ਪੰਜਾਬ ਅੰਦਰ ਵਧੇ ਪਾਰੇ ਕਾਰਨ ਬਿਜਲੀ ਦੀ ਮੰਗ 12205 ਮੈਗਾਵਾਟ ‘ਤੇ ਪੁੱਜੀ

0
32

ਇੱਕ ਦਿਨ ‘ਚ ਹੋਇਆ 400 ਤੋਂ ਵੱਧ ਮੈਗਾਵਾਟ ਦਾ ਵਾਧਾ

ਪਾਵਰਕੌਮ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਸ੍ਰੋਤਾਂ ਤੋਂ ਬਿਜਲੀ ਖਰੀਦਣ ਨੂੰ ਦੇ ਰਿਹੈ ਤਰਜੀਹ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਸਮਾਨੋਂ ਵਰ ਰਹੀ ਅੱਗ ਕਾਰਨ ਅਤੇ ਕਿਸਾਨਾਂ ਨੂੰ ਮੋਟਰਾਂ ਲਈ ਦਿੱਤੀ ਜਾ ਰਹੀ ਬਿਜਲੀ ਕਰਕੇ ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ ਵੱਡਾ ਇਜਾਫ਼ਾ ਹੋ ਗਿਆ ਹੈ। ਬਿਜਲੀ ਦੀ ਮੰਗ 12205.8 ਮੈਗਾਵਾਟ ‘ਤੇ ਪੁੱਜ ਗਈ  ਹੈ ਜੋ ਕਿ ਪਿਛਲੇ ਸਾਲ ਨਾਲੋਂ ਟੱਪ ਗਈ ਹੈ।  ਬੀਤੇ ਕੱਲ ਅੱਜ ਬਿਜਲੀ ਦੀ ਮੰਗ 11804.4 ਮੈਗਾਵਾਟ ਦਰਜ਼ ਕੀਤੀ ਗਈ ਸੀ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਪੰਜ ਯੂਨਿਟਾਂ ਸਮੇਤ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਉਂਜ ਪਾਵਰਕੌਮ ਵੱਲੋਂ ਵੱਖ ਵੱਖ ਸ੍ਰੋਤਾਂ ਤੋਂ ਬਿਜਲੀ ਖਰੀਦ ਕੀਤੀ ਜਾ ਰਹੀ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਬਿਜਲੀ ਦੀ ਮੰਗ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 11592 ਮੈਗਾਵਾਟ ਸੀ, ਜੋਂ ਇਸ ਵਾਰ ਵੱਧ ਕੇ 12205.8 ਮੈਗਾਵਾਟ ਨੂੰ ਛੂੰਹ ਗਈ ਹੈ।  ਪਾਵਰਕੌਮ ਵੱਲੋਂ ਆਪਣੇ ਹਾਈਡ੍ਰਲ ਪ੍ਰੋਜੈਕਟਾਂ ਤੋਂ 218.47 ਲੱਖ ਯੂਨਿਟ ਬਿਜਲੀ ਹਾਸਲ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਨ੍ਹਾਂ ਤੋਂ 178.47 ਲੱਖ ਯੂਨਿਟ ਬਿਜਲੀ ਹਾਸਲ ਹੋਈ ਸੀ। ਇਸ ਵਾਰ ਹਾਈਡ੍ਰਲ ਪ੍ਰੋਜੈਕਟ ਪਾਵਰਕੌਮ ਲਈ ਚੰਗੀ ਪੈਦਾਵਾਰ ਕਰ ਰਹੇ ਹਨ।

ਗਰਮੀ ਅਤੇ ਵਧੇ ਪਾਰੇ ਦਾ ਐਨਾ ਅਸਰ ਹੈ ਕਿ ਇੱਕ ਦਿਨ ਵਿੱਚ ਬਿਜਲੀ ਦੀ ਮੰਗ 400 ਮੈਗਾਵਾਟ ਤੋਂ ਵੱਧ ਦਰਜ਼ ਕੀਤੀ ਗਈ ਹੈ। ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾ ਰੋਪੜ ਥਰਮਲ ਪਲਾਟ ਦੇ ਤਿੰਨ ਯੂਨਿਟ ਭਖਾਏ ਹੋਏ ਹਨ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ 2 ਯੂਨਿਟ ਚੱਲ ਰਹੇ ਹਨ। ਇਨ੍ਹਾਂ ਯੂਨਿਟਾਂ ਤੋਂ 200.30  ਲੱਖ ਯੂਨਿਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਟ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਤੋਂ 746.67 ਲੱਖ ਯੂਂਿਨਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਪਾਵਰਕੌਮ ਆਪਣੇ ਸਰਕਾਰੀ ਥਰਮਲਾਂ ਦੀ ਥਾਂ ਪ੍ਰਾਈਵੇਟ ਥਰਮਲਾਂ ਤੋਂ ਵੱਧ ਬਿਜਲੀ ਹਾਸਲ ਕਰ ਰਿਹਾ ਹੈ। ਇਸ ਤੋਂ ਇਲਾਵਾ ਪਾਵਰਕੌਮ ਵੱਲੋਂ ਵੱਖ ਵੱਖ ਸ੍ਰੋਤਾਂ ਤੋਂ 2108.29 ਲੱਖ ਯੂਨਿਟ ਬਿਜਲੀ ਖਰੀਦ ਕੀਤੀ ਜਾ ਰਹੀ ਹੈ ਜੋਂਕਿ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਹੈ।

ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਵੱਧਦਿਆ ਦੇਖ ਦਿਹਾਤੀ ਖੇਤਰਾਂ ਵਿੱਚ ਅਣਐਲਾਨੇ ਕੱਟ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਦਿਨ ਸਮੇਂ ਕਈ ਘੰਟੇ ਬਿਜਲੀ ਗੁੱਲ ਹੋਣ ਲੱਗੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਸਾਢੇ 13 ਹਜਾਰ ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਹੈ, ਪਰ ਉਸ ਤੋਂ ਅੱਗੇ ਮੰਗ ਵੱਧਣ ਨਾਲ ਪਾਵਰਕੌਮ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਪਾਵਰਕੌਮ ਵੱਲੋਂ ਝੋਨੇ ਦੀ ਲਾਵਈ ਲਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਨੂੰ ਪੂਰਾ ਕਰਨ ਅਜੇ ਕਿਸੇ ਪ੍ਰਕਾਰ ਦੇ ਕੱਟਾਂ ਤੋਂ ਇਨਕਾਰ ਕੀਤਾ ਗਿਆ ਹੈ। ਜੇਕਰ ਅਗਲੇ ਦਿਨਾਂ ਵਿੱਚ ਪਾਰਾ ਇਸੇ ਤਰ੍ਹਾਂ ਵੱਧਦਾ ਗਿਆ ਅਤੇ ਮੀਂਹ ਨਾ ਪਿਆ ਤਾ ਬਿਜਲੀ ਦੀ ਮੰਗ ਰਿਕਾਰਡ ਪੱਧਰ ਤੇ ਜਾ ਸਕਦੀ ਹੈ।

ਵੱਧਦੀ ਮੰਗ ਕਾਰਨ ਦੋਂ ਯੂਨਿਟ ਹੋਰ ਭਖਾਏ

ਵੱਧਦੀ ਮੰਗ ਕਾਰਨ ਪਾਵਰਕੌਮ ਵੱਲੋਂ ਦੇਰ ਸ਼ਾਮ ਆਪਣੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਭਖਾਇਆ ਗਿਆ ਹੈ। ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ ਪੰਜ ਨੰਬਰ ਯੂਨਿਟ ਚਾਲੂ ਕੀਤਾ ਗਿਆ ਹੈ। ਸਰਕਾਰੀ ਥਰਮਲ ਪਲਾਂਟਾਂ ਦੇ ਪਹਿਲਾ ਤਿੰਨ ਯੂਨਿਟ ਹੀ ਚਾਲੂ ਸਨ, ਪਰ ਦੋਂ ਯੂਨਿਟਾਂ ਨੂੰ ਦੇਰ ਸ਼ਾਮ
ਭਖਾਉਣ ਨਾਲ ਹੁਣ ਗਿਣਤੀ ਪੰਜ ਤੇ ਪੁੱਜ ਗਈ ਹੈ।

ਕਿਸੇ ਖਪਤਕਾਰ ਤੇ ਕੱਟ ਨਹੀਂ-ਏ. ਵੈਨੂੰ ਪ੍ਰਸ਼ਾਦ

ਪਾਵਰਕੌਮ ਦੇ ਸੀਐਮਡੀ ਏ.ਵੈਨੂ ਪ੍ਰਸ਼ਾਦ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਪਾਵਰਕੌਮ ਨੂੰ ਬਿਜਲੀ ਦੀ ਡਿਮਾਂਡ ਪੂਰੀ ਕਰਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੇ ਦਿਨਾਂ ਵਿੱਚ ਡਿਮਾਂਡ ਵੱਧਦੀ ਹੈ ਤਾ ਵੀ ਪੂਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕਿਸੇ ਵੀ ਖਪਤਕਾਰ ਤੇ ਬਿਜਲੀ ਕੱਟ ਨਹੀਂ ਲਗਾਏ ਜਾ ਰਹੇ। ਉਨ੍ਹਾਂ ਕਿਹਾ ਕਿ ਕਈ ਵਾਰ ਤਕਨੀਕੀ ਖ਼ਰਾਬੀ ਕਾਰਨ ਹੀ ਬਿਜਲੀ ਸਪਲਾਈ ਗੁੱਲ ਹੁੰਦੀ ਹੈ, ਜਿਸ ਨੂੰ ਕਿ ਜਲਦੀ ਠੀਕ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਸਮੂਹ ਕਰਮਚਾਰੀ ਸੀਜ਼ਨ ਦੌਰਾਨ ਆਪਣੀ ਜੀ ਜਾਨ ਨਾਲ ਡਿਊਟੀ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।