ਕੱਚੇ ਕੋਠਿਆਂ ਦੀ ਬਾਤ ਪਾਉਣ ਵਾਲਾ, ਦਵਿੰਦਰ ਹਸਨਪੁਰੀ ਉਰਫ ਰਿੰਕੂ

ਕੱਚੇ ਕੋਠਿਆਂ ਦੀ ਬਾਤ ਪਾਉਣ ਵਾਲਾ, ਦਵਿੰਦਰ ਹਸਨਪੁਰੀ ਉਰਫ ਰਿੰਕੂ

ਸਿਰਮੌਰ ਦੀਆਂ ਪਹਾੜੀਆਂ ਵਿਚੋਂ ਆਪਣਾ ਰੂਪ ਨਿਖਾਰਨ ਵਾਲੀ ਅਤੇ ਪਿੰਡ ਛੱਤ ਦੇ ਚੜ੍ਹਦਿਓਂ ਅਤੇ ਅੰਬਾਲੇ ਦੇ ਲਹਿੰਦਿਓਂ ਹੁੰਦੀ, ਪਟਿਆਲਾ ਦੇ ਕੋਲ ਦੀ ਲੰਘਦੀ ਘੱਗਰ ਨਦੀ ਦੇ ਕਿਨਾਰੇ ਵੱਸੇ ਪਿੰਡ ਹਸਨਪੁਰ ਕੰਬੋਆਂ ਦਾ ਜੰਮਪਲ ਦਵਿੰਦਰ ਹਸਨਪੁਰੀ ਉਰਫ ਰਿੰਕੂ, ਹਾਲ ਹੀ ਵਿਚ ਆਪਣੀ ਪਲੇਠੀ ਪੁਸਤਕ ‘ਭੂਤਾਂ ਦਾ ਲਾਣਾ’ ਦੇ ਪ੍ਰਕਾਸ਼ਨ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਮੱਧ ਵਰਗੀ ਪਰਿਵਾਰ ਤੇ ਪਿਤਾ ਦੀ ਵੱਡੀ ਪਰਿਵਾਰਕ ਜ਼ਿੰਮੇਵਾਰੀ ਕਾਰਨ ਭਾਵੇਂ ਉਸ ਦੀ ਸਕੂਲ ਦੀ ਪੜ੍ਹਾਈ ਮੁਕੰਮਲ ਕਰਕੇ ਜਵਾਨੀ ਦੀ ਸਰਦਲ ’ਤੇ ਪੈਰ ਧਰਦਿਆਂ ਹੀ ‘ਕਰਨੀ ਤੇ ਤੇਸਾ’ ਹੱਥ ਫੜ ਲਿਆ ਅਤੇ ਰਾਜਗਿਰੀ ਨੂੰ ਆਪਣਾ ਕਸਬ ਬਣਾ ਲਿਆ।

ਸ਼ੁਰੂਆਤ ਦੇ ਲਗਭਗ 10-12 ਸਾਲ ਕੰਮ ਲਈ ਪਿੰਡੋਂ ਸ਼ਹਿਰ ਆਉਣ-ਜਾਣ ਦਾ ਸਿਲਸਿਲਾ ਚੱਲਦਾ ਰਿਹਾ। ਹਨ੍ਹੇਰੇ-ਸਵੇਰੇ ਆਉਣ-ਜਾਣ ਅਤੇ ਤੱਤੇ-ਠੰਢੇ ਮੌਸਮਾਂ ਦੀ ਦਿੱਕਤ ਕਾਰਨ ਅਖੀਰ ਪਿੰਡੋਂ ਪਰਵਾਜ ਕਰਕੇ ਪਟਿਆਲਾ ਸ਼ਹਿਰ ਦੇ ਲਾਗੇ ਕਸਬਾ ਸਨੌਰ ਵਿਖੇ ਆਪਣਾ ਵਾਸਾ ਕਰ ਲਿਆ। ਸਮਾਂ ਬੀਤਣ ਨਾਲ ਆਪਣੇ ਸੁਭਾਅ ਤੇ ਕਾਬਲੀਅਤ ਦੇ ਬਲਬੂਤੇ ’ਤੇ ਉਸ ਦਾ ਨਾਂਅ ਸ਼ਹਿਰ ਦੇ ਅੱਛੇ ਬਿਲਡਿੰਗ ਕੰਟਰੈਕਟਰਾਂ ਵਿੱਚ ਸ਼ੁਮਾਰ ਹੋ ਗਿਆ।

