ਦਿੱਲੀ ਸਰਕਾਰ ਨਹੀਂ ਕਰ ਰਹੀ ਐ ਪੰਜਾਬੀਆਂ ਦਾ ਇਲਾਜ਼, ਚੁੱਪ ਕਿਉਂ ਬੈਠਾ ਐ ਭਗਵੰਤ ਮਾਨ

0
Akali dal

ਡਾ. ਦਲਜੀਤ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਦਰੁਸਤੀ ਭਰੇ ਕਦਮ ਚੁੱਕਣ ਲਈ ਆਵਾਜ਼ ਬੁਲੰਦ ਕਰੇ ਜਾਂ ਅਹੁਦੇ ਤੋਂ ਅਸਤੀਫਾ ਦੇਵੇ

ਚੰਡੀਗੜ,(ਅਸ਼ਵਨੀ ਚਾਵਲਾ)। ‘ਦਿੱਲੀ ਸਰਕਾਰ ਪੰਜਾਬੀਆਂ ਦਾ ਦਿੱਲੀ ਵਿੱਚ ਇਲਾਜ਼ ਕਰਨ ਨੂੰ ਵੀ ਤਿਆਰ ਨਹੀਂ ਹੈ, ਇਸ ਮਾਮਲੇ ਵਿੱਚ ਦਿੱਲੀ ਸਰਕਾਰ ਨੂੰ ਕੁਝ ਕਹਿਣ ਦੀ ਥਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਚੁੱਪੀ ਕਿਉਂ ਧਾਰ ਕੇ ਬੈਠੇ ਗਏ ਹਨ, ਉਹ ਕੁਝ ਬੋਲਦੇ ਕਿਉਂ ਨਹੀਂ ਹਨ। ਭਗਵੰਤ ਮਾਨ ਪੰਜਾਬ ਲਈ ਆਪਣੇ ਆਪ ਨੂੰ ਵਫ਼ਾਦਾਰ ਕਹਿੰਦੇ ਆਏ ਹਨ ਪਰ ਹੁਣ ਉਨ੍ਹਾਂ ਦੀ ਵਫ਼ਾਦਾਰੀ ਕਿੱਥੇ ਚਲੀ ਗਈ ਹੈ। ਉਹ ਆਪਣੀ ਹੀ ਪਾਰਟੀ ਦੇ ਲੀਡਰ ਨਾਲ ਪੰਜਾਬੀਆਂ ਲਈ ਲੜਾਈ ਕਿਉਂ ਨਹੀਂ ਕਰ ਰਹੇ ਹਨ।

ਲਗਦਾ ਹੈ ਕਿ ਭਗਵੰਤ ਮਾਨ ਸਿਰਫ਼ ਆਪਣੀ ਪ੍ਰਧਾਨਗੀ ਲਈ ਸਾਰਾ ਕੁਝ ਦਾਅ ‘ਤੇ ਲਗਾ ਸਕਦੇ ਹਨ ਪਰ ਦਿੱਲੀ ਸਰਕਾਰ ਬਾਰੇ ਕੁਝ ਵੀ ਨਹੀਂ ਬੋਲ ਸਕਦੇ ਭਾਵੇਂ ਉਹ ਪੰਜਾਬੀਆਂ ਲਈ ਕੋਈ ਵੀ ਗਲਤ ਫੈਸਲਾ ਕਿਉਂ ਨਾ ਕਰਦੀ ਰਹੇ।’ ਇਹ ਤਿੱਖਾ ਹਮਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਚੀਮਾ ਨੇ ਕੀਤਾ ਹੈ।

ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਰੋਨਾ ਸੰਕਟ ਨਾਲ ਗਲਤ ਤਰੀਕੇ ਨਜਿੱਠਣ ਖਿਲਾਫ ਇੱਕ ਸ਼ਬਦ ਵੀ ਕਿਉਂ ਨਹੀਂ ਬੋਲਿਆ ਤੇ ਪਾਰਟੀ ਨੇ ਉਨ੍ਹਾਂ ‘ਤੇ ਦਿੱਲੀ ਸਰਕਾਰ ਵੱਲੋਂ ਅੰਕੜਿਆਂ ਦਾ ਹੇਰ ਫੇਰ ਕਰਨ ਤੇ ਅਸਫਲਤਾਵਾਂ ‘ਤੇ ਪਰਦਾ ਪਾਉਣ ਦੀ ਸਾਜ਼ਿਸ਼ ਵਿੱਚ ਭਾਈਵਾਲ ਹੋਣ ਦਾ ਦੋਸ਼ ਲਾਇਆ।ਅਕਾਲੀ ਦਲ ਨੇ ਆਪ ਦੇ ਪੰਜਾਬ ਕਨਵੀਨਰ ਨੂੰ ਆਪਣੀ ਆਵਾਜ਼ ਬੁਲੰਦ ਕਰਕੇ ਦਿੱਲੀ ਸਰਕਾਰ ਨੂੰ ਦਰੁਸਤੀ ਭਰੇ ਕਦਮ ਚੁੱਕਣ ਲਈ ਮਜਬੂਰ ਕਰਨ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਵੀ ਆਖਿਆ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਮਈ ਮਹੀਨੇ ਦੇ ਸ਼ੁਰੂ ਵਿੱਚ ਹੀ ਕੋਰੋਨਾ ਪੀੜਤਾਂ ਤੇ ਇਸ ਨਾਲ ਮੌਤਾਂ ਬਾਰੇ ਅੰਕੜਿਆਂ ਬਾਰੇ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੋਰੋਨਾ ਨਾਲ ਹੋਈਆਂ ਮੌਤਾਂ ਦਾ ਸ਼ਮਸ਼ਾਨ ਘਾਟ ਤੇ ਕਬਰਿਸਤਾਨ ਅਤੇ ਦਿੱਲੀ ਸਰਕਾਰ ਦੇ ਸਰਕਾਰੀ ਅੰਕੜੇ ਇਸ ਮਾਮਲੇ ਵਿੱਚ ਮੇਲ ਨਹੀਂ ਖਾ ਰਹੇ। ਇਹ ਉਹ ਸਮਾਂ ਸੀ ਜਦੋਂ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਵਾਂਗ ਵਿਹਾਰ ਕਰ ਰਹੇ ਸਨ ਤੇ ਦਿੱਲੀ ਮਾਡਲ ਦੀ ਗੱਲ ਕਰਕੇ ਤੇ ਇਸ ਮਾਡਲ ਵੱਲੋਂ ਕੋਰੋਨਾ ਦੇ ਦਿੱਲੀ ਵਿੱਚ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਸਫਲ ਰਹਿਣ ਦੀਆਂ ਗੱਲਾਂ ਕਰਕੇ ਕੇਜਰੀਵਾਲ ਦੀ ਅਸਿੱਧੇ ਤਰੀਕੇ ਮਦਦ ਕਰ ਰਹੇ ਸਨ।

ਉਹਨਾਂ ਕਿਹਾ ਕਿ ਹੁਣ ਅਸੀਂ ਜਾਣਦੇ ਹਾਂ ਕਿ ਇਹ ਦਾਅਵੇ ਜਾਣ ਬੁੱਝ ਕੇ ਲੋਕਾਂ ਨੂੰ ਮੂਰਖ ਬਣਾਉਣ ਲਈ ਬੋਲੇ ਗਏ ਝੂਠ ਸਨ ਜਦਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਮਰੀਜ਼ਾਂ ਨਾਲ ਪਸ਼ੂਆਂ ਨਾਲੋਂ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿਹਤ ਸੰਭਾਲ ਮਾਡਲ ਦੀ ਮੀਡੀਆ ਤੇ ਆਮ ਲੋਕਾਂ ਵੱਲੋਂ ਅਸਲੀਅਤ ਬੇਨਕਾਬ ਕਰਨ ਦੇ ਬਾਵਜੂਦ ਮਾਨ ਹਾਲੇ ਵੀ ਕੇਜਰੀਵਾਲ ਦੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਲਈ ਬਲੀ ਦੇ ਬੱਕਰੇ ਲੱਭ ਰਹੇ ਹਨ।

