ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕਿਸਾਨਾਂ ਤੇ ਅਧਿਕਾਰੀਆਂ ‘ਚ ਮੁੜ ਪੈਦਾ ਹੋਣ ਲੱਗਾ ਟਕਰਾਅ

0

ਸਰਕਾਰਾਂ ਨੇ ਬਾਜ ਅੱਖ ਰੱਖਣ ਲਈ ਲਾਏ ਨੋਡਲ ਅਫ਼ਸਰ, ਕਿਸਾਨਾਂ ਨੇ ਬੰਦੀ ਬਣਾਇਆ ਐਸਡੀਓ ਤੇ ਪਟਵਾਰੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਕਾਰਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਹੱਲ ਨਾ ਕੱਢਣ ਕਾਰਨ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮੁੜ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਪਿਛਲੀ ਵਾਰ ਅੱਗ ਨਾ ਲਾਉਣ ਵਾਲੇ ਕਿਸਾਨਾਂ ਤੋਂ ਭਰਵਾਏ ਗਏ ਫਾਰਮ ਵੀ ਫਾਇਲਾਂ ਦਾ ਹੀ ਸ਼ਿੰਗਾਰ ਬਣ ਕੇ ਰਹਿ ਗਏ ਅਤੇ ਕਿਸਾਨਾਂ ਨੂੰ ਕੋਈ ਮੁਆਵਜਾ ਨਹੀਂ ਮਿਲਿਆ। ਇੱਧਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਅਤੇ ਜੇਕਰ ਕੋਈ ਅਧਿਕਾਰੀ ਕਿਸਾਨਾਂ ਖਿਲਾਫ਼ ਕਾਰਵਾਈ ਕਰਨ ਪੁੱਜਿਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਕੋਰੋਨਾ ਦੇ ਕਹਿਰ ਕਾਰਨ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕਿਹਾ ਗਿਆ ਹੈ। ਪਿਛਲੀ ਵਾਰ ਸਰਕਾਰ ਵੱਲੋਂ ਵੱਡੀ ਗਿਣਤੀ ਕਿਸਾਨਾਂ ਖਿਲਾਫ਼ ਪਰਚੇ ਵੀ ਦਰਜ਼ ਕੀਤੇ ਗਏ ਸਨ,

ਜਿਸ ਤੋਂ ਖਫ਼ਾ ਕਿਸਾਨ ਯੂਨੀਅਨਾਂ ਵੱਲੋਂ ਸਰਕਾਰ ਖਿਲਾਫ਼ ਰੋਸ ਵਿਖਾਵੇ ਵੀ ਕੀਤੇ ਗਏ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰ ਵੱਲੋਂ ਇਸ ਵਾਰ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ। ਕੇਂਦਰ ਜਾਂ ਰਾਜ ਸਰਕਾਰ ਵੱਲੋਂ ਸਖਤੀ ਤਾਂ ਦਿਖਾਈ ਜਾ ਰਹੀ ਹੈ, ਪਰ ਪਰਾਲੀ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਪਿਛਲੇ ਸਾਲ ਕੈਪਟਨ ਸਰਕਾਰ ਵੱਲੋਂ ਪੰਜ ਏਕੜ ਤੱਕ ਦੇ ਅਜਿਹੇ ਕਿਸਾਨਾਂ ਤੋਂ ਫਾਰਮ ਭਰਵਾਏ ਗਏ ਸਨ, ਜਿਨ੍ਹਾਂ ਵੱਲੋਂ ਅੱਗ ਨਹੀਂ ਲਗਾਈ ਗਈ। ਪਤਾ ਲੱਗਾ ਹੈ ਕਿ ਇਹ ਫਾਰਮ ਫਾਇਲਾਂ ਵਿੱਚ ਹੀ ਰੁਲ-ਖੁਲ ਕੇ ਰਹਿ ਗਏ ਅਤੇ ਇੱਕਾ ਦੁੱਕਾ ਕਿਸਾਨਾਂ ਤੋਂ ਇਲਾਵਾ ਕਿਸੇ ਨੂੰ ਇਹ ਮੁਆਵਜ਼ਾ ਹਾਸਲ ਨਹੀਂ ਹੋਇਆ।