ਪਤਾ ਨਹੀਂ ਕਦੋਂ ਉਹ ਇੱਟਾਂ ਨੂੰ ਤਰਤੀਬ ਦਿੰਦਿਆਂ-ਦਿੰਦਿਆਂ ਸ਼ਬਦਾਂ ਨੂੰ ਤਰਤੀਬ ਦੇਣ ਲੱਗ ਪਿਆ ਤੇ ਇਹ ਸ਼ਬਦੀ ਤਰਤੀਬ ਸੀਮਿੰਟ ਤੇ ਇੱਟਾਂ ਦੇ ਸੰਯੋਗ ਤੋਂ ਬਣੇ ਸੁੰਦਰ ਘਰਾਂ ਵਾਂਗ ਨਿੱਕੇ-ਨਿੱਕੇ ਲੇਖਾਂ ਦਾ ਰੂਪ ਧਾਰਨ ਕਰਕੇ ਸੋਸ਼ਲ ਮੀਡੀਆ ਰਾਹੀਂ ਲੋਕ ਮਨਾਂ ਦੀ ਬਾਤ ਬਣ ਗਈ। ਪਾਠਕਾਂ ਨੂੰ ਉਸ ਦੀਆਂ ਨਿਰਛਲ ਅਤੇ ਲੋਕ-ਧਰਾਤਲ ਵਿਚੋਂ ਲਈਆਂ ਗੱਲਾਂ ਭਾਅ ਗਈਆਂ ਤੇ ਉਹ ਲੇਖਕ ਹੋ ਨਿੱਬੜਿਆ।

ਭਾਵੇਂ ਦਵਿੰਦਰ ਦੇ ਆਪਣੇ ਕਹਿਣ ਮੁਤਾਬਕ ਉਸ ਨੇ ਵਧੇਰੇ ਸਾਹਿਤ ਨਹੀਂ ਪੜਿ੍ਹਆ ਅਤੇ ਨਾ ਹੀ ਕਿਸੇ ਤੋਂ ਲੇਖਣੀ ਬਾਰੇ ਗਿਆਨ ਪ੍ਰਾਪਤ ਕੀਤਾ, ਪ੍ਰੰਤੂ ਉਸ ਦੇ ਲੇਖਾਂ ਵਿਚਲੀ ਸ਼ਬਦ-ਜੜਤ ਅਤੇ ਗੀਤਾਂ ਤੇ ਕਵਿਤਾਵਾਂ ਵਿਚਲੀ ਲੈਅ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਉਹ ਕਿਸੇ ਚੰਗੇ ਸਾਹਿਤਕ ਉਸਤਾਦ ਦਾ ਚੰਡਿਆ ਹੋਵੇ। ਭਾਵੇਂ ਸੋਸ਼ਲ ਮੀਡੀਆ ਵਿਚ ਛਪਦੇ ਲੇਖਾਂ ਦੇ ਜਰੀਏ ਉਸ ਦੇ ਪਾਠਕਾਂ ਦਾ ਘੇਰਾ ਕਾਫੀ ਵਿਸ਼ਾਲ ਹੋ ਗਿਆ ਹੈ ਪ੍ਰੰਤੂ ਆਪਣੀ ਪਲੇਠੀ ਪੁਸਤਕ ਭੂਤਾਂ ਦਾ ਲਾਣਾ ਦੇ ਪ੍ਰਕਾਸ਼ਨ ਨਾਲ ਉਹ ਬਕਾਇਦਾ ਸਾਹਿਤਕਾਰਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਿਆ ਹੈ।

