦਦ ਕਰਾਂ, ਕਿਉਂ ਜੋ ਉਸ ਲਈ ਤਰਸ ਤੇ ਹਮਦਰਦੀ ਨਾਲ ਮਨ ਭਰਿਆ ਹੋਇਆ ਸੀ ਪਰ ਰੋਜ਼ ਕਿਸੇ ਨਾ ਕਿਸੇ ਕਾਰਨ ਮੌਕਾ ਖੁੰਝ ਜਾਂਦਾ ਸੀ।¿;
ਪਰ ਅੱਜ ਮੈਂ ਦਫਤਰੋਂ ਲੇਟ ਹੋ ਜਾਣ ਦੇ ਡਰੋਂ ਵੀ ਨਾ ਡਰਿਆ ਤੇ ਆਖਰਕਾਰ ਮੋਟਰਸਾਈਕਲ ਸੜਕ ਕਿਨਾਰੇ ਖੜ੍ਹਾ ਕਰ ਖਲੋ ਹੀ ਗਿਆ। ਉਸ ਦੀ ਹਾਲਤ ਨੇ ਮੈਨੂੰ ਰੁਕਣ ਲਈ ਮਜ਼ਬੂਰ ਕਰ ਹੀ ਦਿੱਤਾ। ਸੜਕ ’ਤੇ ਦੋਵਾਂ ਪਾਸੇ ਰੋਜ਼ ਦੀ ਤਰ੍ਹਾਂ ਆਮ ਲੋਕਾਂ ਦੀ ਭੀੜ ਆ-ਜਾ ਰਹੀ ਸੀ ਤੇ ਵਾਹਨ ਆਪਣੀ ਰਫਤਾਰੇ ਦੌੜੇ ਜਾ ਰਹੇ ਸਨ, ਕਿਸੇ ਨਦੀ ਦੀ ਤਰ੍ਹਾਂ ਬੇ-ਰੋਕ, ਅਣਥੱਕ, ਬੇਰਹਿਮਿਆਂ ਵਾਂਗਰ।

ਬਾਬਾ, ਜਿਸ ਦੀ ਉਮਰ ਕਰੀਬ ਪੈਂਹਠ ਤੋਂ ਸੱਤਰ ਸਾਲ ਦੇ ਕਰੀਬ ਬਿਲਕੁਲ ਸਹੀ ਅੰਦਾਜ਼ੇ ਵਾਲੀ ਲੱਗਦੀ ਸੀ। ਉਸਦੇ ਗੱਲ ਪਾਟੀ ਤੇ ਗੰਦਲੀ ਜਿਹੀ ਫਤੂਹੀ ਸੀ, ਤੇੜ ਪੁਰਾਣਾ ਵੱਟਲ ਚਾਦਰਾ ਸੀ। ਮੈਲੇ ਜਿਹੇ ਤੱਪੜ ਵਿਚ ਰੰਬੀ ਨਾਲ ਸੜਕ ਦੇ ਕਿਨਾਰਿਓਂ ਘਾਹ ਖੋਤ-ਖੋਤ ਇਕੱਠਾ ਕਰ ਰਿਹਾ ਸੀ। ਇਹ ਉਸਦਾ ਰੋਜ਼ ਦਾ ਵਰਤਾਰਾ ਸੀ। ਉਸ ਦਾ ਸਰੀਰ ਪਤਲਾ ਸੀ ਪਰ ਲੱਕੜ ਵਰਗਾ ਮਜ਼ਬੂਤ ਸੀ। ਉਸ ਦੀਆਂ ਵੱਖੀਆਂ ਅੰਦਰ ਧਸੀਆਂ ਸਨ ਜੋ ਕਿ ਪਸੀਨੇ ਨਾਲ ਭਿੱਜੀ ਫਤੂਹੀ ਨਾਲ ਜੁੜੀਆਂ ਸਾਫ ਪਾਰਦਰਸ਼ਿਤਾ ਰਾਹੀਂ ਬਿਆਨ ਹੋ ਰਹੀਆਂ ਸਨ।