ਕਿਸਾਨਾਂ ਵੱਲੋਂ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਅਫ਼ਸਰਾਂ ਵੱਲੋਂ ਤਸਦੀਕ ਕਰਵਾ ਕੇ ਇਹ ਫਾਰਮ ਸੌਂਪੇ ਗਏ ਸਨ। ਉਕਤ ਫਾਰਮ ਭਰਨ ਲਈ ਕਿਸਾਨਾਂ ਨੂੰ ਕਈ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇੱਧਰ ਇਸ ਵਾਰ ਵੀ ਸਰਕਾਰ ਵੱਲੋਂ ਪਰਾਲੀ ‘ਚ ਹੀ ਕਣਕ ਦੀ ਬਿਜਾਈ ਲਈ ਸਬਸਿਡੀ ‘ਤੇ ਮਿਲਣ ਵਾਲੀ ਮਸ਼ੀਨਰੀ ਆਦਿ ਦੇ ਫਾਰਮ ਭਰਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਉਕਤ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾਣ। ਇੱਧਰ ਕਿਸਾਨ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਕਿਸਾਨਾਂ ਕੋਲ ਪਰਾਲੀ ਦਾ ਯੋਗ ਹੱਲ ਨਹੀਂ, ਉਹ ਅੱਗ ਜ਼ਰੂਰ ਲਾਉਣਗੇ। ਜੇਕਰ ਕੋਈ ਅਧਿਕਾਰੀ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਜਾਂ ਪਰਚਾ ਆਦਿ ਦਰਜ਼ ਕਰਨ ਲਈ ਪੁੱਜਿਆ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ।

ਪਤਾ ਲੱਗਾ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਕਾਲਾਝਾੜ ਵਿਖੇ ਅੱਜ ਪਾਵਰਕੌਮ ਦੇ ਐਸਡੀਓ, ਪਟਵਾਰੀ ਆਦਿ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਬੰਦੀ ਬਣਾ ਲਿਆ ਗਿਆ। ਕਾਲਾਝਾੜ ਟੋਲ ਪਲਾਜੇ ‘ਤੇ ਕਿਸਾਨਾਂ ਵੱਲੋਂ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਉੱਥੇ ਹੀ ਕਈ ਅਧਿਕਾਰੀ ਨੂੰ ਬਿਠਾਈ ਰੱਖਿਆ। ਇਸ ਤਰ੍ਹਾਂ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਟਕਰਾਓ ਦੀ ਸਥਿਤੀ ਪੈਦਾ ਹੋ ਰਹੀ ਹੈ।

ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਦਾ ਕਰਾਂਗੇ ਘਿਰਾਓ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਅਤੇ ਕੁਲਵਿੰਦਰ ਸਿੰਘ ਨਦਾਮਪੁਰ ਨੇ ਕਿਹਾ ਕਿ ਜਿੰਨਾਂ ਚਿਰ ਸਰਕਾਰ ਕਿਸਾਨਾਂ ਨੂੰ ਪਰਾਲੀ ਦਾ ਹੱਲ ਨਹੀਂ ਦਿੰਦੀ, ਉਨਾਂ ਸਮਾਂ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਅੱਗ ਲਾਉਣ ਵਾਲੇ ਕਿਸਾਨ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਅਸੀਂ ਰਿਪੋਰਟ ਇਕੱਠੀ ਕੀਤੀ ਹੈ, ਪਿਛਲੇ ਸਾਲ ਫਾਰਮ ਭਰਨ ਵਾਲੇ ਇੱਕ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ। ਜਦਕਿ ਜਿਹੜੇ ਕਿਸਾਨਾਂ ਨੇ ਪਰਾਲੀ ਵਿੱਚ ਆਪਣੀ ਕਣਕ ਦੀ ਬਿਜਾਈ ਕੀਤੀ ਸੀ, ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕੁਲਵਿੰਦਰ ਨਦਾਮਪੁਰ ਨੇ ਕਿਹਾ ਕਿ ਅਜੇ ਤੱਕ ਸਰਕਾਰ ਸਬਸਿਡੀ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਨਹੀਂ ਦੇ ਸਕੀ ਜਦਕਿ ਝੋਨੇ ਦੀ ਵਢਾਈ ਤੋਂ ਬਾਅਦ ਕਿਸਾਨ ਵੱਲੋਂ ਕਣਕ ਬੀਜਣੀ ਹੁੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.