ਪੰਜਾਬ

ਬਠਿੰਡਾ-ਦਿੱਲੀ ਰੇਲ ਮਾਰਗ ‘ਤੇ ਨਵੀਆਂ ਰੇਲ ਗੱਡੀਆਂ ਦੀ ਮੰਗ ਉੱਠੀ

Demand, New Trains, Bathinda, Delhi Rail Link

ਰੇਲਵੇ ਸਲਾਹਕਾਰ ਕਮੇਟੀ ਨੇ ਕੇਂਦਰੀ ਰੇਲ ਮੰਤਰੀ ਨੂੰ ਲਾਇਆ ਸੁਨੇਹਾ

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ਦਿੱਲੀ ਵਾਇਆ ਜਾਖਲ, ਮਾਨਸਾ ਸੈਕਸ਼ਨ ਦੇ ਦੋਹਰਾ ਹੋਣ ਤੇ ਬਿਜਲੀ ਨਾਲ ਚੱਲਣ ਵਾਲੇ ਇੰਜਣਾਂ ਦੀ ਵਰਤੋਂ ਸ਼ੁਰੂ ਹੋਣ ਤੋਂ ਬਾਅਦ ਮਾਲਵੇ ਦੇ ਲੋਕਾਂ ਨੇ ਨਵੀਆਂ ਰੇਲ ਗੱਡੀਆਂ ਦੀ ਮੰਗ ਰੱਖ ਦਿੱਤੀ ਹੈ ਰੇਲਵੇ ਸਲਾਹਕਾਰ ਕਮੇਟੀ ਦੇ ਮੈਂਬਰ ਸੁਖਦੇਵ ਰਾਮ ਬਾਂਸਲ ਨੇ ਕੇਂਦਰੀ ਰੇਲ ਮੰਤਰੀ ਨੂੰ ਮਲਵੱਈਆਂ ਦਾ ਸੁਨੇਹਾ ਲਾਇਆ ਹੈ ਸ੍ਰੀ ਬਾਂਸਲ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਲਿਖਕੇ ਕਈ ਅਹਿਮ ਗੱਡੀਆਂ ਨੂੰ ਬਠਿੰਡਾ ਤੱਕ ਵਧਾਉਣ ਅਤੇ ਰੇਲਵੇ ਸਟੇਸ਼ਨਾਂ ‘ਤੇ ਯਾਤਰੀ ਸਹੂਲਤਾਂ ‘ਚ ਇਜ਼ਾਫਾ ਕਰਨ ਲਈ ਕਿਹਾ ਹੈ

ਸ੍ਰੀ ਬਾਂਸਲ ਦਾ ਪ੍ਰਤੀਕਰਮ ਹੈ ਕਿ ਜੇਕਰ ਉਨ੍ਹਾਂ ਦੇ ਸੁਝਾਅ ਮੰਨ ਲਈ ਜਾਂਦੇ ਹਨ ਤਾਂ ਇਸ ਨਾਲ ਨਾ ਸਿਰਫ਼ ਮੁਸਾਫਰਾਂ ਲਈ ਸਫਰ ਸੌਖਾਲਾ ਹੋ ਜਾਏਗਾ ਸਗੋਂ ਰੇਲ ਵਿਭਾਗ ਦੀ ਕਮਾਈ ਵਧੇਗੀ, ਜਿਸ ਨਾਲ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਸਮੇਤ ਪ੍ਰਬੰਧਾਂ ਨੂੰ ਹੋਰ ਵੀ ਸੁਚਾਰੂ ਬਣਾਇਆ ਜਾ ਸਕੇਗਾ ਪੱਤਰ ‘ਚ ਜਾਣੂ ਕਰਵਾਇਆ ਗਿਆ ਹੈ ਕਿ ਬਠਿੰਡਾ ਤੋਂ 2 ਵੱਜ ਕੇ 20 ਮਿੰਟ ਦੁਪਹਿਰ ਤੋਂ ਬਾਅਦ ਰਾਤ 11:50 ਵਜੇ ਤੱਕ ਕੋਈ ਵੀ ਗੱਡੀ ਨਹੀਂ ਚੱਲਦੀ ਹੈ ਇਸ ਦੌਰਾਨ ਦਿੱਲੀ ਵਿਖੇ ਕਈ ਰੇਲ ਗੱਡੀਆਂ 14-15 ਘੰਟੇ ਖਲੋ ਕੇ ਵਾਪਸ ਚਲੀਆਂ ਜਾਂਦੀਆਂ ਹਨ ਜੇਕਰ ਇਨ੍ਹਾਂ ਨੂੰ ਬਠਿੰਡਾ ਤੱਕ ਵਧਾਇਆ ਜਾਏ ਤਾਂ ਇਸ ਨਾਲ ਆਰਥਿਕ ਲਾਹੇ ਤੋਂ ਇਲਾਵਾ ਦਿੱਲੀ ਯਾਰਡ ਵੀ ਖਾਲੀ ਰਹੇਗਾ