ਦਵਿੰਦਰ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਲੇਖਕ ਹੈ ਜਿਸ ਨੂੰ ਆਪਣੀ ਮਿੱਟੀ ਦੀ ਸੋਂਧੀ-ਸੋਂਧੀ ਮਹਿਕ ਮਹਿਸੂਸ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਕਈ ਵਾਰ ਬਰਸਾਤ ਦੇ ਦਿਨਾਂ ਵਿਚ ਕੱਚੇ ਕੋਠਿਆਂ ਦਾ ਜ਼ਿਕਰ ਛੇੜ ਬੈਠਦਾ ਹੈ। ਉਹ ਸਮਾਜ ਵਿੱਚ ਵਿਚਰ ਰਹੀ ਨਿੱਕੀ ਤੋਂ ਨਿੱਕੀ ਘਟਨਾ ਨੂੰ ਵੀ ਕੋਰੇ ਕਾਗਜ਼ ਦੀ ਹਿੱਕ ’ਤੇ ਚਿਤਰਨਾ ਲੋਚਦਾ ਹੈ।

ਆਕਾਰ ਅਤੇ ਪ੍ਰਕਾਰ ਦੇ ਪੱਖ ਤੋਂ 103 ਪੰਨਿਆਂ ਦੀ ਇਹ ਨਿਵੇਕਲੀ ਪੁਸਤਕ ਲੇਖਾਂ ਅਤੇ ਕਵਿਤਾਵਾਂ ਦਾ ਸੰਗਮ ਹੈ। ਮਨੁੱਖੀ ਜਜ਼ਬਿਆਂ ਅਤੇ ਮਾਨਵੀਂ ਸਰੋਕਾਰਾਂ ਨਾਲ ਲਬਰੇਜ਼ ਇਹ ਇਕਹਿਰੇ ਪੰਨਿਆਂ ਦੇ ਨਿੱਕੇ-ਨਿੱਕੇ ਲੇਖ ਪੇਂਡੂ ਮਾਨਸਿਕਤਾ ਦੇ ਸਮੁੱਚ ਦੀ ਤਰਜਮਾਨੀ ਕਰਦੇ ਹਨ। ਪੁਸਤਕ ਵਿਚਲੇ ਇਨ੍ਹਾਂ ਲੇਖਾਂ ਦੇ ਵਿਸ਼ਿਆਂ ਦੀ ਵਿਵਿਧਤਾ ਤੋਂ ਲੇਖਕ ਦੀ ਸਮਾਜਿਕ ਸੂਝ ਵਿਚਲੀ ਤੀਖਣਤਾ ਅਤੇ ਸੰਵੇਦਨਸ਼ੀਲਤਾ ਦੀ ਝਲਕ ਮਿਲਦੀ ਹੈ। ਲੇਖਕ ਦੀ ਸ਼ੈਲੀ ਦੇ ਸਾਦੇਪਣ ਤੇ ਵਿਚਾਰਾਂ ਦੀ ਉੁਚਤਾ ਤੇ ਸੁੱਚਤਾ ਨੇ ਪਾਠਕਾਂ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ।

