ਕਾਂਗਰਸ ਨੇ ਜ਼ਿਲ੍ਹਾ ਪਟਿਆਲਾ ਅੰਦਰ 6 ਹਲਕਿਆਂ ਤੋਂ ਉਤਾਰੇ ਉਮੀਦਵਾਰ, 2 ਹਲਕਿਆਂ ’ਤੇ ਫਸਿਆ ਪੇਚ

Congress Candidates Sachkahoon

ਸਾਧੂ ਸਿੰਘ ਧਰਮਸੋਤ, ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਕਾਕਾ ਰਜਿੰਦਰ ਸਿੰਘ ਅਤੇ ਹਰਿੰਦਰਪਾਲ ਹੈਰੀਮਾਨ ਨੂੰ ਮੁੜ ਮਿਲੀ ਟਿਕਟ

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਹੀਂ ਲੜਨਗੇ ਚੋਣ, ਪੁੱਤ ਨੂੰ ਟਿਕਟ ਦਿਵਾਉਣ ’ਚ ਕਾਮਯਾਬ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਪਾਰਟੀ ਵੱਲੋਂ ਪੰਜਾਬ ਅੰਦਰ ਆਪਣੇ ਉਮੀਦਵਾਰਾਂ (Congress Candidates) ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ। ਇਸ ਲਿਸਟ ਵਿੱਚ ਪਟਿਆਲਾ ਜ਼ਿਲ੍ਹੇ ਦੇ 6 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਦੋ ਹਲਕਿਆਂ ਦਾ ਅਜੇ ਪੇਚ ਫਸਿਆ ਹੋਇਆ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਇਸ ਵਾਰ ਚੋਣ ਨਹੀਂ ਲੜਨਗੇ ਅਤੇ ਉਨ੍ਹਾਂ ਵੱਲੋਂ ਆਪਣੇ ਪੁੱਤਰ ਨੂੰ ਟਿਕਟ ਦਿਵਾ ਕੇ ਰਾਜਨੀਤਿਕ ਪਿੜ ’ਚ ਉਸਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਜਦਕਿ 5 ਹਲਕਿਆਂ ਤੋਂ ਕਾਂਗਰਸ ਵੱਲੋਂ ਆਪਣੇ ਪਿਛਲੇ ਉਮੀਦਵਾਰਾਂ ਨੂੰ ਹੀ ਮੁੜ ਟਿਕਟ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਹਲਕਾ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉਹ ਹਲਕਾ ਰਾਜਪੁਰਾ ਤੋਂ ਚੌਥੀ ਵਾਰ ਚੋਣ ਲੜਨਗੇ। ਉਹ ਸਾਲ 2012 ਅਤੇ ਸਾਲ 2017 ਵਿੱਚ ਜਿੱਤ ਪ੍ਰਾਪਤ ਕਰ ਚੁੱਕੇ ਹਨ ਜਦਕਿ ਸਾਲ 2007 ਵਿੱਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਵਾਰ ਹਲਕਾ ਰਾਜਪੁਰਾ ਤੋਂ ਤਕੜੀ ਟੱਕਰ ਹੋਣ ਦੇ ਅਸਾਰ ਹਨ। ਇਸੇ ਤਰ੍ਹਾਂ ਹੀ ਹਲਕਾ ਘਨੌਰ ਵੀ ਹਾਟ ਸੀਟ ਬਣ ਚੁੱਕੀ ਹੈ। ਇੱਥੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਕਾਂਗਰਸ ਵੱਲੋਂ ਆਪਣਾ ਮੁੜ ਉਮੀਦਵਾਰ ਬਣਾਇਆ ਗਿਆ ਹੈ। ਉਹ ਚੌਥੀ ਵਾਰ ਇਸ ਹਲਕੇ ਤੋਂ ਚੋਣ ਲੜਨਗੇ।

ਸਾਲ 2007 ਵਿੱਚ ਉਨ੍ਹਾਂ ਵੱਲੋਂ ਅਜ਼ਾਦ ਤੌਰ ’ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸਾਲ 2012 ’ਚ ਉਹ ਕਾਂਗਰਸ ਦੀ ਤਰਫ਼ੋਂ ਚੋਣ ਲੜੇ, ਪਰ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਤੋਂ ਹਾਰ ਗਏ। ਉਨ੍ਹਾਂ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਥੰਮ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਪ ਉਮੀਦਵਾਰ ਗੁਰਲਾਲ ਘਨੌਰ ਨਾਲ ਹੋਵੇਗਾ। ਇੱਥੇ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਫ਼ਸਵੀ ਟੱਕਰ ਦੇਖਣ ਨੂੰ ਮਿਲੇਗੀ।