ਗੱਡੀ ਨੰਬਰ 12452-51 ਸ਼੍ਰਮ-ਸ਼ਕਤੀ ਐਕਸਪ੍ਰੈਸ ਦਿੱਲੀ ‘ਚ ਸਵੇਰੇ 6:30 ਵਜੇ ਪੁੱਜਦੀ ਹੈ ਤੇ ਕਰੀਬ 5 ਘੰਟੇ ਰੁਕਣ ਉਪਰੰਤ ਰਾਤ 11:55 ਵਜੇ ਕਾਨਪੁਰ ਲਈ ਚੱਲਦੀ ਹੈ ਇਸੇ ਤਰ੍ਹਾਂ ਹੀ ਗੱਡੀ ਨੰਬਰ 12418-17 ਪਰਿਆਗ ਐਕਸਪ੍ਰੈਸ ਸਵੇਰੇ 7 ਵਜੇ ਦਿੱਲੀ ਆਉਂਦੀ ਹੈ ਅਤੇ ਸਾਢੇ 14 ਘੰਟੇ ਰੁਕਣ ਮਗਰੋਂ ਇਲਾਹਾਬਾਦ ਨੂੰ ਜਾਂਦੀ ਹੈ ਗੱਡੀ ਨੰਬਰ 12556-55 ਗੋਰਖਪੁਰ ਧਾਮ ਐਕਸਪ੍ਰੈਸ ਸਵੇਰੇ 10 ਵਜੇ ਹਿਸਾਰ ਆਕੇ ਸਵਾ ਛੇ ਘੰਟੇ ਰੁਕਣ ਪਿੱਛੋਂ  4 ਵੱਜ ਕੇ 15 ਮਿੰਟ ‘ਤੇ ਗੋਰਖਪੁਰ ਲਈ ਚਲਦੀ ਹੈ  ਗੱਡੀ ਨੰਬਰ 54834-33 ਸਵੇਰੇ 4 ਵਜੇ ਆਕੇ 19 ਘੰਟੇ ਰੁਕਣ ਉਪਰੰਤ ਰਾਤ ਨੂੰ ਸਵਾ 11 ਵਜੇ ਜੈਪੁਰ ਨੂੰ ਜਾਂਦੀ ਹੈ ਸ੍ਰੀ ਬਾਂਸਲ ਨੇ ਪੱਤਰ ‘ਚ ਸ਼ਤਾਬਦੀ ਐਕਸਪ੍ਰੈਸ ਨੂੰ ਜਨ-ਸ਼ਤਾਬਦੀ ਬਣਾ ਕੇ ਬਠਿੰਡਾ ਤੋਂ ਪੁਰਾਣੇ ਸਮੇਂ 4ਵੱਜ ਕੇ 20 ਮਿੰਟ ਤੇ ਚਲਾਉਣ ਦਾ ਸੁਝਾਅ ਦਿੱਤਾ ਹੈ ਦੱਸਣਯੋਗ ਹੈ ਕਿ ਲੰਘੇ ਅਜ਼ਾਦੀ ਦਿਹਾੜੇ ਮੌਕੇ ਕੇਂਦਰੀ ਰੇਲ ਵਿਭਾਗ ਨੇ  ਮਾਲਵੇ ਦੇ ਲੋਕਾਂ ਨੂੰ ਡੀਜ਼ਲ ਦੇ ਇੰਜਣਾਂ ਦੀ ਥਾਂ ਬਿਜਲੀ ਨਾਲ ਚੱਲਣ ਵਾਲੇ ਇੰਜਣਾਂ ਦਾ ਤੋਹਫਾ ਦਿੱਤਾ ਹੈ

