ਵੇਲ ਵਧਾਈ ਸਤਿਗੁਰ ਜੀ, ਕਰੀਏ ਝੁਕ ਸਲਾਮ, ਇਸ ਤੋਂ ਵਾਂਝਾ ਰਹੇ ਨਾ ਕੋਈ, ਦਾਤਾ ਵਿੱਚ ਅਵਾਮ…

Congratulations

ਵੇਲ ਵਧਾਈ ਸਤਿਗੁਰ ਜੀ, ਕਰੀਏ ਝੁਕ ਸਲਾਮ,
ਇਸ ਤੋਂ ਵਾਂਝਾ ਰਹੇ ਨਾ ਕੋਈ, ਦਾਤਾ ਵਿੱਚ ਅਵਾਮ…

ਔਰਤ ਨੂੰ ਗੁਰੂਆਂ-ਪੀਰਾਂ ਨੇ ਜੱਗ ਜਨਣੀ ਦਾ ਦਰਜਾ ਦਿੱਤਾ ਹੈ ਇਸ ਵਿੱਚ ਕੋਈ ਵੀ ਭਿੰਨ-ਭੇਦ ਨਹੀਂ ਹੈ ਕਿ ਜੇਕਰ ਔਰਤ ਨਾ ਹੁੰਦੀ ਤਾਂ ਸੰਸਾਰ ਦੀ ਉਤਪਤੀ ਬਿਲਕੁਲ ਅਸੰਭਵ ਸੀ ਪਰਮਾਤਮਾ ਦੀ ਇਹ ਬਹੁਤ ਹੀ ਅਦਭੁੱਤ ਰਚਨਾ ਹੈ ਇਸ ਔਰਤ ਦੀ ਕੁੱਖੋਂ ਹੀ ਵੱਡੇ-ਵੱਡੇ ਸੂਰਬੀਰ ਯੋਧੇ ਭਗਤ ਸੂਰਮੇ ਗੁਰੂਆਂ ਪੀਰਾਂ ਫ਼ਕੀਰਾਂ ਨੇ ਜਨਮ ਲਿਆ ਹੈ।

Congratulations

ਆਪਾਂ ਸਾਰੇ ਹੀ ਇਸ ਕਥਨ ਨੂੰ ਬਹੁਤ ਹੀ ਭਲੀ-ਭਾਂਤ ਜਾਣਦੇ ਹਾਂ ਕਿ ਜਦ ਵੀ ਕਿਸੇ ਆਪਣੀ ਧੀ-ਭੈਣ ਨੂੰਹ ਦੇ ਕੁੱਖੋਂ ਬੇਟਾ ਜਨਮ ਲੈਂਦਾ ਹੈ ਤਾਂ ਉਸ ਪਰਿਵਾਰ ਦੀ ਹੀ ਨਹੀਂ ਸਗੋਂ ਨਾਨਕਿਆਂ ਦਾਦਕਿਆਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਰਹਿੰਦਾ। ਪਹਿਲਾਂ-ਪਹਿਲ ਭਾਵੇਂ ਕੁੜੀਆਂ ਦੀ ਆਮਦ ਭਾਵ ਪੈਦਾ ਹੋਣ ’ਤੇ ਬਹੁਤ ਹੀ ਮਾਯੂਸੀ ਛਾ ਜਾਂਦੀ ਰਹੀ ਹੈ ਪਰ ਅੱਜ-ਕੱਲ੍ਹ ਇੱਕੀਵੀਂ ਸਦੀ ਵਿੱਚ ਮੁੰਡਾ-ਕੁੜੀ ਨੂੰ ਬਰਾਬਰ ਸਮਝਿਆ ਜਾਣ ਲੱਗਾ ਹੈ, ਬੇਸ਼ੱਕ ਕਿਤੇ ਨਾ ਕਿਤੇ ਅੱਜ ਵੀ ਲੋਕਾਂ ਦੀ ਸੌੜੀ ਸੋਚ ਵੇਖਣ ਨੂੰ ਮਿਲ ਹੀ ਜਾਂਦੀ ਹੈ ਪਰ ਬਹੁਤ ਘੱਟ ਕਿਉਂਕਿ ਕੁੜੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਤੇ ਮਾਰ ਰਹੀਆਂ ਹਨ।