ਜਿਵੇਂ ਗਿਆਨੀ ਗੁਰਦਿੱਤ ਸਿੰਘ ਦੀ ਸ਼ਾਹਕਾਰ ਕਿ੍ਰਤ ‘ਮੇਰਾ ਪਿੰਡ’ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਤਸਵੀਰਕਸ਼ੀ ਕਰਦੀ ਹੈ। ਉਸੇ ਤਰ੍ਹਾਂ ਦਵਿੰਦਰ ਹਸਨਪੁਰੀ ਦੀ ਇਸ ਪੁਸਤਕ ਵਿਚਲੇ ਕੁਝ ਲੇਖ ਪਿੰਡ ਦੇ ਵਰਤਾਰੇ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੇ ਹਨ। ਭਾਵੇਂ ਉਹ ਪਿੰਡ ਵਿਚ ਵੱਸਦੀ ‘ਬੇਬੇ ਦੇਬੋ’ ਹੋਵੇ ਪਿੰਡ ਵਿਚਲੀਆਂ ‘ਹੱਟੀਆਂ’ ਹੋਣ, ਸਰਪੰਚੀ ਕਾਰਨ ਮਿਲਿਆ ਟੈਲੀਫੋਨ ਦਾ ਕੁਨੈਕਸ਼ਨ, ‘ਟੀਟੂ ਸਕੰਦਰ’, ਸੁੱਬ (ਬੇੜਾਂ) ਜਾਂ ਭੂਤਾਂ ਦਾ ਲਾਣਾ ਆਦਿ ਹੋਵੇ। ਇਸ ਤੋਂ ਇਲਾਵਾ ਕੁਝ ਇੱਕ ਲੇਖ ਉਸ ਦੀਆਂ ਵੇਖੀਆਂ, ਸੁਣੀਆਂ ਤੇ ਹੰਢਾਈਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਵੀ ਲਿਖੇ ਗਏ ਹਨ। ਆਪਣੇ ਕੁਝ ਲੇਖਾਂ ਵਿਚ ਉਹ ਉਪਦੇਸ਼ ਦਿੰਦਾ ਵੀ ਨਜ਼ਰ ਆਉਂਦਾ ਹੈ।

ਪੁਸਤਕ ਦੇ ਅੰਤਲੇ ਭਾਗ ਵਿਚ ਦਿੱਤੀਆਂ ਕਵਿਤਾਵਾਂ/ਗੀਤ ਉਸ ਦੀ ਕਾਵਿਕ ਸੂਝ ਨੂੰ ਪ੍ਰਗਟਾਉਂਦੇ ਹਨ। ਇਨ੍ਹਾਂ ਕਵਿਤਾਵਾਂ ਤੇ ਗੀਤਾਂ ਵਿਚ ਸਰੋਦੀ ਲੈਅ ਅਤੇ ਰਵਾਨੀ ਹੈ। ਕੁਝ ਇੱਕ ਨਵੇਂ ਉੱਭਰਦੇ ਗਾਇਕਾਂ ਨੇ ਉਸ ਦੇ ਕੁਝ ਗੀਤਾਂ ਨੂੰ ਆਪਣੀ ਅਵਾਜ਼ ਵੀ ਦਿੱਤੀ ਹੈ। ਪ੍ਰਚਾਰ ਦੀ ਘਾਟ ਕਾਰਨ ਭਾਵੇਂ ਇਹ ਗੀਤ ਵਧੇਰੇ ਸਰੋਤਿਆਂ ਤੱਕ ਨਹੀਂ ਪਹੁੰਚ ਸਕੇ ਪ੍ਰੰਤੂ ਜਿਨ੍ਹਾਂ ਨੇ ਇਹ ਗੀਤ ਸੁਣੇ ਹਨ ਉਨ੍ਹਾਂ ਨੇ ਇਸ ਦੀ ਤਾਰੀਫ ਜ਼ਰੂਰ ਕੀਤੀ ਹੈ।
ਦਵਿੰਦਰ ਦੀ ਇਹ ਪਲੇਠੀ ਪੁਸਤਕ ਉਸ ਦੀ ਲੇਖਣੀ ਦਾ ਆਗਾਜ਼ ਹੈ। ਭਵਿੱਖ ਵਿੱਚ ਹੋਰ ਵਧੇਰੇ ਭਾਵਪੂਰਤ ਪੁਸਤਕਾਂ ਦੇ ਪ੍ਰਕਾਸ਼ਨ ਦੀ ਉਮੀਦ ਰਹੇਗੀ।
ਆਮੀਨ!
ਡਾ. ਹਰਨੇਕ ਸਿੰਘ ਢੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