ਸਰਕਾਰੀ ਹਸਪਤਾਲਾਂ ‘ਚ ਨਹੀਂ ਡੇਂਗੂ ਦਾ ਮੁਫ਼ਤ ਇਲਾਜ

Dengue, Free Treatment, Available, Government Hospitals

ਗਰੀਬ ਹੋ ਰਹੇ ਹਨ ਲੁੱਟ ਦਾ ਸ਼ਿਕਾਰਟ ਫਾਈਲ ਖ਼ਰਚ 60 ਰੁਪਏ ਤਾਂ 30 ਰੁਪਏ ਲਿਆ ਜਾ ਰਿਹਾ ਐ ਰੋਜ਼ਾਨਾ ਬੈੱਡ ਖ਼ਰਚ

ਪਲੇਟਲੈਟਸ ਹੋ ਗਏ ਘੱਟ ਤਾਂ ਕਿੱਟ ਦਾ 8 ਤੋਂ 10 ਹਜ਼ਾਰ ਰੁਪਏ ਦੇਣਾ ਪਏਗਾ ਖ਼ਰਚ

ਸਰਕਾਰੀ ਪਲੇਟਲੈਟਸ ‘ਤੇ ਵੀ ਦੇਣੇ ਪੈ ਰਹੇ ਹਨ 3200 ਤੋਂ 4 ਹਜ਼ਾਰ ਰੁਪਏ

ਅਸ਼ਵਨੀ ਚਾਵਲਾ, ਚੰਡੀਗੜ੍ਹ

ਇੱਕ ਮੱਛਰ ਦੇ ਕੱਟਣ ਤੋਂ ਬਾਅਦ ਪੰਜਾਬ ਦੀ ਗਰੀਬ ਜਨਤਾ ਨੂੰ ਪ੍ਰਾਈਵੇਟ ਤਾਂ ਦੂਰ ਸਰਕਾਰੀ ਹਸਪਤਾਲਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿੱਥੇ ਕਿ ਡੇਂਗੂ ਦੇ ਮਰੀਜ਼ ਦਾਖਲ ਹੋਣ ਤੋਂ ਤੁਰੰਤ ਬਾਅਦ ਹੀ ਫਾਈਲ ਖ਼ਰਚ ਤੋਂ ਲੈ ਕੇ ਰੋਜ਼ਾਨਾ ਬੈੱਡ ਖ਼ਰਚ ਤੱਕ ਭਰਵਾ ਲਿਆ ਜਾਂਦਾ ਹੈ, ਉੱਥੇ ਹੀ ਜੇਕਰ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਚੜਵਾਉਣੇ ਪੈ ਜਾਣ ਤਾਂ 8 ਤੋਂ 10 ਹਜ਼ਾਰ ਤੱਕ ਦਾ ਖ਼ਰਚਾ ਆਮ ਗਰੀਬ ਵਿਅਕਤੀ ਨੂੰ ਹੀ ਆਪਣੀ ਜੇਬ ‘ਚੋਂ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਡੇਂਗੂ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇਣ ਦਾ ਰਾਗ ਅਲਾਪਦੇ ਆ ਰਹੇ ਹਨ ਪਰ ਜ਼ਮੀਨੀ ਹਕੀਕਤ ਉਨ੍ਹਾਂ ਦੇ ਰਾਗ ਤੋਂ ਬਿਲਕੁਲ ਉਲਟ ਹੈ।

ਜਾਣਕਾਰੀ ਅਨੁਸਾਰ ਸਤੰਬਰ ਤੇ ਅਕਤੂਬਰ ਦੇ ਮਹੀਨੇ ਤੋਂ ਹਰ ਸਾਲ ਡੇਂਗੂ ਦਾ ਮੱਛਰ ਨਾ ਸਿਰਫ਼ ਪੈਦਾ ਹੁੰਦਾ ਹੈ, ਸਗੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੋਇਆ ਉਨ੍ਹਾਂ ਨੂੰ ਹਸਪਤਾਲ ਦੇ ਦਰਸ਼ਨ ਤੱਕ ਵੀ ਕਰਵਾ ਦਿੰਦਾ ਹੈ। ਡੇਂਗੂ ਦੇ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਮੁਫ਼ਤ ਇਲਾਜ ਦੇਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਵਿੱਚ ਸਿਹਤ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੇਂਗੂ ਦੇ ਮਰੀਜ਼ ਨੂੰ ਇੱਕ ਪੈਸਾ ਵੀ ਇਲਾਜ ਦੌਰਾਨ ਖ਼ਰਚ ਨਹੀਂ ਕਰਨਾ ਪੈਣਾ ਹੈ।

