ਕੋਰੋਨਾ ਵਾਇਰਸ (Corona virus)

0
Corona

ਕੋਰੋਨਾ ਵਾਇਰਸ

ਸੀਤੇ ਪਏ ਨੇ ਬੁੱਲ੍ਹ
ਵੱਡੇ-ਵੱਡੇ ਕਿਰਦਾਰਾਂ ਦੇ,
ਦਰਵਾਜੇ ਹੋ ਗਏ ਬੰਦ
ਜੱਗ ਦੇ ਉੱਚੇ ਮਿਨਾਰਾਂ ਦੇ
ਅੱਜ ਤੱਕ ਤਾਂ ਆਪਾਂ ਨੇ ਵੀ
ਆਪਣੀ ਮਰਜੀ ਪਾਲੀ ਐ,
ਆਪੋ-ਧਾਪੀ ਦੇ ਵਿੱਚ ਆਪਾਂ
ਕੁਦਰਤ ਦੀ ਗੱਲ ਟਾਲ਼ੀ ਐ
ਦੁਨੀਆ ਦਾ ਤਾਂ ਜਾਮ ਹੈ ਚੱਕਾ
ਸਮੇਂ ਦਾ ਚੱਕਾ ਚੱਲਦਾ ਹੈ,
ਜੋ ਬੀਜਿਆ ਸੀ ਉੱਗ ਪਿਆ
ਹੁਣ ਉਹ ਕਿੱਥੇ ਟੱਲ਼ਦਾ ਹੈ
ਹੁਣ ਤਾਂ ਸਿਰੋਂ ਲਹਿ ਗਿਆ ਹੋਣਾ
ਭਾਰ ਸੀ ਕੰਮਾਂ-ਧੰਦਿਆਂ ਦਾ,
ਤੇਰੇ ਮੇਰੇ ਦੀ ਜੰਗ ਸੀ ਲੜਦਾ
ਹੱਕ ਮਾਰਦਾ ਸੀ ਤੂੰ ਬੰਦਿਆਂ ਦਾ
ਕੌਣ ਗਰੀਬ ਹੈ, ਕੌਣ ਸ਼ਾਹ ਹੈ
ਹੁਣ ਪਤਾ ਹੀ ਨ੍ਹੀਂ ਲੱਗਦਾ,
ਹੰਕਾਰ ਕਿਧਰੇ ਡੁੱਲ੍ਹ ਗਿਆ ਹੈ
ਜੋ ਸੀ ਰਗ-ਰਗ ਦੇ ਵਿੱਚ ਵਗਦਾ
ਚਲੋ ਦੋਸਤੋ ਅੰਦਰ ਹੀ ਰਹੋ
ਇਹ ਹੀ ਹੁਣ ਜ਼ਰੂਰੀ ਐ,
ਕਰ ਲਓ ਸਾਰੇ ਦਿਨ ਕਟੀਆਂ
ਇਹ ਸਭ ਦੀ ਮਜ਼ਬੂਰੀ ਐ

ਕੇਵਲ ਸਿੰਘ ਧਰਮਪੁਰਾ, ਮੋ. 98788-01561

ਕੁਦਰਤ ਦੇ ਰੰਗ ਨਿਆਰੇ

ਕੁਦਰਤ ਦੇ ਰੰਗ ਨਿਆਰੇ
ਇੱਕ ਪਾਸੇ ਹੋਇਆ ਸ਼ੁੱਧ ਵਾਤਾਵਰਨ
ਦੂਜੇ ਪਾਸੇ ਸੰਕਟ ਭਾਰੇ
ਕੁਦਰਤ ਦੇ ਰੰਗ ਨਿਆਰੇ…
ਸਦੀਆਂ ਬਾਅਦ ਜਲੰਧਰ ਦੇ ਵਿਚ
ਮਾਹੌਲ ਇਹੋ-ਜਿਹਾ ਛਾਇਆ
ਧੌਲਧਰ ਨੇ ਫਿਰ ਮੁੜ ਤੋਂ
ਹੈ ਆਪਣਾ ਜਲਵਾ ਦਿਖਾਇਆ
ਦੇਖ-ਦੇਖ ਦਿਲ ਖੁਸ਼ ਹੋ ਜਾਂਦਾ
ਦ੍ਰਿਸ਼ ਲੱਗਦੇ ਬੜੇ ਪਿਆਰੇ
ਕੁਦਰਤ ਦੇ ਰੰਗ ਨਿਆਰੇ…
ਹੋਣ ਲੱਗੀ ਸਾਫ ਵਾਯੂ ਸਾਰੀ
ਕਦਮ ਰੱਬ ਨੇ ਇਹੋ-ਜਿਹਾ ਚੱਕਿਆ
ਚੱਲ ਪਈ ਫਿਰ ਭਾਰਤੀ ਸੰਸਕ੍ਰਿਤੀ
ਘੱਟ ਗਈ ਜੀਵ ਹੱਤਿਆ
ਮਰਜੀ ਆਪਣੀ ਨਾਲ ਜਿਊਣ ਲੱਗੇ
ਨੇ ਜਾਨਵਰ ਪੰਛੀ ਵਿਚਾਰੇ
ਕੁਦਰਤ ਦੇ ਰੰਗ ਨਿਆਰੇ…
ਛੇੜਛਾੜ ਬੜੀ ਕੀਤੀ ਇਸ ਨਾਲ
ਜੋ ਅੱਜ ਮਨੁੱਖ ਨੂੰ ਮਹਿੰਗੀ ਪੈ ਗਈ
ਮੁੱਲ ਇਹਨੇ ਜੋ ਮੋੜ ਕੇ ਦਿੱਤਾ
ਦੁਨੀਆਂ ਮਹਾਂ-ਸੰਕਟ ਵਿਚ ਪੈ ਗਈ
ਵੱਡਿਆਂ-ਵੱਡਿਆਂ ਦੇ ਸਿਰ ਝੁਕਵਾਤੇ
ਕੱਢ ਦਿੱਤੇ ਚੰਗਿਆੜੇ
ਕੁਦਰਤ ਦੇ ਰੰਗ ਨਿਆਰੇ…
ਪ੍ਰਦੂਸ਼ਣ ਦੀ ਫਿਰ ਸਾਦਿਕ ਵਾਲਿਆ
ਝੁੱਲ ਜਾਣੀ ਏ ਹਨ੍ਹੇਰੀ
ਇੱਕ ਵਾਰ ਬੱਸ ਲਾਕਡਾਊਨ ਦੇ
ਖੁੱਲ੍ਹਣ ਦੀ ਹੈ ਦੇਰੀ
ਮਨਮੋਹਣੇ ਜਿਹੇ ਦ੍ਰਿਸ਼ ਇਹੋ ਜੇ
ਫਿਰ ਲੱਭਣੇ ਨਹੀਂ ਦੁਬਾਰੇ
ਕੁਦਰਤ ਦੇ ਰੰਗ ਨਿਆਰੇ…