ਮੋਢਿਆਂ ਤੋਂ ਥੋੜ੍ਹਾ ਜਿਹਾ ਕੁੱਭ ਸੀ। ਉਸ ਦੀ ਸਰੀਰਕ ਬਣਤਰ ਸਰੀਰ ’ਤੇ ਹੰਢਾਏ ਜ਼ਿੰਦਗੀ ਦੇ ਅਹਿਮ ਮਿਹਨਤੀ ਹਿੱਸੇ- ਸਾਲਾਂ ਨੂੰ ਬਾਖੂਬੀ ਬਿਆਨ ਕਰ ਰਿਹਾ ਸੀ। ਉਸ ਦੇ ਸਿਰ ਦਾ ਪਰਨਾ ਤੇ ਫਤੂਹੀ ਪਸੀਨੇ ਨਾਲ ਪੂਰੀ ਤਰ੍ਹਾਂ ਗੜੁੱਚ ਸੀ ਜੋ ਉਸ ਦੀ ਮਿਹਨਤ ਤੇ ਗੁਰਬਤ ਦੀ ਕਹਾਣੀ ਆਪ-ਮੁਹਾਰੇ ਹੀ ਦੱਸ ਰਹੇ ਸਨ। ਸਿਰ ਤੇ ਦਾੜ੍ਹੀ ਦਾ ਇੱਕ ਵੀ ਵਾਲ ਕਾਲਾ ਨਹੀਂ ਸੀ ਪਰ ਸ਼ਾਇਦ… ਫੇਰ ਵੀ ਆਪਣੀ ਹੱਡ ਭੰਨ੍ਹਵੀਂ ਮਿਹਨਤ ਤੋਂ ਉਸ ਨੇ ਕਦੇ ਹਾਰ ਨਹੀਂ ਮੰਨੀ ਹੋਵੇਗੀ। ਖੌਰੇ ਕਿਹੜੀਆਂ ਮੁਸ਼ਕਿਲਾਂ-ਥੁੜਾਂ ਦਾ ਮਾਰਿਆ-ਝੰਬਿਆਂ ਸੀ! ਮੇਰਾ ਮਨ ਇਨ੍ਹਾਂ ਹੀ ਕਿਆਸ-ਅਰਾਈਆਂ ਦੇ ਵਾਅ-ਵਰੋਲੇ ਵਿਚ ਗੁਆਚਾ ਕਦੋਂ ਉਸ ਦੇ ਸਿਰ੍ਹਾਣੇ ਜਾ ਖਲੋਤਾ ਪਤਾ ਹੀ ਨਾ ਲੱਗਾ।

ਮੈਂ ਕਿਹਾ, ‘‘ਬਾਬਾ ਜੀ!’’ ਉਸ ਉੱਪਰ ਵੱਲ ਮੱਥੇ ’ਤੇ ਹੱਥ ਰੱਖਦਿਆਂ ਧੁੱਪ ਤੋਂ ਪਰਛਾਵਾਂ ਕਰਦਿਆਂ, ਅੱਖਾਂ ਦੇ ਭਰਵੱਟਿਆਂ ਤੋਂ ਪਸੀਨਾ ਪੂੰਝਦਿਆਂ ਉੱਪਰ ਵੱਲ ਵੇਖਦਿਆਂ ਜੁਆਬ ਦਿੱਤਾ, ‘‘ਹਾਂ ਪੁੱਤ!’’

ਮੈਂ ਗੱਲ ਸ਼ੁਰੂ ਕੀਤੀ, ‘‘ਬਾਬਾ ਜੀ, ਮੈਂ ਰੋਜ਼ ਦੇਖਦਾ ਹਾਂ, ਤੁਸੀਂ ਰੋਜ਼ ਇੱਥੇ ਘਾਹ ਖੋਤਦੇ ਹੋ, ਤੁਹਾਡਾ ਕੋਈ ਪੁੱਤ ਨਹੀਂ ਜੋ ਤੁਹਾਡੀ ਜਗ੍ਹਾ ਕੰਮ ਕਰ ਸਕੇ? ਸੂਰਜ ਬੜਾ ਮਘ ਰਿਹਾ ਹੈ, ਅੱਜ ਤਾਂ ਧੁੱਪ ਵੀ ਬੜੀ ਹੈ, ਗਰਮੀ ਵਿਚ ਤੁਸੀਂ ਬਿਮਾਰ ਨਾ ਹੋ ਜਾਇਓ।’’ ਮੇਰੇ ਕੀਤੇ ਸੁਆਲਾਂ ਦਾ ਬਾਬੇ ਨੇ ਕੋਈ ਜੁਆਬ ਨਾ ਦਿੱਤਾ।