ਜੱਚਾ-ਬੱਚਾ ਨੂੰ ਬਹੁਤ ਹੀ ਚਾਵਾਂ ਪਿਆਰਾਂ ਤੇ ਲਾਡਾਂ ਨਾਲ ਗਿਆਰਵੇਂ ਜਾਂ ਫਿਰ ਤੇਰਵੇਂ ਦਿਨ ਬਾਹਰ ਵਧਾਈਦਾ

ਆਪਾਂ ਸਾਰੇ ਹੀ ਧੀਆਂ-ਭੈਣਾਂ ਤੇ ਪਰਿਵਾਰਾਂ ਵਾਲੇ ਹਾਂ ਜਦ ਵੀ ਕਿਸੇ ਘਰ ਲੜਕਾ ਪੈਦਾ ਹੁੰਦਾ ਹੈ ਭਾਵੇਂ ਓਹ ਆਪਣੀ ਧੀ ਹੋਵੇ ਭੈਣ ਹੋਵੇ ਜਾਂ ਫਿਰ ਨੂੰਹ ਹੋਵੇ, ਤਾਂ ਉਸ ਜੱਚਾ-ਬੱਚਾ ਨੂੰ ਬਹੁਤ ਹੀ ਚਾਵਾਂ ਪਿਆਰਾਂ ਤੇ ਲਾਡਾਂ ਨਾਲ ਗਿਆਰਵੇਂ ਜਾਂ ਫਿਰ ਤੇਰਵੇਂ ਦਿਨ ਬਾਹਰ ਵਧਾਈਦਾ ਹੈ ਇਲਾਕੇ ਦੇ ਹਿਸਾਬ ਨਾਲ ਇਨ੍ਹਾਂ ਦਿਨਾਂ ਦਾ ਬੇਸ਼ੱਕ ਅੰਤਰ ਹੋ ਸਕਦਾ ਹੈ। ਪਰ ਹੁੰਦਾ ਹਮੇਸ਼ਾਂ ਹੀ ਗਿਆਰਵੇਂ-ਤੇਰਵੇਂ ਜਾਂ ਫਿਰ ਬਹੁਤ ਜ਼ਿਆਦਾ ਸਰਦੀ ਦੇ ਦਿਨਾਂ ਵਿੱਚ ਇੱਕੀਵੇਂ ਦਿਨ ਵੀ ਹੋ ਸਕਦਾ ਹੈ। ਇਸ ਖੁਸ਼ੀ ਦੇ ਸਮੇਂ ’ਤੇ ਕੁੜਮਾਚਾਰੀ ਵੱਲੋਂ ਘਿਓ ਭਾਵ ਪੰਜੀਰੀ ਵੀ ਲਿਆਂਦੀ ਜਾਂਦੀ ਹੈ, ਕਿਉਂਕਿ ਬੱਚਾ ਪੈਦਾ ਕਰਨ ਵਾਲੀ ਬੀਬੀ ਭੈਣ ਜਾਂ ਧੀ ਆਪਣੇ ਸਰੀਰ ਨੂੰ ਪਹਿਲਾਂ ਜਿਹੀ ਹਾਲਤ ਵਿੱਚ ਲਿਆਉਣ ਲਈ ਅਤਿਅੰਤ ਜ਼ਰੂਰੀ ਤੇ ਸਮੇਂ ਮੁਤਾਬਿਕ ਖੁਰਾਕ ਦੀ ਲੋੜ ਹੁੰਦੀ ਹੈ ਜਿਸ ਵਿੱਚ ਸਾਡੀਆਂ ਮਾਵਾਂ ਜਾਂ ਦਾਦੀ ਦੀ ਉਮਰ ਦੀਆਂ ਸਵਾਣੀਆਂ ਉਸ ਘਿਓ ਰੂਪੀ ਪੰਜੀਰੀ ਵਿਚ ਸਭ ਕੁੱਝ ਰਲਾ ਲਿਆ ਕਰਦੀਆਂ ਸਨ।

