ਪੰਜਾਬ

ਹੁਣ ਅਸਲ ਚੌਂਕੀਦਾਰਾਂ ਵੱਲੋਂ ‘ਚੌਂਕੀਦਾਰ’ ਨਰਿੰਦਰ ਮੋਦੀ ਤੋਂ ਟਿਕਟਾਂ ਦੇਣ ਦੀ ਮੰਗ

Demand, Chowkidar, Narendra Modi, Chowkidars

ਅਸਲ ਚੌਂਕੀਦਾਰਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਨੂੰ ਲਿਖਿਆ ਜਾ ਰਿਹੈ ਪੱਤਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ)।
ਆਪਣੇ ਆਪ ਨੂੰ ਚੌਂਕੀਦਾਰ ਕਹਾਉਣ ਵਾਲੇ ਪ੍ਰਧਾਨ ਮੰਤਰੀ ਸਮੇਤ ਭਾਜਪਾ ਦੇ ਕੌਮੀ ਪ੍ਰਧਾਨ ਤੋਂ ਅਸਲ ਚੌਂਕੀਦਾਰਾਂ ਵੱਲੋਂ ਪੰਜਾਬ ਅੰਦਰ ਟਿਕਟਾਂ ਦੀ ਮੰਗ ਕੀਤੀ ਗਈ ਹੈ। ਇਸ ਮੰਗ ਨੂੰ ਲੈ ਕੇ ਲਾਲ ਝੰਡਾ ਪੇਂਡੂ ਚੌਂਕੀਦਾਰਾਂ ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਸਮੇਤ ਭਾਜਪਾ ਪ੍ਰਧਾਨ ਨੂੰ ਬਕਾਇਦਾ ਇੱਕ ਪੱਤਰ ਲਿਖਿਆ ਜਾ ਰਿਹਾ ਹੈ, ਜਿਸ ਵਿੱਚ ਇਸ ਮੰਗ ਨੂੰ ਰੱਖਿਆ ਗਿਆ ਹੈ। ਇੱਧਰ ਅੱਜ ਉਕਤ ਯੂਨੀਅਨ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਚੌਂਕੀਦਾਰਾਂ ਦੀ ਕੀਤੀ ਜਾ ਰਹੀ ਬਦਨਾਮੀ ਨੂੰ ਰੋਕਣ ਦੀ ਵੀ ਮੰਗ ਵੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਮੌਕੇ ਵੱਖ-ਵੱਖ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ‘ਚੌਂਕੀਦਾਰ’ ਸ਼ਬਦ ਦੀ ਰੱਜ ਕੇ ਵਰਤੋਂ ਕੀਤੀ ਜਾ ਰਹੀ ਹੈ, ਜਿਸ ਤੋਂ ਦੇਸ਼ ਭਰ ਦੇ ਚੌਂਕੀਦਾਰਾਂ ਵਿੱਚ ਰੋਸ਼ ਦੀ ਲਹਿਰ ਫੈਲ ਰਹੀ ਹੈ। ਪੰਜਾਬ ਦੇ ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਦੇ ਚੇਅਰਮੈਨ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਆਪਣੀ ਚੌਂਂਕੀਦਾਰੀ ਨੂੰ ਲੈ ਕੇ ਐਨਾ ਹੀ ਮਾਣ ਹੈ ਤਾਂ ਉਹ ਦੇਸ਼ ਅੰਦਰ ਚੌਂਕੀਦਾਰਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇਣ। ਉਨ੍ਹਾਂ ਦੱਸਿਆ ਕਿ ਚੌਂਕੀਦਾਰਾ ਯੂਨੀਅਨ ਵੱਲੋਂ ਨਰਿੰਦਰ ਮੋਦੀ ਅਤੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਅੰਦਰ ਭਾਜਪਾ ਦੇ ਹਿੱਸੇ ਆਉਂਦੀਆਂ ਤਿੰਨ ਲੋਕ ਸਭਾ ਸੀਟਾਂ ‘ਤੇ ਚੌਂਕੀਦਾਰਾਂ ਨੂੰ ਟਿਕਟਾਂ ਦੇਣ ਲਈ ਪੱਤਰ ਲਿਖਿਆ ਜਾ ਰਿਹਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਭਾਜਪਾ ਵਾਲੇ ਚੌਂਕੀਦਾਰਾਂ ਦੇ ਅਸਲ ਹਮਾਇਤੀ ਹਨ ਜਾਂ ਫਿਰ ਆਪਣੀ ਰਾਜਨੀਤੀ ਚਮਕਾਉਣ ਲਈ ਹੀ ਚੌਂਕੀਦਾਰ ਲਿਖ ਕੇ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ।  ਉਨ੍ਹਾਂ ਮੰਗ ਕੀਤੀ ਕਿ ਭਾਜਪਾ ਵੱਲੋਂ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੋਂ ਚੌਂਕੀਦਾਰਾਂ ਨੂੰ ਟਿਕਟਾਂ ਦੇ ਕੇ ਆਪਣੇ ਚੌਂਕੀਦਾਰ ਹੋਣ ਦਾ ਸਬੂਤ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਸ਼ੋਸਲ ਮੀਡੀਆ ਸਮੇਤ ਭਾਜਪਾ ਅਤੇ ਕਾਂਗਰਸ ਵੱਲੋਂ ਚੌਂਕੀਦਾਰਾਂ ਦੀ ਕੀਤੀ ਜਾ ਰਹੀ ਬਦਨਾਮੀ ਨੂੰ ਲੈ ਕੇ ਅੱਜ ਪੰਜਾਬ ਦੇ ਚੋਣ ਕਮਿਸ਼ਨਰ ਡਾ. ਐਸ. ਕਰੁਣਾ ਰਾਜੂ ਨੂੰ ਮਿਲ ਕੇ ਮੁੱਖ ਚੋਣ ਕਮਿਸ਼ਨਰ ਦੇ ਨਾਮ ਮੰਗ ਸੌਂਪਿਆ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਗਰੀਬ ਪਰਿਵਾਰਾਂ ਦੇ ਚੌਂਕੀਦਾਰ ਹੋਣ ਕਰਕੇ ਉਹਨਾਂ ਦਾ ਪਿੰਡਾਂ ਵਿੱਚ ਭਾਰੀ ਅਪਮਾਨ ਹੋਣ ਕਰਕੇ ਮਾਨਸਿਕ ਤੌਰ ‘ਤੇ ਪੀੜਾ ਸਹਿਣੀ ਪੈ ਰਹੀ ਹੈ।  ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਉਹਨਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋ ਕਿ ਲੱਖਾਂ ਰੁਪਏ ਤਨਖਾਹਾਂ ਅਤੇ ਭੱਤੇ ਲੈ ਕੇ ਆਪਣੇ ਆਪ ਨੂੰ ਚੌਂਕੀਦਾਰ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸ਼ੋਸਲ ਮੀਡੀਆ ਤੇ ਚੌਂਕੀਦਾਰ ਚੋਰ ਹੈ, ਵਾਲਾ ਗੀਤ ਵੀ ਚਲਾਇਆ ਜਾ ਰਿਹਾ ਹੈ, ਇਸ ਲਈ ਅਜਿਹੀਆਂ ਸਭ ਚੀਜ਼ਾਂ ‘ਤੇ ਬੈਨ ਕੀਤਾ ਜਾਵੇ । ਚੌਂਕੀਦਾਰਾਂ ਦੇ ਕੀਤੇ ਜਾ ਰਹੇ ਅਪਮਾਨ ਨੂੰ ਬੰਦ ਕਰਵਾਇਆ ਜਾਵੇ ਅਤੇ ਇਨ੍ਹਾਂ ਰਾਜਨੀਤਿਕ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top