ਖੁਸ਼ਵਿੰਦਰ ਸਿੰਘ

ਦੇਸ਼ ਬਚਾਉਣਾ ਹੈ

ਰਲ-ਮਿਲ ਕੇ ਦੇਸ਼ ਬਚਾਉਣਾ ਏ,
ਕੋਰੋਨਾ ਵਾਇਰਸ ਇੱਥੋਂ ਭਜਾਉਣਾ ਏ
ਸੁਚੇਤ ਰਹੋ ਤੇ ਨਾ ਘਬਰਾਓ,
ਬਿਨਾਂ ਵਜ੍ਹਾ ਨਾ ਘਰ ਤੋਂ ਜਾਓ
ਦੂਰੀ ਰੱਖੋ ਨਾ ਹੱਥ ਮਿਲਾਓ,
ਐਵੇਂ ਨਾ ਕਿਤੇ ਭੀੜ ਵਧਾਓ
ਵਾਰ-ਵਾਰ ਹੱਥਾਂ ਨੂੰ ਧੋਈਏ,
ਵਕਫ਼ਾ ਮੀਟਰ ਦੂਰ ਖਲੋਈਏ
ਪ੍ਰਸ਼ਾਸਨ ਦਾ ਸਾਥ ਨਿਭਾਉਣਾ ਏ,
ਕੋਰੋਨਾ ਵਾਇਰਸ ਤਾਈਂ ਦੇਖੋ,
ਲੋਕਾਂ ਨੂੰ ਰਲ ਜਗਾਉਣਾ ਏ
ਵਿਦੇਸ਼ੋਂ ਪਰਤਿਆ ਜੁੰਮੇਵਾਰੀ ਨਿਭਾਏ,
ਨਾ ਕਿਸੇ ਤੋਂ ਪਰਦਾ ਪਾਏ
ਕੋਰੋਨਾ ਵਾਇਰਸ ਦੇ ਸਾਰੇ ਦੇਖੋ,
ਹਸਪਤਾਲ ਵਿੱਚ ਟੈਸਟ ਕਰਾਏ
ਇਹ ਦੇਖੋ ਗੰਭੀਰ ਵਿਸ਼ਾ ਏ,
ਨਾ ਲੈ ਕੇ ਹਲਕੇ ਵਿੱਚ ਜਾਈਏ
ਸਮਾਂ ਨਿੱਕਲਿਆ ਹੱਥ ਨਹੀਂ ਆਉਣਾ,
ਕੋਰੋਨਾ ਨੂੰ ਨਾ ਮਜ਼ਾਕ ਬਣਾਈਏ
ਮੂੰਹ ਢੱਕ ਕੇ ਹੀ ਗੱਲ ਨੂੰ ਤੋਰੋ,
ਕੋਲ ਨਾ ਬੈਠੋ ਹੱਥਾਂ ਨੂੰ ਜੋੜੋ
ਸੰਪਰਕ ਵਿੱਚ ਵੀ ਥੋੜ੍ਹਾ ਆਈਏ
ਕੋਰੋਨਾ ਵਾਇਰਸ ਨਾ ਹੋਰ ਵਧਾਈਏ

ਅਮਰਜੀਤ ਸਿੰਘ,
ਖਾਕ ਜਲੋਟਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।