ਜੇਕਰ ਆਪਣੀ ਕੋਈ ਧੀ ਜਾਂ ਭੈਣ ਕੋਲ ਬੱਚਾ ਹੋਇਆ ਹੈ ਤਾਂ ਆਪਣੇ ਵੱਲੋਂ ਤੇ ਜੇਕਰ ਆਪਣੀ ਨੂੰਹ ਕੋਲ ਹੋਇਆ ਹੈ ਤਾਂ ਲੜਕੀ ਦੇ ਪੇਕਿਆਂ ਵੱਲੋਂ ਭਾਵ ਆਪਣੇ ਕੁੜਮਾਂ ਵੱਲੋਂ ਇਹ ਸ਼ਗਨ ਨਿਭਾਇਆ ਜਾਂਦਾ ਹੈ ਇਹ ਰਿਵਾਜ ਜੁਗਾਂ-ਜੁਗਾਂਤਰਾਂ ਤੋਂ ਭਾਵ ਆਪਣੀ ਸੁਰਤ ਸੰਭਾਲਣ ਤੋਂ ਪਹਿਲਾਂ ਦਾ ਹੀ ਚੱਲਦਾ ਆ ਰਿਹਾ ਹੈ ਤੇ ਅੱਜ ਤੀਕ ਓਸੇ ਤਰ੍ਹਾਂ ਹੀ ਚੱਲ ਰਿਹਾ ਹੈ ਓਹ ਕਰਮਾਂ ਵਾਲੇ ਘਰ ਤੇ ਪਰਿਵਾਰ ਹੁੰਦੇ ਹਨ ਜਿਹੜੇ ਪਰਿਵਾਰ ਇਨ੍ਹਾਂ ਖੁਸ਼ੀਆਂ ਨਾਲ ਅਨੰਦਿਤ ਹੁੰਦੇ ਹਨ।

ਛੋਟੇ ਬੱਚੇ ਭਾਵ ਲੜਕੇ ਨੂੰ ਕਿਸੇ ਵੱਡੇ ਆਦਮੀ ਦੀ ਜੁੱਤੀ ਪਵਾਈ ਜਾਂਦੀ

ਜਦ ਜੱਚਾ ਬੱਚਾ ਨੂੰ ਘਰ ਦੀ ਸਬਾਤ ਜਾਂ ਇਉਂ ਕਹਿ ਲਈਏ ਕਿ ਕਮਰੇ ’ਚੋਂ ਬਾਹਰ ਲਿਆਉਣਾ ਹੁੰਦਾ ਹੈ ਉਸ ਸਮੇਂ ਇੱਕ ਛੋਟੇ ਬੱਚੇ ਭਾਵ ਲੜਕੇ ਨੂੰ ਕਿਸੇ ਵੱਡੇ ਆਦਮੀ ਦੀ ਜੁੱਤੀ ਪਵਾਈ ਜਾਂਦੀ ਹੈ, ਹਮੇਸ਼ਾ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਛੋਟਾ ਬੱਚਾ ਨਵਾਂ ਮਹਿਮਾਨ ਘਰ ਆਇਆ ਹੁੰਦਾ ਹੈ ਓਸੇ ਦੇ ਪਿਤਾ ਦੀ ਜੁੱਤੀ ਹੀ ਪਵਾਈ ਜਾਵੇ ਤੇ ਸ਼ਗਨਾਂ ਦੀ ਪ੍ਰਤੀਕ ਫੁਲਕਾਰੀ ਉੱਪਰ ਲੈ ਕੇ ਜਾਂ ਫਿਰ ਲਾਲ ਗੋਟੇ ਵਾਲੀ ਚੁੰਨੀ ਉੱਪਰ ਲੈ ਕੇ ਉਸ ਲਾ ਪੱਲਾ ਫੜ ਕੇ ਬੱਚਾ ਬਾਹਰ ਤੱਕ ਸ਼ਗਨਾਂ ਨਾਲ ਲੈ ਕੇ ਆਉਂਦਾ ਹੈ। (ਇਹ ਬੱਚਾ ਭਤੀਜਾ ਦੋਹਤਾ ਭਾਣਜਾ ਜਾਂ ਗਵਾਂਢ ਵਿਚੋਂ ਭਾਵ ਕੋਈ ਵੀ ਹੋ ਸਕਦਾ ਹੈ) ਉਸ ਸਮੇਂ ਸ਼ਗਨਾਂ ਵਾਲ਼ੇ ਗੀਤ ਜਾਂ ਹੋਰ ਸਿਆਣੀਆਂ-ਸਵਾਣੀਆਂ ਇਸੇ ਰਸਮ ਨਾਲ ਸਬੰਧਿਤ ਗੀਤ ਗਾਉਂਦੀਆਂ ਹਨ ।