ਡਾ. ਚੀਮਾ ਨੇ ਕਿਹਾ ਕਿ ਲਾਕ ਡਾਊਨ ਦਾ ਅਸਲ ਮਨੋਰਥ ਕੋਰੋਨਾ ਮਰੀਜ਼ਾਂ ਦੀ ਸੰਭਾਲ ਲਈ ਲੋੜੀਂਦਾ ਮੈਡੀਕਲ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਹਸਪਤਾਲਾਂ ਵਿਚ ਬੁਨਿਆਦੀ ਢਾਚੇ ਵਿਚ ਸੁਧਾਰ ਨਹੀਂ ਕੀਤਾ ਤੇ ਨਾ ਹੀ ਕੋਰੋਨਾ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ। ਉਹਨਾਂ ਕਿਹਾ ਕਿ ਹੁਣ ਇਹ ਪ੍ਰਾਈਵੇਟ ਹਸਪਤਾਲਾਂ ਵਿਚ ਬਲੀ ਦੇ ਬੱਕਰੇ ਲੱਭ ਰਹੀ ਹੈ ਭਾਵੇਂ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਵਾਪਸ ਭੇਜਣ ਜਾਂ ਉਹਨਾਂ ਤੋਂ ਵੱਧ ਫੀਸਾਂ ਵਸੂਲਣ ਲਈ ਦਿੱਲੀ ਸਰਕਾਰ ਹੀ ਜ਼ਿੰਮੇਵਾਰ ਹੈ।

ਅਕਾਲੀ ਦਲ ਆਗੂ ਨੇ ਭਗਵੰਤ ਮਾਨ ਨੂੰ ਇਹ ਵੀ ਆਖਿਆ ਕਿ ਉਹ ਇਹ ਵੀ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਦਿੱਲੀ ਸਰਕਾਰ ਵੱਲੋਂ ਦਿੱਲੀ ਵਿਚ ਬਾਹਰਲਿਆਂ ਦਾ ਇਲਾਜ ਨਾ ਕੀਤੇ ਜਾਣ ਦੇ ਜਾਰੀ ਕੀਤੇ ਹੁਕਮ ਦੀ ਨਿਖੇਧੀ ਕਿਉਂ ਨਹੀਂ ਕੀਤੀ ? ਉਹਨਾਂ ਕਿਹਾ ਕਿ ਇਹ ਕਦਮ ਪੰਜਾਬ ਵਿਰੋਧੀ ਸੀ ਤੇ ਦਿੱਲੀ ਵਿਚਲੇ ਪੰਜਾਬੀਆਂ ਨੂੰ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਜੇਕਰ ਉਪ ਰਾਜਪਾਲ ਇਸ ਫੈਸਲੇ ਨੂੰ ਨਾ ਪਲਟਦੇ। ਉਹਨਾਂ ਕਿਹਾ ਕਿ ਜਿੱਥੇ ਇਸ ਨਾਲ ਮਾਨ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੈ, ਉਥੇ ਹੀ ਇਹ ਵੀ ਸਾਬਤ ਹੋਇਆ ਹੈ ਕਿ ਉਹ ਦਿੱਲੀ ਦੀ ਆਪ ਲੀਡਰਸ਼ਿਪ ਦੇ ਹੱਥਾਂ ਵਿੱਚ ਕੇਵਲ ਕਠਪੁਤਲੀ ਹਨ।

ਡਾ. ਚੀਮਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਆਪ ਆਗੂਆਂ ਵਿੱਚ ਮਾੜੀ ਮੋਟੀ ਵੀ ਮਨੁੱਖਤਾ ਬਚੀ ਹੈ ਤਾਂ ਉਹਨਾਂ ਨੂੰ ਦਿੱਲੀ ਵਿਚ ਕੋਰੋਨਾ ਦੀ ਘੱਟ ਟੈਸਟਿੰਗ ਖਿਲਾਫ ਬੋਲਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਪੰਜਾਬ ਦੇ ਆਪ ਆਗੂਆਂ ਵਿੱਚ ਜੇਕਰ ਕੋਈ ਜ਼ਮੀਰ ਬਚਿਆ ਹੈ ਤਾਂ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਆਖਣਾ ਚਾਹੀਦਾ ਹੈ ਕਿ ਉਹ ਆਪਣਾ ਪਬਲੀਸਿਟੀ ਬਜਟ ਘੱਟ ਕਰਨ ਤੇ ਇਹੀ ਪੈਸਾ ਸਿਹਤ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰਚ ਕਰਨ ਨਾ ਕਿ ਸਸਤੀ ਸ਼ੌਹਰਤ ਹਾਸਲ ਕਰਨ ਲਈ ਖਰਚ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।