ਬੱਚਿਆਂ ’ਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਲਾਇਆ

Conducted Seminars

ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ : ਨਕੱਈ

  • ਅਹਿਮ ਨੁਕਤੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਇਆ ਨੈਤਿਕਤਾ ਦਾ ਪਾਠ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਜੇਕਰ ਸਕੂਲੀ ਬੱਚਿਆਂ ਨੂੰ ਅੰਧ-ਵਿਸ਼ਵਾਸ਼, ਵਹਿਮ-ਭਰਮ, ਕਰਮਕਾਂਡ ਅਤੇ ਫਜ਼ੂਲ ਰਸਮਾਂ ਤੋਂ ਸੁਚੇਤ ਅਰਥਾਤ ਸਾਵਧਾਨ ਕੀਤਾ ਜਾਵੇ ਤਾਂ ਉਹ ਜਿੰਦਗੀ ਦਾ ਹਰ ਮੁਕਾਮ ਹਾਸਲ ਕਰਨ ਦੇ ਸਮਰੱਥ ਹੋ ਸਕਦੇ ਹਨ। ਸਥਾਨਕ ਵੈਸਟ ਪੁਆਂਇੰਟ ਸਕੂਲ ਵਿੱਚ ਕਰਵਾਏ ਗਏ ਜਾਗਰੂਕਤਾ ਸੈਮੀਨਾਰ (Conducted Seminars) ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਉੱਘੇ ਸਮਾਜ ਸੇਵੀ ਤੇ ਚਿੰਤਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਵੇਂ ਰੋਜ਼ਾਨਾ ਸਵੇਰ ਦੀ ਸਭਾ (ਮੌਰਨਿੰਗ ਅਸੈਂਬਲੀ) ਵਿੱਚ ਬੱਚਿਆਂ ਨੂੰ ਅਧਿਆਪਕਾਂ ਜਾਂ ਮੈਨੇਜਮੈਂਟ ਵੱਲੋਂ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਪਰ ਹਰ ਸਕੂਲ ਵਿੱਚ ਇੱਕ ਅਜਿਹਾ ਨੈਤਿਕਤਾ ਸਬੰਧੀ ਸੈਮੀਨਾਰ ਜ਼ਰੂਰ ਲਾਉਣਾ ਚਾਹੀਦਾ ਹੈ, ਜਿਸ ਵਿੱਚ ਬੁਲਾਰੇ ਬੱਚਿਆਂ ਨੂੰ ਉਹਨਾਂ ਦੇ ਬੌਧਿਕ ਪੱਧਰ ਦੇ ਹਿਸਾਬ ਨਾਲ ਜਾਗਰੂਕ ਕਰ ਸਕਣ ਤਾਂ ਜੋ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਵਾਲੇ ਬੱਚੇ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿਣ।

ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਹਿੱਸਾ ਲੈਣ

ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ, ਧਾਰਮਿਕ, ਸਮਾਜਿਕ, ਵਾਤਾਵਰਨ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਦਿਲਚਸਪੀ ਲੈਣ ਸਬੰਧੀ ਪ੍ਰੇਰਿਤ ਕਰਦਿਆਂ ਆਖਿਆ ਕਿ ਬੱਚੇ ਆਪਣੇ ਮਾਪਿਆਂ ਦੀ ਤਰ੍ਹਾਂ ਅਧਿਆਪਕਾਂ ਨੂੰ ਵੀ ਬਣਦਾ ਸਤਿਕਾਰ ਦੇਣ। ਉਹਨਾਂ ਬੱਚਿਆਂ ਦੇ ਭਵਿੱਖ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ‘ਸਮੇਂ ਦੀ ਕਦਰ’, ‘ਅਨੁਸ਼ਾਸ਼ਨ ਦੀ ਪਾਲਣਾ’, ‘ਵੱਡਿਆਂ ਦਾ ਸਤਿਕਾਰ’, ‘ਉਸਾਰੂ ਸੋਚ’ ਅਤੇ ‘ਹਾਂਪੱਖੀ ਨਜ਼ਰੀਆ’ ਵਰਗੇ ਨੁਕਤੇ ਹੀ ਹਰ ਵਿਦਿਆਰਥੀ ਦੀ ਤਰੱਕੀ ਦਾ ਸਰੋਤ ਹਨ।

ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਹਿੰਮਤ ਸਿੰਘ ਨਕੱਈ ਨੇ ਗੁਰਿੰਦਰ ਸਿੰਘ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਖਿਆ ਕਿ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਬਕਾਇਦਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵੈਸਟ ਪੁਆਂਇੰਟ ਸਕੂਲ ਇੱਕ ਜੰਗਲ ਦੀ ਤਰ੍ਹਾਂ ਘਿਰੇ ਦਰੱਖਤਾਂ ਦੇ ਵਿੱਚ ਬਣਿਆ ਹੋਣ ਕਰਕੇ ਇੱਥੇ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਵਾਤਾਵਰਨ ਦੀ ਸੰਭਾਲ ਲਈ ਸਕੂਲ ਦੇ ਬੱਚੇ ਵੀ ਮੈਨੇਜਮੈਂਟ ਨਾਲ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ ਖੀਵਾ, ਅਮਨਦੀਪ ਸਿੰਘ ਘੋਲੀਆ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here