ਸਭਨਾਂ ਨੂੰ ਮਠਿਆਈ, ਗੁੜ ਜਾਂ ਫਿਰ ਪਤਾਸੇ ਵੰਡੇ ਜਾਂਦੇ

ਸਭਨਾਂ ਨੂੰ ਮਠਿਆਈ, ਗੁੜ ਜਾਂ ਫਿਰ ਪਤਾਸੇ ਵੰਡੇ ਜਾਂਦੇ ਹਨ ਪੂਰੇ ਰੀਤੀ-ਰਿਵਾਜਾਂ ਨਾਲ ਇਹ ਵਿਹਾਰ ਨਿਭਾਇਆ ਜਾਂਦਾ ਹੈ ਇਸ ਦਾ ਜਦ ਪਿਛੋਕੜ ਜਾਣਨਾ ਚਾਹਿਆ ਤਾਂ ਇਹੀ ਪਤਾ ਲੱਗਦਾ ਹੈ ਇਸ ਦਾ ਮਤਲਬ ਸਿਰਫ਼ ਤੇ ਸਿਰਫ਼ ਇਹੀ ਹੈ ਕਿ ਘਰ ਦੀ ਵੇਲ ਵਧੀ ਹੈ ਤੇ ਓਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੀ ਤੇ ਜੋਦੜੀ ਕਰਨਾ ਹੀ ਹੈ ਕਿ ਵਾਹਿਗੁਰੂ ਸੱਚੇ ਪਰਮ ਪਿਤਾ ਪਰਮਾਤਮਾ ਜੀ ਇਸ ਪਰਿਵਾਰ ਨੂੰ ਖੁਸ਼ੀਆਂ ਨਾਲ ਮਾਲੋਮਾਲ ਕਰਨਾ ਤੇ ਜੱਚਾ ਬੱਚਾ ਤੇ ਪਰਿਵਾਰਕ ਖੁਸ਼ਹਾਲੀ ਲਈ ਹੀ ਇਹ ਰਸਮ/ਰਿਵਾਜ/ਵਿਹਾਰ ਕੀਤਾ ਜਾਂਦਾ ਹੈ ।

ਖੁਸ਼ੀ ਕਦੇ ਵੀ ਨਾਪੀ-ਤੋਲੀ ਨਹੀਂ ਜਾ ਸਕਦੀ

ਬੇਸ਼ੱਕ ਬਹੁਤ ਸਾਰੇ ਪੁਰਾਤਨ ਰੀਤੀ ਰਿਵਾਜ ਅਜੋਕੇ ਸਮੇਂ ਵਿੱਚ ਸਾਨੂੰ ਭੁੱਲਦੇ ਜਾ ਰਹੇ ਹਨ, ਪਰ ਇਹ ਰਿਵਾਜ ਅੱਜ ਵੀ ਜਿਉਂ ਦਾ ਤਿਉਂ ਨਿਭਾਇਆ ਜਾਂਦਾ ਹੈ ਓਹ ਗੱਲ ਵੱਖਰੀ ਹੈ ਕਿ ਹਰ ਪਰਿਵਾਰ ਆਪਣੇ ਵਿਤ ਮੁਤਾਬਿਕ ਜਾਂ ਕਹਿ ਲਈਏ ਆਪਣੀ ਹੈਸੀਅਤ ਮੁਤਾਬਕ ਬਹੁਤ ਜ਼ਿਆਦਾ ਜਾ ਘੱਟ ਇਕੱਠ ਕਰ ਲੈਂਦੇ ਹਨ ਤੇ ਜ਼ਸ਼ਨ ਮਨਾਉਂਦੇ ਹਨ ਇਹ ਇੱਕ ਅਲਹਿਦਾ ਗੱਲ ਹੈ ਪਰ ਇਸ ਦਿਨ ਦੀ ਖੁਸ਼ੀ ਕਦੇ ਵੀ ਨਾਪੀ-ਤੋਲੀ ਨਹੀਂ ਜਾ ਸਕਦੀ ਪਰਮਾਤਮਾ ਐਸੀਆਂ ਖੁਸ਼ੀਆਂ ਹਰ ਘਰ ਵਿੱਚ ਹਰ ਪਰਿਵਾਰ ਵਿੱਚ ਭਾਵੇਂ ਭੈਣ ਧੀ ਨੂੰਹ ਹੋਵੇ ਜਰੂਰ ਲਿਆਵੇ ਕੋਈ ਵੀ ਘਰ ਇਸ ਖੁਸ਼ੀ ਤੋਂ ਵਾਂਝਾ ਨਾ ਰਹੇ ਇਹੀ ਰੱਬ ਅੱਗੇ ਅਰਦਾਸ ਬੇਨਤੀ ਜੋਦੜੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.