ਹਾਲਾਂਕਿ ਹਰਿਆਣਾ ਦੇ ਜੀਦ ਤੱਕ ਪਹਿਲਾਂ ਵੀ ਬਿਜਲੀ ਦੇ ਇੰਜਣ ਚੱਲ ਰਹੇ ਸਨ ਪਰ ਹੁਣ ਇਸ ਸੇਵਾ ਨੂੰ ਬਠਿੰਡਾ ਤੱਕ ਵਧਾ ਦਿੱਤਾ ਗਿਆ ਹੈ ਹੁਣ ਬਠਿੰਡਾ ਤੋਂ ਅੱਗੇ ਫਿਰੋਜ਼ਪੁਰ ਤੇ ਸ੍ਰੀ ਗੰਗਾਨਗਰ ਰੂਟ ‘ਤੇ ਗੱਡੀਆਂ ਡੀਜ਼ਲ ਇੰਜਣ ਨਾਲ ਚਲਾਈਆਂ ਜਾ ਰਹੀਆਂ ਹਨ ਪ੍ਰੰਤੂ ਦਿੱਲੀ ਵੱਲ ਜਾਣ ਵਾਲੀਆਂ ਅਹਿਮ ਗੱਡੀਆਂ ਸ੍ਰੀ ਗੰਗਾਨਗਰ-ਹਾਵੜਾ ਉਦਿਆਨ ਆਭਾ ਐਕਸਪ੍ਰੈਸ ਗੱਡੀ ਨੰਬਰ 13007-08, ਡਿਬਰੂਗੜ੍ਹ-ਲਾਲਗੜ੍ਹ ਐਕਸਪ੍ਰੈਸ ਗੱਡੀ ਨੰਬਰ 15909-10, ਪੈਸੰਜਰ ਗੱਡੀ ਨੰਬਰ 59094, ਗੱਡੀ ਨੰਬਰ 54043, ਦਿੱਲੀ ਫਿਰੋਜ਼ਪੁਰ ਪੈਸੰਜਰ ਨੰਬਰ 54641 -42 ਬਠਿੰਡਾ ਤੋਂ ਦਿੱਲੀ ਤੇ ਫਿਰੋਜ਼ਪੁਰ ਜੀਂਦ ਵਿਚਕਾਰ ਚੱਲਣ ਵਾਲੀ ਗੱਡੀ ਨੰਬਰ 54045 ਤੇ 46 ਬਿਜਲੀ ਦਾ ਇੰਜਣ ਨਾਲ ਚੱਲਦੀਆਂ ਹਨ ਖਾਸ ਤੱਥ ਹੈ ਕਿ ਡਬਲ ਟਰੈਕ ਕਾਰਨ ਕਿਸੇ ਵੀ ਸਟੇਸ਼ਨ ‘ਤੇ ਕਰਾਸ ਨਹੀਂ ਪੈਂਦਾ ਅਤੇ ਸਮਾਂ ਵੀ ਬਚਣ ਲੱਗਾ ਹੈ ਅਜਿਹੇ ਹਾਲਾਤਾਂ ਦਰਮਿਆਨ ਹੁਣ ਮਾਲਵੇ ਦੇ ਲੋਕ ਸਸਤੇ ਸਫਰ ਲਈ ਰੇਲ ਗੱਡੀਆਂ ਦੀ ਮੰਗ ਕਰਨ ਲੱਗੇ ਹਨ