ਜਦੋਂ ਕਿ ਅਸਲ ਸੱਚਾਈ ‘ਚ ਪਲੇਟਲੈਟਸ ਕਿੱਟ ਸਰਕਾਰੀ ਖ਼ਰਚ ‘ਤੇ ਦੇਣੀ ਤਾਂ ਦੂਰ ਡੇਂਗੂ ਦੇ ਮਰੀਜ਼ਾਂ ਤੋਂ ਫਾਈਲ ਖ਼ਰਚ ਤੋਂ ਲੈ ਕੇ ਬੈੱਡ ਖਰਚ ਤੱਕ ਲਿਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ‘ਚ ਡੋਨਰ ਰਾਹੀਂ ਪਲੇਟਲੈਟਸ ਚੜ੍ਹਾਏ ਜਾਣ ਤਾਂ ਕਿੱਟ ਪ੍ਰਾਈਵੇਟ ਤੌਰ ‘ਤੇ ਮੰਗਵਾਈ ਜਾਂਦੀ ਹੈ। ਉਸ ‘ਤੇ 10 ਹਜ਼ਾਰ ਤੱਕ ਖ਼ਰਚ ਹੁੰਦਾ ਹੈ ਤੇ ਜੇਕਰ ਬਲੱਡ ਬੈਂਕ ਵਿੱਚ ਪਏ ਖੂਨ ‘ਚੋਂ ਪਲੇਟਲੈਟਸ ਕੱਢ ਕੇ ਚੜ੍ਹਵਾਏ ਜਾਣ ਤਾਂ 3200 ਰੁਪਏ ਤੋਂ 4 ਹਜ਼ਾਰ ਖ਼ਰਚ ਹੁੰਦਾ ਹੈ। ਇੱਕ ਮਰੀਜ਼ ਨੂੰ ਘੱਟ ਤੋਂ ਘੱਟ 4 ਖੂਨ ਦੀਆਂ ਬੋਤਲਾਂ ‘ਚੋਂ ਪਲੇਟਲੈਟਸ ਕੱਢ ਕੇ ਚੜ੍ਹਵਾਏ ਜਾਂਦੇ ਹਨ।

ਮੰਤਰੀ ਨੂੰ ਨਹੀਂ ਕੋਈ ਜਾਣਕਾਰੀ, ਕਹਿੰਦੇ ਪੁੱਛ ਕੇ ਦੱਸਾਂਗੇ?

ਵਿਰੋਧੀ ਧਿਰ ‘ਚ ਰਹਿੰਦੇ ਹੋਏ ਡੇਂਗੂ ਮੱਛਰ ਨਾਲ ਹੋਣ ਵਾਲੀ ਮੌਤ ‘ਤੇ ਵੱਡਾ-ਵੱਡਾ ਬਿਆਨ ਦੇਣ ਵਾਲੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਇਹ ਹੀ ਜਾਣਕਾਰੀ ਨਹੀਂ ਕਿ ਉਨ੍ਹਾਂ ਦੇ ਸਰਕਾਰੀ ਹਸਪਤਾਲਾਂ ‘ਚ ਡੇਂਗੂ ਦਾ ਮੁਫ਼ਤ ਇਲਾਜ ਹੁੰਦਾ ਹੈ ਜਾਂ ਫਿਰ ਨਹੀਂ ਹੁੰਦਾ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਤਾਂ ਮੁਫ਼ਤ ਹੁੰਦਾ ਹੈ ਪਰ ਜੇਕਰ ਕਿੱਟ ਤੇ ਹੋਰ ਖ਼ਰਚ ‘ਤੇ ਮਰੀਜ਼ ਨੂੰ ਖ਼ਰਚਾ ਕਰਨਾ ਪੈ ਰਿਹਾ ਹੈ ਤਾਂ ਉਹ ਅਧਿਕਾਰੀਆਂ ਤੋਂ ਪਤਾ ਕਰਕੇ ਦੱਸਣਗੇ।

ਡੇਂਗੂ ਮਰੀਜ਼ ਦਾ ਕਿਸ ‘ਤੇ ਕਿੰਨਾ ਐ ਖਰਚ?

ਫਾਈਲ ਖ਼ਰਚ   60 ਰੁਪਏ
ਰੋਜ਼ਾਨਾ ਬੈੱਡ ਖ਼ਰਚ  30 ਰੁਪਏ
ਪਲੇਟਲੈਟਸ ਕਿੱਟ  10 ਹਜ਼ਾਰ ਰੁਪਏ ਤੱਕ
ਸਰਕਾਰੀ ਪਲੇਟਲੈਟਸ  4 ਹਜ਼ਾਰ ਰੁਪਏ ਤੱਕ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।