ਮੈਂ ਫੇਰ ਕਿਹਾ, ‘‘ਬਾਬਾ ਜੀ, ਮੈਂ ਤੁਹਾਨੂੰ ਕੁਝ ਪੈਸੇ ਦੇ ਦਿਆਂ… ਮੇਰੀ ਜੇਬ੍ਹ ਵਿਚ ਦੋ ਸੌ ਰੁਪਏ ਹੱਥ ਵਿੱਚ ਹੀ ਸਨ’’

ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਬੇ ਨੇ ਮੇਰੇ ਵੱਲ ਵੇਖਿਆ ਤੇ ਅੱਖਾਂ ਵਿੱਚ ਗਲੇਡੂ ਭਰ ਕੇ ਬੋਲਿਆ, ‘‘ਪੁੱਤ… ਤੂੰ ਮੇਰਾ ਦੁੱਖ ਸਮਝਿਆ, ਤੂੰ ਮੈਨੂੰ ਪੁੱਤਾਂ ਜਿਹਾ ਲੱਗਦੈਂ, ਪਰ ਜੇ ਮੈਂ ਕੰਮ ਨਾ ਕਰਾਂ ਤਾਂ ਘਰ ਚਾਰ ਜੀਅ ਭੁੱਖੇ ਮਰ ਜਾਣੇ, ਮੇਰਾ ਇੱਕੋ ਪੁੱਤ ਹੈ ਪਰ ਉਹ ਕਿਸੇ ਕੰਮ ਜੋਗਾ ਨਹੀਂ ਹੈ, ਉਸ ਨੂੰ ਚੰਦਰੀ ਚਿੱਟੇ ਦੀ ਲਤ ਲੱਗੀ ਹੈ, ਰਾਤ-ਦਿਨ ਨਸ਼ੇ ਦੀ ਗਿ੍ਰਫਤ ਵਿਚ ਰਹਿੰਦਾ ਹੈ, ਦੋ ਛੋਟੇ ਬਾਲ ਪੋਤਾ-ਪੋਤੀ ਨੇ, ਨੂੰਹ ਕਿਸੇ ਦੇ ਘਰ ਕੰਮ ਕਰਕੇ ਰੋਜ਼ੀ-ਰੋਟੀ ਕਮਾਉਂਦੀ ਹੈ, ਮੁੰਡੇ ਦੇ ਨਸ਼ੇ ਕਾਰਨ ਘਰੇ ਕਲੇਸ਼ ਰਹਿੰਦਾ ਨੂੰਹ ਤੀਜੇ ਦਿਨ ਹੀ ਘਰ ਛੱਡ ਜਾਣ ਦਾ ਕਹਿ ਦਿੰਦੀ ਹੈ… ਕਿਉਂਕਿ ਮੁੰਡਾ ਕੋਈ ਕੰਮ ਨ੍ਹੀਂ ਕਰਦਾ, ਜੇ ਮੈਂ ਵੀ ਕੰਮ ਨਾ ਕਰਾਂ ਤਾਂ ਘਰ ਦਾ ਚੁੱਲ੍ਹਾ ਨਹੀਂ ਭਖਣਾ… ਨੂੰਹ ਨੇ ਘਰ ਛੱਡ ਜਾਣਾ, ਗਾਂ ਲਈ ਘਾਹ ਖੋਤ ਕੇ ਮੈਂ ਦਿਹਾੜੀ ਵੀ ਜਾਣਾ ਹੁੰਦੈ…ਮਿਸਤਰੀਆਂ ਦੇ ਮਗਰ।’’