ਹਲਕਾ ਨਾਭਾ ਤੋਂ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। ਉਨ੍ਹਾਂ ’ਤੇ ਵਜੀਫ਼ੇ ਘੁਟਾਲੇ ਦਾ ਮਾਮਲਾ ਕਾਫ਼ੀ ਮਘਿਆ ਰਿਹਾ ਅਤੇ ਪੰਜਾਬ ਵਿੱਚ ਰਾਜਨੀਤਿਕ ਪਾਰਾ ਸਿਖਰ ’ਤੇ ਰਿਹਾ। ਧਰਮਸੋਤ ਸੱਤਵੀਂ ਵਾਰ ਚੋਣ ਲੜਨਗੇ, ਉਹ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਕੈਪਟਨ ਸਰਕਾਰ ਵਿੱਚ ਉਹ ਕੈਬਨਿਟ ਮੰਤਰੀ ਵੀ ਰਹੇ, ਪਰ ਕੈਪਟਨ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰਨ ਤੋਂ ਬਾਅਦ ਉਨ੍ਹਾਂ ਦੀ ਕੁਰਸੀ ਵੀ ਖੁੱਸ ਗਈ। ਧਰਮਸੋਤ ਸਿਰਫ਼ 1997 ਵਿੱਚ ਚੋਣ ਹਾਰੇ ਸਨ। ਇਸ ਦੇ ਨਾਲ ਹੀ ਹਲਕਾ ਸਮਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਦੇ ਪੁੱਤਰ ਕਾਕਾ ਰਜਿੰਦਰ ਸਿੰਘ ਨੂੰ ਦੂਜੀ ਵਾਰ ਉਮੀਦਵਾਰ ਬਣਾਇਆ ਗਿਆ ਹੈ।

ਉਹ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਹਿਲੀ ਚੋਣ ਲੜੇ ਸਨ ਅਤੇ ਉਨ੍ਹਾਂ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਪਟਕਣੀ ਦਿੱਤੀ ਸੀ। ਇਸ ਵਾਰ ਹਲਕਾ ਸਮਾਣਾ ਤੋਂ ਉਨ੍ਹਾਂ ਲਈ ਸਥਿਤੀ ਔਖੀ ਦਿਖਾਈ ਦੇ ਰਹੀ ਹੈ। ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਦੂਜੀ ਵਾਰ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ। ਇੱਥੋਂ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਵੱਲੋਂ ਵੀ ਟਿਕਟ ਲਈ ਜੋਰ ਅਜਮਾਈ ਕੀਤੀ ਜਾ ਰਹੀ ਸੀ। ਹੈਰੀਮਾਨ ਸਾਲ 2017 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ ਸਨ ਅਤੇ ਉਹ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੋਂ ਚੋਣ ਹਾਰ ਗਏ ਸਨ। ਕਾਂਗਰਸ ਵੱਲੋਂ ਮੁੜ ਹੈਰੀਮਾਨ ’ਤੇ ਭਰੋਸਾ ਜਿਤਾਇਆ ਗਿਆ ਹੈ। ਹਲਕਾ ਪਟਿਆਲਾ ਸ਼ਹਿਰੀ ਅਤੇ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।

ਮੋਹਿਤ ਮਹਿੰਦਰਾ ਪਹਿਲੀ ਵਾਰ ਲੜਨਗੇ ਚੋਣ

ਹਲਕਾ ਪਟਿਆਲਾ ਦਿਹਾਤੀ ਤੋਂ ਬ੍ਰਹਮ ਮਹਿੰਦਰਾ ਨੇ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਆਪਣਾ ਰਾਜਨੀਤਿਕ ਵਾਰਸ ਬਣਾ ਦਿੱਤਾ ਹੈ ਅਤੇ ਉਹ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਹਨ। ਮੋਹਿਤ ਮਹਿੰਦਰਾ ਹਲਕਾ ਪਟਿਆਲਾ ਦਿਹਾਤੀ ਤੋਂ ਪਹਿਲੀ ਵਾਰ ਚੋਣ ਲੜਨਗੇ ਅਤੇ ਉਨ੍ਹਾਂ ਲਈ ਇੱਥੇ ਸਥਿਤੀ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ। ਬ੍ਰਹਮ ਮਹਿੰਦਰਾ ਰਾਜਨੀਤੀ ਦੇ ਧੁਰੰਦਰ ਰਹੇ ਹਨ ਅਤੇ ਉਹ ਅੱਠ ਵਾਰ ਚੋਣਾਂ ਲੜ ਚੁੱਕੇ ਹਨ ਅਤੇ 6 ਵਾਰ ਜਿੱਤੇ ਹਨ। ਉਹ ਮੌਜੂਦਾ ਸਮੇਂ ਅਤੇ ਇੱਕ ਵਾਰ ਪਹਿਲਾਂ ਵੀ ਮੰਤਰੀ ਦੇ ਅਹੁਦੇ ’ਤੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