ਪੰਜਾਬ

ਲੁਧਿਆਣਾ ਦੁਰਾਚਾਰ ਮਾਮਲੇ ‘ਚ 6 ਦੋਸ਼ੀ ਕਾਬੂ, 60 ਦਿਨਾਂ ‘ਚ ਹੋਵੇਗੀ ਜਾਂਚ ਮੁਕੰਮਲ : ਗੁਪਤਾ

Convicts, Ludhiana, Misdemeanor, Case, Completed, Gupta

ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ

ਲੁਧਿਆਣਾ | ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ. ਪੱਧਰ ਦੀ ਮਹਿਲਾ ਅਧਿਕਾਰੀ ਵੱਲੋਂ ਅਗਲੇ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਪੰਜਾਬ ਪੁਲਿਸ ਮੁਖੀ ਸ੍ਰੀ ਦਿਨਕਰ ਗੁਪਤਾ ਆਈ. ਪੀ. ਐੱਸ. ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ।

ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਸਾਦਿਕ ਅਲੀ ਪੁੱਤਰ ਅਬਦੁੱਲਾ ਪਿੰਡ ਰਹਿਮਪਾ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ, ਸੁਰਮੂ ਪੁੱਤਰ ਰੋਸ਼ਨ ਦੀਨ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ, ਅਜੇ ਪੁੱਤਰ ਲੱਲਣ ਪਿੰਡ ਟਿੱਬਾ ਜ਼ਿਲਾ ਲੁਧਿਆਣਾ, ਸੈਫ ਅਲੀ ਵਾਸੀ ਟਿੱਬਾ ਜ਼ਿਲਾ ਲੁਧਿਆਣਾ ਅਤੇ ਇੱਕ ਨਾਬਾਲਗ ਦੋਸ਼ੀ ਜੋ ਕਿ ਬਸਤੀ ਚੰਗਰਾਂ ਕਠੂਆ ਦਾ ਰਹਿਣ ਵਾਲਾ ਹੈ, ਸ਼ਾਮਿਲ ਹਨ। ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਆਈ. ਜੀ. ਰੋਪੜ ਸ੍ਰੀਮਤੀ ਨੀਰਜਾ ਦੀ ਨਿਗਰਾਨੀ ਵਿੱਚ ਦਾਖਾ ਦੀ ਡੀ. ਐÎੱਸ. ਪੀ. ਸ੍ਰੀਮਤੀ ਹਰਕੰਵਲ ਕੌਰ ਵੱਲੋਂ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ।ਉਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਚਾਰ ਮਹੀਨੇ ਦੇ ਵਿੱਚ-ਵਿੱਚ ਸਜ਼ਾ ਦਿਵਾਈ ਜਾ ਸਕੇ।

ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਤੁਰੰਤ ਹਰਕਤ ਵਿੱਚ ਨਾ ਆਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ ਜਾਂ ਨਹੀਂ? ਸ੍ਰੀ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਪੰਜਾਬ ਪੁਲਿਸ ਵੱਲੋਂ 181 ਹੈੱਲਪਲਾਈਨ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜੇਕਰ ਜ਼ਰੂਰਤ ਪਵੇਗੀ ਤਾਂ ਅਜਿਹੀਆਂ ਥਾਵਾਂ ‘ਤੇ ਨਿਗਰਾਨੀ ਰੱਖਣ ਲਈ ਢੁੱਕਵੇਂ ਪੁਲਿਸ ਸਟੇਸ਼ਨ ਆਦਿ ਵੀ ਖੋਲੇ ਜਾਣਗੇ। ਪੀ. ਸੀ. ਆਰ. ਅਤੇ ਰੂਰਲ ਰੈਪਿੰਡ ਰਿਸਪਾਂਸ ਸੇਵਾਵਾਂ ਨੂੰ ਹੋਰ ਕਾਰਗਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁੰਨੀਆਂ ਥਾਵਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਜਾਣਗੇ।

ਸ੍ਰੀ ਗੁਪਤਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਅਜਿਹੇ ਅਪਰਾਧਾਂ, ਖਾਸ ਕਰਕੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਹੋਰ ਦੋਸ਼ੀ ਵੀ ਸਾਹਮਣੇ ਆਉਣਗੇ ਤਾਂ ਉਹ ਵੀ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਉਨਾਂ ਨਾਲ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖੱਟੜਾ, ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਜ਼ਿਲਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਸ੍ਰ. ਵਰਿੰਦਰ ਸਿੰਘ ਬਰਾੜ, ਜ਼ਿਲਾ ਪੁਲਿਸ ਮੁੱਖੀ ਖੰਨਾ ਸ੍ਰੀ ਧਰੁਵ ਦਹਿਆ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top