ਵਕਤ ਦੀ ਜ਼ਰੂਰਤ ਨਵੀਆਂ ਗੱਡੀਆਂ : ਬਾਂਸਲ

ਰੇਲਵੇ ਪੈਸੰਜਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਮੈਂਬਰ ਡਵੀਜ਼ਨਲ ਰੇਲਵੇ ਸਲਾਹਕਾਰ ਕਮੇਟੀ ਸੁਖਦੇਵ ਰਾਮ ਬਾਂਸਲ ਦਾ ਕਹਿਣਾ ਸੀ ਕਿ ਬਠਿੰਡਾ ਦਿੱਲੀ ਰੇਲ ਮਾਰਗ ‘ਤੇ ਨਵੀਆਂ ਗੱਡੀਆਂ ਚਲਾਉਣਾ ਵਕਤ ਦੀ ਜਰੂਰਤ ਹੈ ਉਨ੍ਹਾਂ ਕਿਹਾ ਕਿ ਅੰਬਾਲਾ ਡਵੀਜ਼ਨ ਦੇ ਸਮੂਹ ਰੇਲਵੇ ਸਟੇਸ਼ਨਾਂ ‘ਤੇ ਟਾਈਮ ਟੇਬਲ ਲਾਉਣ, ਅਪੰਗ ਵਿਅਕਤੀਆਂ ਲਈ ਸਟੇਸ਼ਨ ‘ਤੇ ਆਉਣ ਜਾਣ ਲਈ ਢੁੱਕਵੇਂ ਪ੍ਰਬੰਧ ਕਰਨ ਤੇ ਕਰਾਸ ਵਾਲੇ ਸਟੇਸ਼ਨਾਂ ‘ਤੇ ਪੁਲ ਬਣਾਉਣ ਦੀ ਲੋੜ ‘ਤੇ ਜੋਰ ਦਿੱਤਾ ਗਿਆ ਹੈ ਸ੍ਰੀ ਬਾਂਸਲ ਨੇ ਸਮੂਹ ਰੇਲਵੇ ਸਟੇਸ਼ਨਾਂ ‘ਤੇ ਯਾਤਰੀ ਸਹੂਲਤਾਂ ਵਧਾਉਣ ਤੇ ਲੁੜੀਂਦੇ ਵਿਕਾਸ ਦੀ ਮੰਗ ਵੀ ਕੀਤੀ ਹੈ

ਬੱਸ ਦੇ ਮੁਕਾਬਲੇ ਮਿਲੇਗਾ ਸਸਤਾ ਸਫਰ

ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਐੱਮ. ਐੱਮ. ਬਹਿਲ ਦਾ ਕਹਿਣਾ ਸੀ ਕਿ ਰੇਲ ਗੱਡੀਆਂ ਦੀ ਘਾਟ ਕਾਰਨ ਆਮ ਲੋਕ ਸਸਤੇ ਸਫਰ ਤੋਂ ਵਾਂਝੇ ਤੇ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਜਦੋਂਕਿ ਨਵੀਂਆਂ ਗੱਡੀਆਂ ਚਲਾਉਣ ਨਾਲ ਉਨ੍ਹਾਂ ਦੇ ਪੈਸਿਆਂ ਦੀ ਬੱਚਤ ਹੋਵੇਗੀ ਉਨ੍ਹਾਂ ਕਿਹਾ ਕਿ ਬਠਿੰਡਾ ‘ਚ ਤਾਪ ਬਿਜਲੀ ਘਰਾਂ, ਰਿਫਾਇਨਰੀ, ਕੌਮੀ ਖਾਦ ਕਾਰਖਾਨੇ ਤੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੋਣ ਕਰਕੇ ਵੀ ਨਵੀਆਂ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ

ਵਧੀਆ ਰੇਲ ਲਿੰਕ ਅਤੀ ਜਰੂਰੀ : ਅਰੋੜਾ

ਹੋਟਲ ਐਂਡ ਰਿਜ਼ਾਰਟ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਤੀਸ਼ ਅਰੋੜਾ ਦਾ ਕਹਿਣਾ ਸੀ ਕਿ ਬਠਿੰਡਾ ਖਿੱਤੇ ‘ਚ ਧਾਰਮਿਕ ਤੇ ਇਤਿਹਾਸਕ ਮਹੱਤਵ ਦੇ ਸੈਲਾਨੀ ਸਥਾਨ ਹੋਣ ਕਰਕੇ ਵਧੀਆ ਰੇਲ ਲਿੰਕ ਅਤੀ ਜਰੂਰੀ ਹੈ ਉਨ੍ਹਾਂ ਆਮ ਆਦਮੀ ਸੁਰੱਖਿਅਤ ਰੇਲ ਸਫਰ ਦੇਣ ਲਈ ਰੇਲ ਸੇਵਾ ਦਾ ਵਿਸਥਾਰ ਕਰਨ ਦੀ ਅਪੀਲ ਕੀਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top