22 ਤੱਕ ਡੀ ਏ ਪੀ ਖਾਦ ਦੀ ਕਿੱਲਤ ਦੂਰ ਹੋ ਜਾਵੇਗੀ : ਰਣਦੀਪ ਸਿੰਘ ਨਾਭਾ

0
103
DAP Fertilizer Sachkahoon

22 ਤੱਕ ਡੀ ਏ ਪੀ ਖਾਦ ਦੀ ਕਿੱਲਤ ਦੂਰ ਹੋ ਜਾਵੇਗੀ : ਰਣਦੀਪ ਸਿੰਘ ਨਾਭਾ

(ਅਨਿਲ ਲੁਟਾਵਾ/ਅਮਿਤ ਕੁਮਾਰ) ਫ਼ਤਹਿਗੜ੍ਹ ਸਾਹਿਬ। ਪੰਜਾਬ ਵਿੱਚ ਚੱਲ ਰਹੇ ਡੀ ਏ ਪੀ ਖਾਦ ਦੇ ਸੰਕਟ ਤੇ ਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ, ਰਣਦੀਪ ਸਿੰਘ ਨਾਭਾ ਨੇ ਸਪਸ਼ਟ ਕੀਤਾ ਹੈ ਕਿ 22 ਨਵੰਬਰ ਤੱਕ ਰਾਜ ਵਿੱਚ ਚੱਲ ਰਹੀ ਡੀ ਏ ਪੀ ਖਾਦ ਦੀ ਕਿੱਲਤ ਨੂੰ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰੀਕ ਤੋਂ ਬਾਅਦ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਦੀ ਕਮੀ ਨਹੀਂ ਆਵੇਗੀ।

ਉਨ੍ਹਾਂ ਦੱਸਿਆ ਕਿ ਰਾਜ ਵਿੱਚ ਡੀ ਏ ਪੀ ਖਾਦ ਦੇ ਮੁਕੰਮਲ ਪ੍ਰਬੰਧਾਂ ਲਈ ਖੇਤੀਬਾੜੀ ਵਿਭਾਗ ਦੀ ਟੀਮ ਦਿੱਲੀ ਵਿਖੇ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਬਣਾਕੇ ਸੂਬੇ ਨੂੰ ਡੀ ਏ ਪੀ ਦੀ ਕਿੱਲਤ ਤੋਂ ਬਾਹਰ ਕੱਢਣ ਲਈ ਡਟੀ ਹੋਈ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਨੇ ਦੱਸਿਆ ਕਿ ਕਣਕ ਦੀ ਬਿਜਾਈ ਦੌਰਾਨ ਡੀ ਏ ਪੀ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਦੇ ਸੀਜ਼ਨ ਦੀ ਸ਼ੁਰੂਆਤ ਦੌਰਾਨ ਪੰਜਾਬ ਵਿੱਚ ਤਿੰਨ ਫ਼ੀਸਦੀ ਤੋਂ ਘੱਟ ਸੀ, ਡੀ ਏ ਪੀ ਖਾਦ ਦਾ ਮੌਜੂਦਾ ਸਟਾਕ ਹੁਣ ਵੱਧ ਕੇ 86 ਫਿੱਸਦੀ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਰੋਜ਼ਾਨਾ 07 ਰੈਕ ਡੀ ਏ ਪੀ ਖਾਦ ਦੇ ਪੰਜਾਬ ਰਾਜ ਵਿੱਚ ਆਉਣ ਲੱਗ ਪਏ ਹਨ ਅਤੇ 30 ਨਵੰਬਰ ਤੱਕ ਚੱਲਣ ਵਾਲੀ ਕਣਕ ਦੀ ਬਿਜਾਈ ਵਿੱਚ ਡੀ ਏ ਪੀ ਦੀ ਕਿਤੇ ਵੀ ਘਾਟ ਨਹੀਂ ਰਹੇਗੀ।

ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਦੇ ਦੌਰੇ ਦੌਰਾਨ ਉਨ੍ਹਾਂ ਨੇ ਵੱਖ ਵੱਖ ਸਮਾਗਮਾਂ ਵਿੱਚ ਹਿੱਸਾ ਲਿਆ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਇਸ ਮੌਕੇ ਉਹਨਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਸਵ.ਜਵਾਹਰ ਲਾਲ ਨਹਿਰੂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਨ ਜਾਗਰਨ ਅਭਿਆਨ ਦੀ ਸ਼ੁਰੂਆਤ ਵੀ ਕੀਤੀ। ਇਸ ਮੌਕੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਤਿਹਾਸਿਕ ਫ਼ੈਸਲੇ ਲੈ ਕੇ ਸੂਬੇ ਦੇ ਲੋਕਾਂ ਨੂੰ ਰੋਜ਼ਾਨਾ ਨਵੀਆਂ ਰਾਹਤਾਂ ਦੇ ਰਹੀ ਹੈ।

ਇਸੇ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਨਾਭਾ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਨਾਲ ਹੀ ਕੇਂਦਰ ਸਰਕਾਰ ਵੱਲੋਂ ਬੀ ਐੱਸ ਐਫ ਦੇ ਅਧਿਕਾਰ ਖੇਤਰ ਨੂੰ ਵਧਾ ਕੇ 50 ਕਿੱਲੋਮੀਟਰ ਕੀਤੇ ਜਾਣ ’ਤੇ ਕਿਹਾ ਕਿ ਸੰਭਵ ਹੈ ਕਿ ਪਿਛਲੇ ਮੁੱਖ ਮੰਤਰੀ ਵੱਲੋਂ ਕੋਈ ਗ਼ਲਤੀ ਹੋਈ ਹੋਵੇ, ਤਾਂ ਇਸ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਸ ਨਾਭਾ ਨੇ ਇਸ ਮੌਕੇ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 11 ਵਿੱਚ ਪਾਰਕ ਦਾ ਉਦਘਾਟਨ ਕੀਤਾ। ਅਮਲੋਹ ਵਿਖੇ ਪੰਜਾਬ ਨਿਰਮਾਣ ਸਕੀਮ ਅਧੀਨ ਪੰਚਾਇਤਾਂ ਨੂੰ ਚੈੱਕ ਵੀ ਵੰਡੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