ਬਾਬੇ ਦੇ ਅੱਥਰੂ ਬੁੱਢੀਆਂ ਅੱਖਾਂ ’ਚੋਂ ਵਹਿ ਤੁਰੇ ਤੇ ਚਿਹਰੇ ਦੀਆਂ ਝੁਰੜੀਆਂ ਵਿੱਚੋਂ ਵਹਿੰਦੇ-ਵਹਿੰਦੇ ਪਤਾ ਨਹੀਂ ਕਿੱਥੇ ਗੁੰਮ ਹੋ ਰਹੇ ਸਨ। ਉਹ ਫੇਰ ਘਾਹ ਖੋਤਣ ਲੱਗ ਪਿਆ ਤੇ ਮੇਰੇ ਹੱਥ ਵਿਚ ਫੜੇ ਦੋ ਸੌ ਰੁਪਏ ਦੇ ਨੋਟ ਵੱਲ ਵੇਖਣਾ ਤਾਂ ਕੀ ਸੀ ਜਾਪਦਾ ਸੀ ਕਿ ਉਸ ਨੇ ਸੋਚਿਆ ਵੀ ਨਹੀਂ ਹੋਣਾ। ਸ਼ਾਇਦ ਮੈਨੂੰ ਵੀ ਲੱਗਦਾ ਸੀ ਕਿ ਮੇਰੀ ਨਿਗੂਣੀ ਜਿਹੀ ਰਕਮ ਉਸ ਦੀਆਂ ਮਜ਼ਬੂਰੀਆਂ ਹੱਲ ਕਰ ਸਕਦੀ ਸੀ ਜਾਂ ਨਹੀਂ! ਉਸ ਦੀਆਂ ਮਜ਼ਬੂਰੀਆਂ ਨੇ ਮੈਨੂੰ ਅੰਦਰ ਤੀਕ ਝੰਜੋੜ ਕੇ ਰੱਖ ਦਿੱਤਾ ਸੀ।

ਮੈਂ ਵੇਖਿਆ ਬਾਬਾ ਫੇਰ ਆਪਣੇ ਕੰਮ ਵਿੱਚ ਜੁਟ ਗਿਆ ਅਤੇ ਮੈਂ ਸੈਲ ਪੱਥਰ ਹੋਇਆ ਆਪਣੇ-ਆਪ ਨੂੰ ਉਸ ਦੀ ਜਗ੍ਹਾ ਰੱਖ ਕੇ ਅਜੇ ਉਸ ਦੇ ਹਾਲਾਤਾਂ ਦੀ ਕਲਪਨਾ ਹੀ ਕਰ ਰਿਹਾ ਸੀ ਕਿ ਬਾਬਾ ਬੈਠਾ ਹੋਇਆ ਪਿੱਛੇ ਨੂੰ ਮੁੜ ਕੇ ਫੇਰ ਬੋਲਿਆ, ‘‘ਪੁੱਤ ਜਿਉਂਦਾ ਰਹਿ! ਤੂੰ ਮੇਰਾ ਦੁੱਖ ਪੁੱਛਿਆ…ਪਰ ਇੱਕ ਗੱਲ ਆਖਾਂ, ਇਹ ਘਾਹ ਤੇ ਮਜ਼ਬੂਰੀ ਦੋਵੇਂ ਇੱਕੋ-ਜਿਹੇ ਹੁੰਦੈ ਨੇ… ਜੇ ਅੱਜ ਵੱਢ ਲਓ ਤਾਂ ਕੱਲ੍ਹ ਫੇਰ ਉੱਗ ਪੈਂਦੇ ਨੇ…।’’

ਉਸ ਦੇ ਬੋਲਾਂ ਨੇ ਮੈਨੂੰ ਕੰਬਾ ਦਿੱਤਾ ਸੀ… ਮੈਂ ਅੰਦਰ ਤੀਕ ਦੁੱਖ ਨਾਲ ਭਰ ਗਿਆ ਸੀ। ਉਸਦੇ ਦੁੱਖ ਭਰੇ ਬੋਲਾਂ ਮੈਨੂੰ ਸੈਲ ਪੱਥਰ ਕਰ ਦਿੱਤਾ ਸੀ। ਹੁਣ ਮੈਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਮੇਰੇ ਪੈਰਾਂ ਹੇਠ ਭਖਦੇ ਕੋਲੇ ਧਰ ਦਿੱਤੇ ਹੋਣ, ਨਾ ਤਾਂ ਮੈਂ ਅੱਗੇ ਵਧ ਸਕਦਾ ਸਾਂ ਤੇ ਨਾ ਪਿੱਛੇ ਮੁੜ ਸਕਦਾ ਸਾਂ
ਗੁਰਬਾਜ ਸਿੰਘ, ਤਰਨ ਤਾਰਨ।
ਮੋ. 88376-44027

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